
ਖੜਗੇ, ਸੋਨੀਆ ਗਾਂਧੀ ਅਤੇ ਅਧੀਰ ਨੂੰ ਮਿਲਿਆ ਸੀ ਪ੍ਰੋਗਰਾਮ ਦਾ ਸੱਦਾ
- ਕਿਹਾ, ਇਹ ਭਾਰਤੀ ਜਨਤਾ ਪਾਰਟੀ ਅਤੇ ਕੌਮੀ ਸਵੈਮ ਸੇਵਕ ਸੰਘ ਦਾ ਪ੍ਰੋਗਰਾਮ ਹੈ
- ਚੋਣ ਲਾਭ ਲਈ ‘ਅੱਧੇ ਬਣੇ ਮੰਦਰ’ ਦਾ ਉਦਘਾਟਨ ਕਰਨ ਦਾ ਦਾਅਵਾ ਕੀਤਾ
ਨਵੀਂ ਦਿੱਲੀ: ਕਾਂਗਰਸ ਨੇ ਬੁਧਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਲੋਕ ਸਭਾ ’ਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਅਯੁੱਧਿਆ ’ਚ ਰਾਮ ਮੰਦਰ ’ਚ ਰਾਮ ਲਲਾ ਮੂਰਤੀ ਦੇ ਸਥਾਪਨਾ ਸਮਾਰੋਹ ’ਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਅਤੇ ਕੌਮੀ ਸਵੈਮਸੇਵਕ ਸੰਘ ਦਾ ਪ੍ਰੋਗਰਾਮ ਹੈ ਅਤੇ ਚੋਣ ਲਾਭ ਲਈ ‘ਅੱਧੇ ਬਣੇ ਮੰਦਰ’ ਦਾ ਉਦਘਾਟਨ ਕੀਤਾ ਜਾ ਰਿਹਾ ਹੈ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਭਗਵਾਨ ਰਾਮ ਦੀ ਪੂਜਾ ਕਰੋੜਾਂ ਭਾਰਤੀ ਕਰਦੇ ਹਨ ਅਤੇ ਧਰਮ ਮਨੁੱਖਾਂ ਦਾ ਵਿਅਕਤੀਗਤ ਮਾਮਲਾ ਹੈ ਪਰ ਸਾਲਾਂ ਤੋਂ ਭਾਜਪਾ ਅਤੇ ਆਰ.ਐਸ.ਐਸ. ਨੇ ਅਯੁੱਧਿਆ ’ਚ ਰਾਮ ਮੰਦਰ ਨੂੰ ਇਕ ‘ਸਿਆਸੀ ਪ੍ਰਾਜੈਕਟ’ ਬਣਾਇਆ ਹੈ।
ਕਾਂਗਰਸ ਦੇ ਤਿੰਨ ਪ੍ਰਮੁੱਖ ਨੇਤਾਵਾਂ ਖੜਗੇ, ਸੋਨੀਆ ਗਾਂਧੀ ਅਤੇ ਚੌਧਰੀ ਨੂੰ 22 ਜਨਵਰੀ ਨੂੰ ਹੋਣ ਵਾਲੇ ‘ਪ੍ਰਾਣ ਪ੍ਰਤਿਸ਼ਠਾ’ ਪ੍ਰੋਗਰਾਮ ਲਈ ਸੱਦਾ ਦਿਤਾ ਗਿਆ ਸੀ। ਰਮੇਸ਼ ਨੇ ਕਿਹਾ, ‘‘ਪਿਛਲੇ ਮਹੀਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਲੋਕ ਸਭਾ ’ਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਅਯੁੱਧਿਆ ’ਚ ਰਾਮ ਮੰਦਰ ਦਾ ਉਦਘਾਟਨ ਕਰਨ ਦਾ ਸੱਦਾ ਮਿਲਿਆ ਸੀ।’’
ਉਨ੍ਹਾਂ ਦਾਅਵਾ ਕੀਤਾ, ‘‘ਭਗਵਾਨ ਰਾਮ ਦੀ ਪੂਜਾ ਕਰੋੜਾਂ ਭਾਰਤੀ ਕਰਦੇ ਹਨ। ਧਰਮ ਮਨੁੱਖਾਂ ਦਾ ਨਿੱਜੀ ਮਾਮਲਾ ਰਿਹਾ ਹੈ ਪਰ ਪਿਛਲੇ ਕੁੱਝ ਸਾਲਾਂ ਤੋਂ ਭਾਜਪਾ ਅਤੇ ਆਰ.ਐਸ.ਐਸ. ਨੇ ਅਯੁੱਧਿਆ ’ਚ ਰਾਮ ਮੰਦਰ ਨੂੰ ਇਕ ਸਿਆਸੀ ਪ੍ਰਾਜੈਕਟ ਬਣਾ ਦਿਤਾ ਹੈ।’’
ਕਾਂਗਰਸ ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਇਕ ਅੱਧੇ ਬਣੇ ਮੰਦਰ ਦਾ ਉਦਘਾਟਨ ਸਿਰਫ ਚੋਣ ਲਾਭ ਲਈ ਕੀਤਾ ਜਾ ਰਿਹਾ ਹੈ। ਰਮੇਸ਼ ਨੇ ਕਿਹਾ, ‘‘ਸੁਪਰੀਮ ਕੋਰਟ ਦੇ 2019 ਦੇ ਫੈਸਲੇ ਨੂੰ ਮਨਜ਼ੂਰ ਕਰਦੇ ਹੋਏ ਅਤੇ ਲੋਕਾਂ ਦੇ ਵਿਸ਼ਵਾਸ ਦਾ ਸਨਮਾਨ ਕਰਦੇ ਹੋਏ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਅਧੀਰ ਰੰਜਨ ਚੌਧਰੀ ਨੇ ਭਾਜਪਾ ਅਤੇ ਆਰ.ਐਸ.ਐਸ. ਦੇ ਇਸ ਪ੍ਰੋਗਰਾਮ ਦੇ ਸੱਦੇ ਨੂੰ ਸਤਿਕਾਰ ਨਾਲ ਨਾਮਨਜ਼ੂਰ ਕਰਦੇ ਹਨ।’’
ਸੁਪਰੀਮ ਕੋਰਟ ਨੇ 2019 ’ਚ ਇਕ ਇਤਿਹਾਸਕ ਫੈਸਲੇ ’ਚ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ ਕਰ ਦਿਤਾ ਸੀ ਅਤੇ ਹਿੰਦੂਆਂ ਵਲੋਂ ਪਵਿੱਤਰ ਮੰਨੇ ਜਾਣ ਵਾਲੇ ਸ਼ਹਿਰ ’ਚ ਮਸਜਿਦ ਬਣਾਉਣ ਲਈ 5 ਏਕੜ ਦਾ ਬਦਲਵਾਂ ਪਲਾਟ ਅਲਾਟ ਕਰਨ ਦਾ ਹੁਕਮ ਦਿਤਾ ਸੀ। ਇਸ ਦੇ ਨਤੀਜੇ ਵਜੋਂ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਇਆ। ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ 22 ਜਨਵਰੀ ਨੂੰ ਕੀਤਾ ਜਾਵੇਗਾ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਰਹਿਣਗੇ।
ਰਾਮ ਮੰਦਰ ਦਾ ਸੱਦਾ ਰੱਦ ਕਰਨ ’ਤੇ ਭਾਜਪਾ ਨੇ ਦਿਤੀ ਪ੍ਰਤੀਕਿਰਿਆ
ਨਵੀਂ ਦਿੱਲੀ: ਭਾਜਪਾ ਨੇ ਅਯੁੱਧਿਆ ’ਚ ਰਾਮ ਮੰਦਰ ’ਚ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਚ ਸ਼ਾਮਲ ਹੋਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਨੇਤਾ ਸੋਨੀਆ ਗਾਂਧੀ ਅਤੇ ਅਧੀਰ ਰੰਜਨ ਚੌਧਰੀ ਦੇ ਸੱਦੇ ਨੂੰ ਠੁਕਰਾ ਦੇਣ ’ਤੇ ਬੁਧਵਾਰ ਨੂੰ ਵਿਰੋਧੀ ਪਾਰਟੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦਿਮਾਗ ਤ੍ਰੇਤਾ ਯੁੱਗ ’ਚ ਰਾਵਣ ਵਾਂਗ ਹੀ ਭਟਕ ਗਿਆ ਹੈ।
ਭਾਜਪਾ ਦੇ ਕੌਮੀ ਬੁਲਾਰੇ ਨਲਿਨ ਕੋਹਲੀ ਨੇ ਕਿਹਾ, ‘‘ਕਾਂਗਰਸ ਅਧਿਕਾਰਤ ਤੌਰ ’ਤੇ ਕਹਿ ਰਹੀ ਹੈ ਕਿ ਉਸ ਦੇ ਸੀਨੀਅਰ ਨੇਤਾ 22 ਜਨਵਰੀ ਨੂੰ ਅਯੁੱਧਿਆ ਨਹੀਂ ਜਾਣਗੇ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਕਿਉਂਕਿ ਪਿਛਲੇ ਕੁੱਝ ਦਹਾਕਿਆਂ ’ਚ ਉਨ੍ਹਾਂ ਨੇ ਅਸਲ ’ਚ ਅਜਿਹਾ ਕੋਈ ਕਦਮ ਨਹੀਂ ਚੁੱਕਿਆ, ਜਿਸ ਨਾਲ ਅਯੁੱਧਿਆ ’ਚ ਮੰਦਰ ਬਣ ਸਕੇ।’’
ਭਾਜਪਾ ਨੇਤਾ ਨੇ ਕਿਹਾ ਕਿ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਅਸਲ ’ਚ ਭਗਵਾਨ ਰਾਮ ਦੀ ਹੋਂਦ ਤੋਂ ਇਨਕਾਰ ਕਰਨ ਲਈ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕੀਤਾ ਸੀ।
ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਵੀ ਸੱਦਾ ਠੁਕਰਾ ਦੇਣ ਲਈ ਕਾਂਗਰਸ ਨੇਤਾਵਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ’ਚ ‘ਤ੍ਰੇਤਾ ਯੁੱਗ ਦਾ ਰਾਮ ਰਾਜ‘ ਅੱਜ ਭਾਰਤ ਵਾਪਸ ਆ ਗਿਆ ਹੈ ਅਤੇ ਜੋ ਲੋਕ 22 ਜਨਵਰੀ ਨੂੰ ਅਯੁੱਧਿਆ ’ਚ ਹੋਣ ਵਾਲੇ ਸਮਾਰੋਹ ’ਚ ਸ਼ਾਮਲ ਨਹੀਂ ਹੋਣਗੇ, ਉਨ੍ਹਾਂ ਨੂੰ ਸਾਰੀ ਉਮਰ ਪਛਤਾਵਾ ਹੋਵੇਗਾ।