
ਕਿਹਾ, ਜੇਕਰ ਧਰਮਵੀਰ ਗਾਂਧੀ ਨੇ ਪੰਜ ਸਾਲਾਂ ਵਿਚ ਸੰਸਦ ’ਚ 15 ਸਵਾਲ ਪੁੱਛੇ ਤਾਂ ਪ੍ਰਨੀਤ ਕੌਰ ਨੇ 27 ਸਵਾਲ ਪੁੱਛੇ
Punjab News: ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਪਟਿਆਲਾ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਾੜਿੰਗ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਨੀਤ ਕੌਰ 'ਤੇ ’ਤੇ ਸ਼ਬਦੀ ਵਾਰ ਕੀਤੇ। ਰਾਜਾ ਵੜਿੰਗ ਦੇ ਬਿਆਨਾਂ ਦਾ ਵਿਰੋਧ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਰਾਜਾ ਵਾੜਿੰਗ ਨੇ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਕਿ ਧਰਮਵੀਰ ਗਾਂਧੀ ਨੇ ਸੰਸਦ ਵਿਚ ਪ੍ਰਨੀਤ ਕੌਰ ਤੋਂ ਵੱਧ ਸਵਾਲ ਪੁੱਛੇ ਹਨ।
ਬਲੀਏਵਾਲ ਨੇ ਕਿਹਾ, ‘ਰਾਜਾ ਵਾੜਿੰਗ ਵਿਚ ਸ਼ਾਇਦ ਜਾਣਕਾਰੀ ਦੀ ਘਾਟ ਹੈ ਜਾਂ ਉਸ ਦਾ ਗਣਿਤ ਕਮਜ਼ੋਰ ਹੈ, ਜਿਸ ਨੂੰ ਜਲਦੀ ਠੀਕ ਕਰਨ ਦੀ ਲੋੜ ਹੈ’। ਉਨ੍ਹਾਂ ਕਿਹਾ ਕਿ ਸੰਸਦ ਦਾ ਆਨਲਾਈਨ ਪੋਰਟਲ ਇਸ ਗੱਲ ਦੀ ਸਪੱਸ਼ਟ ਗਵਾਹੀ ਦੇ ਰਿਹਾ ਹੈ ਕਿ ਧਰਮਵੀਰ ਗਾਂਧੀ ਨੇ ਪੰਜ ਸਾਲ ਲੋਕ ਸਭਾ ਮੈਂਬਰ ਰਹਿੰਦਿਆਂ 15 ਸਵਾਲ ਪੁੱਛੇ ਜਦਕਿ ਪ੍ਰਨੀਤ ਕੌਰ ਨੇ ਵਿਦੇਸ਼ਾਂ ਵਿਚ ਫਸੇ ਬੱਚਿਆਂ ਦੀ ਸੁਰੱਖਿਆ ਦਾ ਮੁੱਦਾ ਚੁੱਕਣ ਦੇ ਨਾਲ-ਨਾਲ ਕੁੱਲ 27 ਸਵਾਲ ਪੁੱਛੇ।
ਉਨ੍ਹਾਂ ਕਿਹਾ, ‘ਇੰਨਾ ਹੀ ਨਹੀਂ ਧਰਮਵੀਰ ਗਾਂਧੀ ਦੀ ਸੰਸਦ ਵਿਚ ਹਾਜ਼ਰੀ 55 ਫ਼ੀ ਸਦੀ ਸੀ, ਜਦਕਿ ਪ੍ਰਨੀਤ ਕੌਰ ਦੀ ਸੰਸਦ ਵਿਚ ਹਾਜ਼ਰੀ 85 ਫ਼ੀ ਸਦੀ ਸੀ”।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਧਰਮਵੀਰ ਗਾਂਧੀ, ਜਿਨ੍ਹਾਂ ਨਾਲ ਅੱਜ ਰਾਜਾ ਵਾੜਿੰਗ ਅਪਣੇ ਵਰਕਰਾਂ ਵਿਚ ਪਹੁੰਚੇ, ਉਹ ਭਲੀਭਾਂਤ ਜਾਣਦੇ ਹਨ ਕਿ ਪਿਛਲੇ ਸਾਲ ਹੜ੍ਹਾਂ ਦੇ ਦਿਨਾਂ ਦੌਰਾਨ ਖੁਦ ਧਰਮਵੀਰ ਗਾਂਧੀ ਅਤੇ ਰਾਜਾ ਵਾੜਿੰਗ ਕਿੱਥੇ ਸਨ। ਇਸ ਦੇ ਉਲਟ ਪ੍ਰਨੀਤ ਕੌਰ ਅਪਣੇ ਪਰਿਵਾਰ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨ ਵਿਚ ਲੱਗੇ ਹੋਈ ਸਨ ਅਤੇ ਸਮਾਣਾ ਖੇਤਰ ਵਿਚ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਨੇ ਲੋੜਵੰਦਾਂ ਦੀ ਮਦਦ ਕਰਨ ਦਾ ਵਿਰੋਧ ਕੀਤਾ ਸੀ।
ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਪ੍ਰਨੀਤ ਕੌਰ ਤੋਂ ਬਾਅਦ ਉਨ੍ਹਾਂ ਦੀ ਪਾਰਟੀ 'ਚ ਅਜਿਹਾ ਕੋਈ ਵੀ ਆਗੂ ਨਹੀਂ ਸੀ ਜੋ ਉਨ੍ਹਾਂ ਦੇ ਸਾਹਮਣੇ ਚੋਣ ਮੁਕਾਬਲਾ ਲੜ ਸਕੇ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿਚ ਕਾਂਗਰਸ ਵਿਚ ਥਾਂ ਦੇ ਕੇ ਆਮ ਆਦਮੀ ਤੋਂ ਦੂਰ ਹੋਏ ਧਰਮਵੀਰ ਗਾਂਧੀ ਨੂੰ ਮੈਦਾਨ ਵਿਚ ਉਤਾਰਨਾ ਪਿਆ। ਰਾਜਾ ਵਾੜਿੰਗ 'ਤੇ ਚੁਟਕੀ ਲੈਂਦਿਆਂ ਬਲੀਏਵਾਲ ਨੇ ਕਿਹਾ ਕਿ ਰਾਜਾ ਵਾੜਿੰਗ ਦੀ ਕਾਰ ਦੇ ਟਾਇਰ ਪਟਿਆਲਾ ਵਿਖੇ ਚੱਕਰ ਲਗਾ-ਲਗਾ ਕੇ ਘੱਸ ਗਏ, ਪਰ ਉਹ ਕਾਂਗਰਸੀ ਉਮੀਦਵਾਰ ਦੇ ਨਾਮਜ਼ਦਗੀ ਪ੍ਰੋਗਰਾਮ ਲਈ ਅਪਣੇ ਵਰਕਰਾਂ ਦਾ ਇਕੱਠ ਵੀ ਠੀਕ ਤਰਾਂ ਨਹੀਂ ਕਰ ਸਕੇ। ਰਾਜਾ ਵਾੜਿੰਗ ਨੂੰ ਖੁੱਲ੍ਹੀ ਚਿਤਾਵਨੀ ਦਿੰਦਿਆਂ ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਭਾਵੇਂ ਰਾਜਾ ਵਾੜਿੰਗ 1 ਜੂਨ ਤਕ ਪਟਿਆਲਾ ਵਿਚ ਰਹਿ ਕੇ ਅਪਣੇ ਉਮੀਦਵਾਰ ਦਾ ਪ੍ਰਚਾਰ ਕਰਦੇ ਰਹਿਣ, ਪਰ ਪਟਿਆਲਾ ਹਮੇਸ਼ਾ ਹੀ ਪ੍ਰਨੀਤ ਕੌਰ ਦੇ ਨਾਲ ਰਿਹਾ ਹੈ ਅਤੇ ਹਮੇਸ਼ਾ ਰਹੇਗਾ।
(For more Punjabi news apart from Pritpal Singh Baliawal Reply to Raja Warring, stay tuned to Rozana Spokesman)