
ਕਾਂਗਰਸ ਨੇ ਮੱਧ ਪ੍ਰਦੇਸ਼ ’ਚ ਸਰਕਾਰ ਬਣਨ ’ਤੇ ਰਸੋਈ ਗੈਸ ਸਿਲੰਡਰ ਨੂੰ 500 ਰੁਪਏ ’ਚ ਵੇਚਣ ਦਾ ਵਾਅਦਾ ਕੀਤਾ ਸੀ
ਬੈਤੂਲ (ਮੱਧ ਪ੍ਰਦੇਸ਼): ਕਾਂਗਰਸ ਪਾਰਟੀ ਵਲੋਂ ਮੱਧ ਪ੍ਰਦੇਸ਼ ’ਚ 500 ਰੁਪਏ ’ਚ ਰਸੋਈ ਗੈਸ ਸਿਲੰਡਰ ਮੁਹੱਈਆ ਦੇ ਚੋਣ ਵਾਅਦੇ ਦਾ ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ ਜੇਕਰ ਵਿਰੋਧੀ ਪਾਰਟੀ ਨੂੰ ਮੌਕਾ ਮਿਲੇ ਤਾਂ ਉਹ ਦੇਸ਼ ਨੂੰ ਵੇਚ ਸਕਦੀ ਹੈ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਪਿਛਲੇ 9 ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੱਸਣ ਲਈ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।
ਮੱਧ ਪ੍ਰਦੇਸ਼ ’ਚ ਇਸ ਸਾਲ ਦੇ ਅੰਤ ’ਚ ਚੋਣਾਂ ਹੋਣ ਵਾਲੀਆਂ ਹਨ। ਤੇਲੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਜੇਕਰ ਕਾਂਗਰਸ ਨੂੰ ਮੌਕਾ ਮਿਲੇ ਤਾਂ ਉਹ ਦੇਸ਼ ਨੂੰ ਵੀ ਵੇਚੇਗੀ।’’
ਪਟਰੌਲ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਬਾਰੇ ਪੁੱਛੇ ਜਾਣ ’ਤੇ ਤੇਲੀ ਨੇ ਕਿਹਾ ਕਿ ਪਟਰੌਲੀਅਮ ਪਦਾਰਥਾਂ ਦਾ ਵੱਡਾ ਹਿੱਸਾ ਆਯਾਤ ਕੀਤਾ ਜਾਂਦਾ ਹੈ ਅਤੇ ਇਸ ਦੀਆਂ ਦਰਾਂ ਤਿੰਨ ਤੇਲ ਵੰਡ ਕੰਪਨੀਆਂ ਤੈਅ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹੀ ਕੰਪਨੀਆਂ ਗੈਸ ਦੀਆਂ ਕੀਮਤਾਂ ਵੀ ਤੈਅ ਕਰਦੀਆਂ ਹਨ ਜੋ 83 ਫ਼ੀਸਦੀ ਵਿਦੇਸ਼ਾਂ ਤੋਂ ਲਿਆਂਦੀ ਜਾਂਦੀ ਹੈ।
ਤੇਲੀ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ’ਚ ਇਕਰੂਪਤਾ ਲਿਆਉਣ ਲਈ ਇਸ ਨੂੰ ਜੀ.ਐਸ.ਟੀ. ਵਿਵਸਥਾ ਹੇਠ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।