ਕਿਹਾ- ਇਹੋ ਜਿਹੇ ਖ਼ਤਰਨਾਕ ਅਪਰਾਧੀ ਦੀ ਜਗ੍ਹਾ ਜੇਲ੍ਹ ਵਿਚ ਹੈ
ਨਵੀਂ ਦਿੱਲੀ : ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਸਦਨ ਵਿਚ ਸੌਦਾ ਸਾਧ ਨੂੰ ਮਿਲ ਰਹੀ ਪੈਰੋਲ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇੱਕ ਬਹੁਤ ਖਤਰਨਾਕ ਅਪਰਾਧੀ ਜੋ ਆਪਣੇ ਆਪ ਨੂੰ ਬਾਬਾ ਅਖਵਾਉਂਦਾ ਹੈ ਅਤੇ ਇਸ ਵੇਲੇ ਸੁਨਾਰੀਆ ਜੇਲ੍ਹ ਵਿਚ ਬੰਦ ਹੈ, ਉਸ ਨੂੰ ਵਾਰ-ਵਾਰ ਪੈਰੋਲ ਮਿਲ ਰਹੀ ਹੈ। ਉਸ ਦਾ ਨਾਮ ਬਾਬਾ ਰਾਮ ਰਹੀਮ ਹੈ ਪਰ ਉਕਤ ਬਾਬੇ 'ਤੇ ਬਲਾਤਕਾਰ ਅਤੇ ਕਤਲ ਵਰਗੇ ਕਈ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਮਗਰੋਂ ਸੁਖਰਾਜ ਸਿੰਘ ਨਿਆਮੀਵਾਲਾ ਦੀ ਪ੍ਰਤੀਕਿਰਿਆ
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਸ ਬੰਦੇ ਨੇ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਉਸ ਨੂੰ ਮੁੜ-ਮੁੜ ਕੇ ਪੈਰੋਲ ਦਿਤੀ ਜਾ ਰਹੀ ਹੈ।ਇਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਪੰਜਾਬ ਵਿਚ ਇਸ ਨੂੰ ਲੈ ਕੇ ਅਸ਼ਾਂਤੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਤਰਸ ਦੇ ਆਧਾਰ 'ਤੇ ਪੈਡਿੰਗ ਪਏ ਕੇਸਾਂ ਨੂੰ ਤੁਰੰਤ ਨਿਪਟਾਇਆ ਜਾਵੇ: ਡਾ. ਬਲਜੀਤ ਕੌਰ
ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਉਕਤ ਸਾਧ ਨੂੰ ਵਾਰ-ਵਾਰ ਪੈਰੋਲ ਦੇ ਰਹੀ ਹੈ। ਇੰਨਾ ਹੀ ਨਹੀਂ ਉਹ ਸਰਕਾਰ ਨੂੰ ਖੁਸ਼ ਕਰਨ ਦੇ ਚੱਕਰ ਵਿਚ ਹੁਣ ਭਗਵੇਂ ਕੱਪੜੇ ਪਾ ਕੇ ਗੀਤ ਗਾਉਂਦਾ ਹੈ, ਡਾਂਸ ਕਰਦਾ ਹੈ ਅਤੇ ਕਈ ਤਰ੍ਹਾਂ ਦੇ ਡਰਾਮੇ ਕਰ ਰਿਹਾ ਹੈ। ਰਵਨੀਤ ਸਿੰਘ ਬਿੱਟੂ ਨੇ ਸਭਾਪਤੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰਿਆਣਾ ਸਰਕਾਰ ਨੂੰ ਸਖਤ ਹਦਾਇਤ ਦੇਵੇ ਕਿ ਇਸ ਬਾਬੇ ਨਾਲ ਨਰਮੀ ਨਾ ਵਰਤੀ ਜਾਵੇ। ਇਹੋ ਜਿਹੇ ਅਪਰਾਧੀ ਦੀ ਜਗ੍ਹਾ ਜੇਲ੍ਹ ਵਿਚ ਹੈ ਕਿਉਂਕਿ ਇਹ ਸਿਰਫ ਔਰਤਾਂ ਲਈ ਹੀ ਨਹੀਂ ਸਗੋਂ ਮਰਦਾਂ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਹੈ। ਇਸ ਦਾ ਬਾਹਰ ਘੁੰਮਣਾ ਬਹੁਤ ਖ਼ਤਰਨਾਕ ਹੈ।