
ਕਿਹਾ, ਪਾਰਟੀ ਦਾ ਵਫ਼ਾਦਾਰ ਸਿਪਾਹੀ ਬਣ ਕੇ ਹਮੇਸ਼ਾ ਪਾਰਟੀ ਨਾਲ ਖੜਾ ਰਹਾਂਗਾ
Punjab News: ਜਗਰਾਉਂ (ਪਰਮਜੀਤ ਸਿੰਘ ਗਰੇਵਾਲ): ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੀ ਇਕ ਪੰਥਕ ਪਾਰਟੀ ਹੈ। ਇਸ ਪਾਰਟੀ ਦਾ ਇਤਿਹਾਸ ਕਾਫ਼ੀ ਡੂੰਘਾ ਹੈ। ਪਿਛਲੇ ਕੁੱਝ ਸਮੇਂ ਤੋਂ ਪਾਰਟੀ ਆਗੂਆਂ ਵਲੋਂ ਲਏ ਗਏ ਫ਼ੈਸਲਿਆਂ ਕਾਰਨ ਅਕਾਲੀ ਦਲ ਵਿਚ ਵੱਡੇ ਪੱਧਰ ’ਤੇ ਗਿਰਾਵਟ ਆਈ। ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਵੇਖੀਏ ਤਾਂ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਨੂੰ ਅਪਣੀਆਂ ਜ਼ਮਾਨਤਾਂ ਜ਼ਬਤ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਵਿਸ਼ੇਸ਼ ਮਿਲਣੀ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਪਾਰਟੀ ਵਲੋਂ ਲਏ ਗਏ ਗ਼ਲਤ ਫ਼ੈਸਲਿਆਂ ਕਾਰਨ ਅੱਜ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਕਮਜ਼ੋਰ ਹੈ। 10 ਸਾਲ ਲਗਾਤਾਰ ਰਾਜ ਕਰਨ ਤੋਂ ਬਾਅਦ ਪਾਰਟੀ ਲੋਕ ਭਾਵਨਾਵਾਂ ਦੇ ਉਲਟ ਗ਼ਲਤ ਫ਼ੈਸਲੇ ਲੈਂਦੀ ਰਹੀ, ਰਾਸ਼ਟਰਪਤੀ ਦੀ ਚੋਣ ਸਮੇਂ ਵੀ ਬੀਜੇਪੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਗ਼ਲਤ ਫ਼ੈਸਲਾ ਲਿਆ।
ਉਸ ਸਮੇਂ ਮੇਰੇ ਵਲੋਂ ਕਿਸਾਨਾਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਚੋਣ ਦਾ ਬਾਈਕਾਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਦੇ ਤਿੰਨ ਕਾਨੂੰਨਾਂ ਵਿਰੁਧ ਕਿਸਾਨੀ ਸੰਘਰਸ਼ ਚਲ ਰਿਹਾ ਸੀ ਉਸ ਵੇਲੇ ਵੀ ਪਾਰਟੀ ਕਿਸਾਨੀ ਮੁੱਦੇ ਤੇ ਸਹੀ ਸਮੇਂ ਤੇ ਫ਼ੈਸਲਾ ਨਹੀਂ ਲੈ ਸਕੀ। ਉਨ੍ਹਾਂ ਕਿਹਾ ਕਿ ਝੂੰਦਾ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨ ਦੇ ਵਿਰੋਧ ਵਿਚ ਉਹ ਪਿਛਲੇ ਦੋ ਸਾਲ ਤੋਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਸਨ। ਪ੍ਰੰਤੂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਉਹ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨਾਲ ਖੜੇ ਅਤੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਇਕ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪੰਥਕ ਸੋਚ ਹਮੇਸ਼ਾ ਮਜ਼ਬੂਤ ਰਹੀ ਹੈ ਅਤੇ ਪਾਰਟੀ ਮੌਜੂਦਾ ਸਮੇਂ ਪੰਜਾਬ ਅੰਦਰ ਚਲ ਰਹੀ ਪੰਥਕ ਸੋਚ ਨੂੰ ਵੀ ਪਛਾਨਣ ਵਿਚ ਅਸਫ਼ਲ ਰਹੀ ਜਿਸ ਦਾ ਖ਼ਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨਾਲ ਮਿਲ ਕੇ ਉਨ੍ਹਾਂ ਨੇ ਕਈ ਵਾਰ ਝੂੰਦਾਂ ਕਮੇਟੀ ਵਲੋਂ ਤਿਆਰ ਕੀਤੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਪ੍ਰੰਤੂ ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਨਾ ਹੋਣ ਤਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨੀ ਅਤੇ ਪੰਥ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਨਿਜੀ ਹਿਤ ਤਿਆਗ ਕੇ ਵੱਡੇ ਫ਼ੈਸਲੇ ਲੈਣ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕੀਤਾ ਜਾ ਸਕੇ।