ਕਿਹਾ, ਪੰਜਾਬ ਨਾਲ ਕਾਰੋਬਾਰ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਲਈ ਯਤਨ ਕਰ ਰਹੇ ਹਾਂ
ਅੰਮ੍ਰਿਤਸਰ (ਬਹੋੜੂ) : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪਹਿਲਗਾਮ ਦੀ ਦੁੱਖ ਭਰੀ ਘਟਨਾ ਤੋਂ ਬਾਅਦ ਜੰਮੂ ਕਸ਼ਮੀਰ ਦੇ ਟੂਰਿਸਟ ਤੇ ਸੈਰ ਸਪਾਟਾ ਵਿਭਾਗ ਕਾਫੀ ਪ੍ਰਭਾਵਿਤ ਹੋਇਆ ਸੀ ਪਰ ਹੁਣ ਕਾਫ਼ੀ ਹੱਦ ਤਕ ਸੈਲਾਨੀ ਹੌਲੀ ਹੌਲੀ ਆਉਣੇ ਸ਼ੁਰੂ ਹੋ ਗਏ ਹਨ। ਉਮਰ ਅਬਦੁੱਲਾ ਅੰਮ੍ਰਿਤਸਰ ਵਿਖੇ ਫੁਲਕਾਰੀ ਵੂਮੈਨਸ ਆਫ਼ ਅੰਮ੍ਰਿਤਸਰ ਵਲੋਂ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਸਨ।
ਫੁਲਕਾਰੀ ਸੰਸਥਾ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਫੁਲਕਾਰੀ ਵਲੋਂ ਕੈਂਸਰ ਜਾਗਰੂਕਤਾ ਲਈ ਚਲਾਇਆ ਜਾ ਕੰਪੇਨ ਪ੍ਰੋਗਰਾਮ ਸ਼ਲਾਗਾਯੋਗ ਹੈ। ਉਮਰ ਅਬਦੁੱਲਾ ਨੇ ਇਹ ਵੀ ਮੰਨਿਆ ਕਿ ਜੰਮੂ ਕਸ਼ਮੀਰ ਵਿਚ ਨਸ਼ੀਲੀ ਦਵਾਈਆਂ ਦਾ ਅਸਰ ਵਧਿਆ ਹੈ ਅਤੇ ਇਸ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਹਕੂਮਤ ਨਾਲ ਸਾਡੇ ਚੰਗੇ ਰਿਸ਼ਤੇ ਹਨ। ਪੰਜਾਬ ਅਤੇ ਜੰਮੂ ਕਸ਼ਮੀਰ ਦੇ ਆਪਸੀ ਭਾਈਚਾਰਾ ਅਤੇ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਹੋਰ ਵੀ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਵੀ ਮੁੱਖ ਮੰਤਰੀ ਆ ਜਾਵੇ ਸਾਡੇ ਰਿਸ਼ਤੇ ਹਮੇਸ਼ਾ ਚੰਗੇ ਰਹੇ ਹਨ। ਕਈ ਵਾਰ ਰਿਸ਼ਤਿਆਂ ਵਿਚ ਖਟਾਸ ਜ਼ਰੂਰ ਆ ਜਾਂਦੀ ਹੈ, ਪਰ ਉਸ ਨੂੰ ਦੂਰ ਕਰ ਲਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਲੇਹ ਲੱਦਾਖ਼ ਦਾ ਬੇੜਾ ਗਰਕ ਕਰ ਦਿਤਾ ਹੈ। ਜੰਮੂ ਕਸ਼ਮੀਰ ਦੇ ਮੈਡੀਕਲ ਕਾਲਜ ਨੂੰ ਹੀ ਬੰਦ ਕਰ ਦਿਤਾ ਹੈ, ਜੋ ਕਿ ਬੇਹਦ ਨਿੰਦਣਯੋਗ ਹੈ। ਜੰਮੂ ਕਸ਼ਮੀਰ ਵਿਚ 370 ਧਾਰਾ ਲਗਾਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਧਾਰਾ ਲਗਾਉਣ ਤੋਂ ਬਾਅਦ ਬਦਲਾਅ ਜ਼ਰੂਰ ਆਏ ਹਨ, ਪਰ ਜੋ ਸਾਨੂੰ ਭਰੋਸਾ ਦਿਤਾ ਗਿਆ ਸੀ ਉਹ ਪੂਰਾ ਨਹੀਂ ਹੋਇਆ। ਅਤਿਵਾਦ, ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਤਸਕਰੀ ਖ਼ਤਮ ਨਹੀਂ ਹੋ ਸਕੀ। ਉਨਾਂ ਮਨਰੇਗਾ ਸਕੀਮ ਦਾ ਨਾਂ ਬਦਲਣ ਦੀ ਵੀ ਨਿਖੇਧੀ ਕੀਤੀ। ਉਮਰ ਅਬਦੁੱਲਾ ਨੇ ਕਿਹਾ ਕਿ ਹੜਾਂ ਦੀ ਸਥਿਤੀ ਜੰਮੂ ਕਸ਼ਮੀਰ ਦਾ ਵੀ ਕਾਫੀ ਹਿੱਸਾ ਪ੍ਰਭਾਵਿਤ ਹੋਇਆ, ਪਰ ਉਸ ਦਾ ਬਣਦਾ ਮੁਆਵਜ਼ਾ ਅਜੇ ਤਕ ਸਾਨੂੰ ਨਹੀਂ ਮਿਲਿਆ। ਰਣਜੀਤ ਸਾਗਰ ਡੈਮ ਦਾ ਪਾਣੀ ਜੰਮੂ ਕਸ਼ਮੀਰ ਵਲ ਛੱਡਿਆ ਗਿਆ, ਕਈ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ।
