
ਉੱਤਰ ਪ੍ਰਦੇਸ਼, ਪਛਮੀ ਬੰਗਾਲ, ਝਾਰਖੰਡ ਅਤੇ ਕੇਰਲ ’ਚ ਹਾਰੀ ਭਾਜਪਾ, ਤ੍ਰਿਪੁਰਾ ਅਤੇ ਉੱਤਰਾਖੰਡ ’ਚ ਜਿੱਤੀ
ਨਵੀਂ ਦਿੱਲੀ: ਦੇਸ਼ ਦੇ ਛੇ ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਦੀਆਂ ਹੋਈਆਂ ਜ਼ਿਮਨੀ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਤਿੰਨ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ, ਜਦਕਿ ਚਾਰ ਸੀਟਾਂ ’ਤੇ ਵਿਰੋਧੀ ਪਾਰਟੀਆਂ ਜੇਤੂ ਰਹੀਆਂ। ਉੱਤਰ ਪ੍ਰਦੇਸ਼ ਦੀ ਘੋਸੀ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਦੇ ਸ਼ੁਕਰਵਾਰ ਨੂੰ ਆਏ ਨਤੀਜੇ ਮੁਤਾਬਕ, ਸਮਾਜਵਾਦੀ ਪਾਰਟੀ (ਐੱਸ.ਪੀ.) ਦੇ ਉਮੀਦਵਾਰ ਸੁਧਾਕਰ ਸਿੰਘ ਨੇ ਅਪਣੇ ਨੇੜ ਮੁਕਾਬਲੇਬਾਜ਼ ਭਾਜਪਾ ਦੇ ਦਾਰਾ ਸਿੰਘ ਚੌਹਾਨ ਨੂੰ 42,759 ਵੋਟਾਂ ਦੇ ਫ਼ਰਕ ਨਾਲ ਹਰਾ ਦਿਤਾ।
ਇਹ ਵੀ ਪੜ੍ਹੋ: ਪੱਕਾ ਵਿਸ਼ਵਾਸ ਹੈ ਕਿ ਜੀ-20 ਸਿਖਰ ਸੰਮੇਲਨ ਮਨੁੱਖੀ ਕੇਂਦਰਿਤ, ਸਮਾਵੇਸ਼ੀ ਵਿਕਾਸ ਲਈ ਨਵਾਂ ਰਾਹ ਪੱਧਰਾ ਕਰੇਗਾ: ਮੋਦੀ
ਇਸ ਦੇ ਨਾਲ ਹੀ ਪਛਮੀ ਬੰਗਾਲ ਦੀ ਧੂਪਗੁੜੀ ਵਿਧਾਨ ਸਭਾ ਸੀਟ ’ਤੇ ਤ੍ਰਿਣਮੂਲ ਕਾਂਗਰਸ, ਕੇਰਲ ਦੇ ਪੁਤੂਪੱਲੀ ਵਿਧਾਨ ਸਭਾ ਖੇਤਰ ’ਚ ਕਾਂਗਰਸ ਅਤੇ ਝਾਰਖੰਡ ਦੇ ਡੁਮਰੀ ਵਿਧਾਨ ਸਭਾ ਖੇਤਰ ’ਚ ਝਾਰਖੰਡ ਮੁਕਤੀ ਮੋਰਚਾ ਨੇ ਜਿੱਤ ਹਾਸਲ ਕੀਤੀ। ਭਾਜਪਾ ਨੇ ਤ੍ਰਿਪੁਰਾ ਦੀਆਂ ਦੋ ਅਤੇ ਉਤਰਾਖੰਡ ਦੀ ਇਕ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ’ਚ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਭੌਂ-ਰਾਜਨੀਤਿਕ ਵੰਡੀਆਂ ਵਾਲੇ ਸੰਸਾਰ ਵਿਚਕਾਰ ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਭਾਰਤ ਤਿਆਰ
ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘ਅੱਜ ਦੀ ਖ਼ਬਰ ਜੀ20 ਆਗੂਆਂ ਦੀ ਆਮਦ ਨਹੀਂ। ਸਪੱਸ਼ਟ ਰੂਪ ’ਚ ਜੇਤੂ ‘ਇੰਡੀਆ’ ਹੈ। ‘ਇੰਡੀਆ’ ਨੇ ਭਾਜਪਾ ਨੂੰ 4:3 ਨਾਲ ਹਰਾਇਆ।’’