
ਰਾਜਸਥਾਨ ’ਚ ਭਾਜਪਾ ਦੇ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ ਬਿਧੂੜੀ : ਸੂਤਰ
ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਦਾਨਿਸ਼ ਅਲੀ ਵਿਰੁਧ ਵਿਵਾਦਿਤ ਟਿਪਣੀ ਕਰਨ ਦੇ ਮਾਮਲੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਅਪਣੇ ਪਹਿਲੇ ਤੋਂ ਤੈਅ ਕੁਝ ਪ੍ਰੋਗਰਾਮਾਂ ਦਾ ਹਵਾਲਾ ਦਿੰਦਿਆਂ ਮੰਗਲਵਾਰ ਨੂੰ ਲੋਕ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਬੈਠਕ ’ਚ ਨਹੀਂ ਪੁੱਜੇ। ਸੂਤਰਾਂ ਅਨੁਸਾਰ ਬਿਧੂੜੀ ਰਾਜਸਥਾਨ ’ਚ ਭਾਜਪਾ ਲਈ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ। ਭਾਜਪਾ ਨੇ ਗੁਰਜਰ ਭਾਈਚਾਰੇ ਨਾਲ ਸਬੰਧਤ ਬਿਧੂੜੀ ਨੂੰ ਸੂਬੇ ਦੇ ਟੋਂਕ ਜ਼ਿਲ੍ਹੇ ਦਾ ਇੰਚਾਰਜ ਬਣਾਇਆ ਹੈ। ਟੋਂਕ ’ਚ ਵਿਧਾਨ ਸਭਾ ਦੀਆਂ ਚਾਰ ਸੀਟਾਂ ਹਨ।
ਰਾਜਸਥਾਨ ’ਚ ਸਾਰੀਆਂ 200 ਵਿਧਾਨ ਸਭਾ ਸੀਟਾਂ ਲਈ 23 ਨਵੰਬਰ ਨੂੰ ਵੋਟਿੰਗ ਹੋਵੇਗੀ। ਵਿਸ਼ੇਸ਼ ਅਧਿਕਾਰ ਕਮੇਟੀ ਦੀ ਬੈਠਕ ਦੇ ਏਜੰਡੇ ’ਚ ਕਿਹਾ ਗਿਆ ਸੀ ਕਿ ਸਦਨ ’ਚ ‘ਚੰਦਰਯਾਨ-3 ਮਿਸ਼ਨ’ ’ਤੇ ਚਰਚਾ ਦੌਰਾਨ ਕਥਿਤ ਨਾਵਾਜਬ ਵਤੀਰੇ ਲਈ ਬਿਧੂੜੀ ਅਤੇ ਦਾਨਿਸ਼ ਅਲੀ ਵਿਰੁਧ ਵੱਖੋ-ਵੱਖ ਮੈਂਬਰਾਂ ਤੋਂ ਪ੍ਰਾਪਤ ਸ਼ਿਕਾਇਤਾਂ ਬਾਬਤ ਸੰਸਦ ਮੈਂਬਰ ਰਮੇਸ਼ ਬਿਧੂੜੀ ਦਾ ਜ਼ੁਬਾਨੀ ਸਬੂਤ ਲਿਆ ਜਾਵੇਗਾ।
‘ਚੰਦਰਯਾਨ-3 ਦੀ ਸਫ਼ਲਤਾ ਅਤੇ ਪੁਲਾੜ ਖੇਤਰ ’ਚ ਭਾਰਤ ਦੀਆਂ ਪ੍ਰਾਪਤੀਆਂ’ ਵਿਸ਼ੇ ’ਤੇ ਲੋਕ ਸਭਾ ’ਚ ਚਰਚਾ ਦੌਰਾਨ ਬੀਤੀ 21 ਸਤੰਬਰ ਨੂੰ ਬਿਧੂੜੀ ਨੇ ਅਲੀ ਵਿਰੁਧ ਇਤਰਾਜ਼ਯੋਗ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ। ਇਸ ਤੋਂ ਬਾਅਦ ਖ਼ੁਦ ਦਾਨਿਸ਼ ਅਲੀ ਤੋਂ ਇਲਾਵਾ ਲੋਕ ਸਭਾ ਦੇ ਕਈ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਬਿਧੂੜੀ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ। ਇਨ੍ਹਾਂ ਸੰਸਦ ਮੈਂਬਰ ਨੇ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦੀ ਵੀ ਅਪੀਲ ਕੀਤੀ ਸੀ।
ਦੂਜੇ ਪਾਸੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਅਤੇ ਰਵੀ ਕਿਸ਼ਨ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਦਾਅਵਾ ਕੀਤਾ ਸੀ ਕਿ ਪਹਿਲਾਂ ਅਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਇਤਰਾਜ਼ਯੋਗ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ। ਉਨ੍ਹਾਂ ਨੇ ਵੀ ਇਸ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ ਸੀ। ਲੋਕ ਸਭਾ ਸਪੀਕਰ ਨੇ ਸਾਰੀਆਂ ਸ਼ਿਕਾਇਤਾਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋ ਭੇਜ ਦਿਤਾ ਸੀ।