ਵਿਰੋਧੀਆਂ ਨੇ ਵੜਿੰਗ ’ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲਗਾਇਆ ਆਰੋਪ
ਤਰਨ ਤਾਰਨ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਇਕ ਹੋਰ ਨਵੇਂ ਵਿਵਾਦ ਵਿਚ ਘਿਰ ਗਏ ਹਨ। ਸ਼ਨੀਵਾਰ ਨੂੰ ਤਰਨ ਤਾਰਨ ਉਪ ਚੋਣ ਲਈ ਚੋਣ ਪ੍ਰਚਾਰ ਕਰਦੇ ਸਮੇਂ ਰਾਜਾ ਵੜਿੰਗ ਨੇ ਦੋ ਸਿੱਖ ਬੱਚਿਆਂ ਦੇ ਜੂੜੇ ਫੜੇ ਅਤੇ ਕਿਹਾ ਕਿੱਧਰ ਚੱਲੇ ਦੋ ਸਰਦਾਰ, ਟੂੰਂ, ਟੂੰਂ, ਟੂੰਂ। ਰਾਜਾ ਵੜਿੰਗ ਦੀ ਇਸ ਹਰਕਤ ’ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਅਤੇ ਉਨ੍ਹਾਂ ’ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਆਰੋਪ ਲਗਾਇਆ।
ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸਿੱਖ ਕੌਮ ਦੀ ਪਹਿਚਾਣ ਕੇਸਾਂ ਨਾਲ ਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੋ ਸਰਦਾਰ ਬੱਚਿਆਂ ਦੇ ਕੇਸਾਂ ਨਾਲ ਅਜੀਬ ਹਰਕਤਾਂ ਕੀਤੀਆਂ ਹਨ ਇਸ ਸਬੰਧ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਾਜਾ ਵੜਿੰਗ ਖ਼ਿਲਾਫ਼ ਸਖਤ ਨੋਟਿਸ ਲਿਆ ਜਾਣਾ ਚਾਹੀਦਾ ਹੈ ਅਤੇ ਰਾਜਾ ਵੜਿੰਗ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਾਰ-ਵਾਰ ਠੇਸ ਪਹੁੰਚਾ ਕੇ ਕਾਂਗਰਸੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਦਾ ਜਵਾਬ ਪੰਜਾਬੀਆਂ ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਵਿਚ ਵਧੀਆ ਤਰੀਕੇ ਨਾਲ ਦਿੱਤਾ ਜਾਵੇਗਾ। ਮਾਲਵਿੰਦਰ ਕੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਖ ਬੱਚਿਆਂ ਦੇ ਕੇਸਾਂ ਨਾਲ ਛੇੜਛਾੜ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਾ ਵੜਿੰਗ ਦੀ ਹਰਕਤ ਨੂੰ ਸਿੱਖ ਧਰਮ ਦੀ ਬੇਅਦਬੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਅਜਿਹਾ ਕਰਕੇ ਸਿੱਖ ਮਰਿਆਦਾ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦਾ ਅਪਮਾਨ ਕਰਨਾ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਆਗੂਆਂ ਦੀ ਆਦਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਕੇਸਾਂ (ਵਾਲ਼ਾਂ) ਦੀ ਅਨਮੋਲ ਸੌਗਾਤ ਬਖਸ਼ੀ ਹੈ। ਕੇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਿੱਖਾਂ ਨੂੰ ਬਖਸ਼ੇ ਗਏ ਪੰਜ ਕਕਾਰਾਂ ਵਿਚੋਂ ਇਕ ਹਨ ਜਿਨ੍ਹਾਂ ਦਾ ਰਾਜਾ ਵੜਿੰਗ ਵੱਲੋਂ ਮਜਾਕ ਉਡਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਪੰਜਾਬ ’ਚ ਪੈਦਾ ਹੋਣ ਦੇ ਬਾਵਜੂਦ ਵੀ ਇਹ ਸਮਝ ਨਹੀਂ ਹੈ ਕਿ ਸਿੱਖਾਂ ਦੇ ਲਈ ਕੇਸ ਅਤੇ ਜੂੜਾ ਕਿੰਨੀ ਅਹਿਮੀਅਤ ਰੱਖਦਾ ਹੈ।
