ਬਿਆਨ ਦਰਜ ਕਰਵਾਉਣ ਲਈ ਦੋਹਾਂ ਗਵਾਹਾਂ ’ਚੋਂ ਕੋਈ ਗਵਾਹ ਨਹੀਂ ਆਇਆ
ਨਵੀਂ ਦਿੱਲੀ: ਦਿੱਲੀ ਦੀ ਰਾਊਜ਼ ਐਵੀਨਿਊ ਅਦਾਲਤ ’ਚ 1984 ਦੇ ਸਿੱਖ ਕਤਲੇਆਮ ਕੇਸ ’ਚ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁਧ ਦਰਜ ਮਾਮਲੇ ’ਚ ਮੰਗਲਵਾਰ ਨੂੰ ਕਿਸੇ ਵੀ ਗਵਾਹ ਦਾ ਬਿਆਨ ਦਰਜ ਨਹੀਂ ਹੋ ਸਕਿਆ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਮਾਮਲੇ ਦੀ ਅਗਲੀ ਸੁਣਵਾਈ 27 ਅਗੱਸਤ ਨੂੰ ਤੈਅ ਕੀਤੀ ਹੈ। ਅੱਜ ਦੋ ਗਵਾਹਾਂ ਕੰਵਲਜੀਤ ਕੌਰ ਅਤੇ ਬਲਵਿੰਦਰ ਕੌਰ ਧਾਲੀਵਾਲ ਦੇ ਬਿਆਨ ਦਰਜ ਕੀਤੇ ਜਾਣੇ ਸਨ। ਜਾਂਚ ਅਧਿਕਾਰੀ ਨੇ ਦਸਿਆ ਕਿ ਗਵਾਹ ਕੰਵਲਜੀਤ ਕੌਰ ਵਿਆਹ ’ਚ ਅਪਣੇ ਪਿੰਡ ਗਈ ਹੋਈ ਸੀ, ਇਸ ਲਈ ਉਹ ਅਦਾਲਤ ’ਚ ਪੇਸ਼ ਨਹੀਂ ਹੋ ਸਕੀ। ਦੂਜੀ ਗਵਾਹ ਬਲਵਿੰਦਰ ਕੌਰ ਧਾਲੀਵਾਲ ਇਸ ਸਮੇਂ ਫਿਰੋਜ਼ਪੁਰ ’ਚ ਸੀਨੀਅਰ ਡਵੀਜ਼ਨ ਸਿਵਲ ਜੱਜ ਹੈ।
ਫਿਰੋਜ਼ਪੁਰ ਦੇ ਜ਼ਿਲ੍ਹਾ ਜੱਜ ਨੇ ਈ-ਮੇਲ ਰਾਹੀਂ ਕਿਹਾ ਹੈ ਕਿ ਧਾਲੀਵਾਲ ਦੀ ਗਵਾਹੀ ਤੋਂ ਇਕ ਮਹੀਨਾ ਪਹਿਲਾਂ ਜਾਣਕਾਰੀ ਦਿਤੀ ਜਾਵੇ ਅਤੇ ਉਸ ਦਾ ਬਿਆਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੀਡੀਉ ਕਾਨਫਰੰਸਿੰਗ ਨਿਯਮਾਂ ਤਹਿਤ ਵੀਡੀਉ ਕਾਨਫਰੰਸਿੰਗ ਰਾਹੀਂ ਦਿਤਾ ਜਾਵੇ। ਅੱਜ ਇਸ ਕੇਸ ਦੇ ਸਰਕਾਰੀ ਵਕੀਲ ਵੀ ਛੁੱਟੀ ’ਤੇ ਸਨ, ਜਿਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਮੁਲਤਵੀ ਕਰ ਦਿਤੀ। ਅਦਾਲਤ ਨੇ ਸਰਕਾਰੀ ਵਕੀਲ ਨੂੰ ਸੁਣਵਾਈ ਦੀ ਅਗਲੀ ਤਰੀਕ ’ਤੇ ਦੱਸਣ ਲਈ ਕਿਹਾ ਕਿ ਕੀ ਉਹ ਬਲਵਿੰਦਰ ਕੌਰ ਧਾਲੀਵਾਲ ਦਾ ਬਿਆਨ ਦਰਜ ਕਰਨਾ ਚਾਹੁੰਦੇ ਹਨ ਜਾਂ ਨਹੀਂ।
19 ਜੁਲਾਈ ਨੂੰ ਗਵਾਹ ਤੇਜੇਂਦਰ ਸਿੰਘ ਦਾ ਬਿਆਨ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 11 ਜਨਵਰੀ ਨੂੰ ਗਵਾਹ ਹਰਜੀਤ ਕੌਰ ਦਾ ਬਿਆਨ ਦਰਜ ਕੀਤਾ ਗਿਆ ਸੀ। 7 ਦਸੰਬਰ 2023 ਨੂੰ ਦੋ ਗਵਾਹਾਂ ਤਿਲਕ ਰਾਜ ਨਰੂਲਾ ਅਤੇ ਇੰਦਰਜੀਤ ਸਿੰਘ ਨੇ ਅਪਣੇ ਬਿਆਨ ਦਰਜ ਕਰਵਾਏ। 9 ਨਵੰਬਰ 2023 ਨੂੰ ਗਵਾਹ ਮਨਜੀਤ ਕੌਰ ਨੇ ਅਪਣੇ ਬਿਆਨ ਦਰਜ ਕਰਵਾਏ। ਮਨਜੀਤ ਕੌਰ ਨੇ ਕਿਹਾ ਸੀ, ‘‘ਮੈਂ ਭੀੜ ਦੇ ਲੋਕਾਂ ਤੋਂ ਸੁਣਿਆ ਸੀ ਕਿ ਸੱਜਣ ਕੁਮਾਰ ਭੀੜ ਦਾ ਹਿੱਸਾ ਸੀ ਪਰ ਸੱਜਣ ਕੁਮਾਰ ਨੂੰ ਅੱਖਾਂ ਨਾਲ ਨਹੀਂ ਵੇਖਿਆ।’’ ਅਦਾਲਤ ਨੇ 12 ਅਕਤੂਬਰ 2023 ਨੂੰ ਦੋ ਗਵਾਹਾਂ ਦੇ ਬਿਆਨ ਦਰਜ ਕੀਤੇ ਸਨ। 21 ਸਤੰਬਰ, 2023 ਨੂੰ ਅਦਾਲਤ ਨੇ ਸੱਜਣ ਕੁਮਾਰ ਵਿਰੁਧ ਕਤਲ ਦੇ ਦੋਸ਼ੀਆਂ ਨਾਲ ਸਬੰਧਤ ਬੇਲੋੜੇ ਦਸਤਾਵੇਜ਼ਾਂ ਅਤੇ ਗਵਾਹਾਂ ਦੇ ਬਿਆਨਾਂ ਨੂੰ ਰੀਕਾਰਡ ਤੋਂ ਹਟਾਉਣ ਦਾ ਹੁਕਮ ਦਿਤਾ ਸੀ।
ਅਦਾਲਤ ਨੇ 23 ਅਗੱਸਤ 2023 ਨੂੰ ਸੱਜਣ ਕੁਮਾਰ ਵਿਰੁਧ ਦੋਸ਼ ਤੈਅ ਕੀਤੇ ਸਨ। ਅਦਾਲਤ ਨੇ ਸੱਜਣ ਕੁਮਾਰ ਵਿਰੁਧ ਭਾਰਤੀ ਦੰਡਾਵਲੀ ਦੀਆਂ ਕਈ ਧਾਰਾਵਾਂ ਤਹਿਤ ਦੋਸ਼ ਤੈਅ ਕਰਨ ਦੇ ਹੁਕਮ ਦਿਤੇ ਸਨ। ਹਾਲਾਂਕਿ, ਅਦਾਲਤ ਨੇ ਐਸ.ਆਈ.ਟੀ. ਵਲੋਂ ਸੱਜਣ ਕੁਮਾਰ ਵਿਰੁਧ ਲਗਾਈ ਗਈ ਕਤਲ ਦੀ ਧਾਰਾ ਨੂੰ ਹਟਾਉਣ ਦੇ ਹੁਕਮ ਦਿਤੇ ਸਨ। ਸੁਣਵਾਈ ਦੌਰਾਨ ਅਦਾਲਤ ਨੂੰ ਦਸਿਆ ਗਿਆ ਕਿ ਸੱਜਣ ਕੁਮਾਰ ਇਸ ਮਾਮਲੇ ’ਚ ਹਿਰਾਸਤ ’ਚ ਨਹੀਂ ਹੈ, ਸੱਜਣ ਕੁਮਾਰ ਇਸ ਮਾਮਲੇ ’ਚ ਜ਼ਮਾਨਤ ’ਤੇ ਹੈ।
ਇਹ ਕੇਸ ਜਨਕਪੁਰੀ ਦਾ ਹੈ ਜਿੱਥੇ ਸੋਹਣ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ 1 ਨਵੰਬਰ 1984 ਨੂੰ ਜਨਕਪੁਰੀ ’ਚ 1984 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਨ। ਜਦਕਿ ਗੁਰਚਰਨ ਸਿੰਘ ਨੂੰ ਵਿਕਾਸਪੁਰੀ ਥਾਣਾ ਖੇਤਰ ’ਚ ਸਾੜ ਕੇ ਮਾਰ ਦਿਤਾ ਗਿਆ ਸੀ। ਸਾਲ 2015 ’ਚ ਐਸ.ਆਈ.ਟੀ. ਨੇ ਇਨ੍ਹਾਂ ਦੋਹਾਂ ਮਾਮਲਿਆਂ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ।