
ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਹੋਏ ਹਾਦਸੇ ਵਿਚ ਮਾਰੇ ਗਏ 17 ਪ੍ਰਵਾਸੀ ਮਜ਼ਦੂਰਾਂ 'ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਿੱਪਣੀ ਕੀਤੀ ਹੈ।
ਨਵੀਂ ਦਿੱਲੀ: ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਹੋਏ ਹਾਦਸੇ ਵਿਚ ਮਾਰੇ ਗਏ 17 ਪ੍ਰਵਾਸੀ ਮਜ਼ਦੂਰਾਂ 'ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਿੱਪਣੀ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮਜ਼ਦੂਰ ਭਰਾਵਾਂ-ਭੈਣਾਂ ਦੀ ਰੇਲਗੱਡੀ ਹੇਠ ਆਉਣ ਕਾਰਨ ਹੋਈ ਮੌਤ ਦੀ ਖ਼ਬਰ ਸੁਣ ਕੇ ਹੈਰਾਨ ਹਾਂ।
Photo
ਉਹਨਾਂ ਕਿਹਾ ਕਿ ਰਾਸ਼ਟਰ ਨਿਰਮਾਣਕਰਤਾਵਾਂ ਨਾਲ ਕੀਤੇ ਜਾ ਰਹੇ ਵਰਤਾਅ 'ਤੇ ਸ਼ਰਮ ਆਉਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ, 'ਮਾਲਗੱਡੀ ਨਾਲ ਕੁਚਲੇ ਜਾਣ ਨਾਲ ਮਜ਼ਦੂਰ ਭਰਾਵਾਂ-ਭੈਣਾਂ ਦੀ ਮੌਤ ਦੀ ਖ਼ਬਰ ਨਾਲ ਹੈਰਾਨ ਹਾਂ। ਸਾਨੂੰ ਅਪਣੇ ਰਾਸ਼ਟਰ ਨਿਰਮਾਣ ਕਰਤਾਵਾਂ ਨਾਲ ਕੀਤੇ ਜਾ ਰਹੇ ਵਰਤਾਅ 'ਤੇ ਸ਼ਰਮ ਆਉਣੀ ਚਾਹੀਦੀ ਹੈ। ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ ਅਤੇ ਜ਼ਖਮੀਆਂ ਦੇ ਜਲਦ ਹੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ'।
Photo
ਇਸ ਤੋਂ ਇਲਾਵਾ ਮੁੰਬਈ ਤੋਂ ਕਾਂਗਰਸ ਨੇਤਾ ਸੰਜੇ ਨਿਰੁਪਮ ਨੇ ਮਹਾਰਾਸ਼ਟਰ ਸਰਕਾਰ ਅਤੇ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਹੈ। ਉਹਨਾਂ ਨੇ ਲਿਖਿਆ, 'ਸਵੇਰੇ ਸਾਢੇ ਛੇ ਵਜੇ ਦੇ ਹਾਦਸੇ ਦਾ ਇਹ ਭਿਆਨਕ ਦ੍ਰਿਸ਼। 17 ਪ੍ਰਵਾਸੀ ਮਜ਼ਦੂਰਾਂ ਨੂੰ ਇਕ ਮਾਲਗੱਡੀ ਨੇ ਕੁਚਲ ਦਿੱਤਾ।'
Photo
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਮਾਲ ਗੱਡੀ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਰੇਲਵੇ ਟਰੈਕਾਂ 'ਤੇ ਕੁਚਲ ਦਿੱਤਾ। ਇਹ ਹਾਦਸਾ ਔਰੰਗਾਬਾਦ ਦੀ ਜਾਲਨਾ ਰੇਲਵੇ ਲਾਈਨ ਨੇੜੇ ਵਾਪਰਿਆ, ਜਿਸ ਵਿਚ 17 ਮਜ਼ਦੂਰ ਮਾਰੇ ਗਏ ਅਤੇ ਕਈ ਹੋਰ ਮਜ਼ਦੂਰ ਜ਼ਖਮੀ ਦੱਸੇ ਜਾ ਰਹੇ ਹਨ।
Photo
ਇਹ ਹਾਦਸਾ ਸ਼ੁੱਕਰਵਾਰ ਸਵੇਰੇ 6.30 ਵਜੇ ਔਰੰਗਾਬਾਦ-ਜਾਲਨਾ ਰੇਲਵੇ ਲਾਈਨ 'ਤੇ ਵਾਪਰਿਆ।ਇਹ ਸਾਰੇ ਪ੍ਰਵਾਸੀ ਮਜ਼ਦੂਰ ਛੱਤੀਸਗੜ ਵਿਚ ਆਪਣੇ ਘਰ ਜਾ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।