
ਸਾਜ਼ਸ਼ ਦੀ ਸਿਆਸਤ ’ਤੇ ਕਾਬੂ ਪਾਉਣਾ ਇੰਨਾ ਆਸਾਨ ਨਹੀਂ ਹੈ ਅਤੇ ਮੈਂ ਪੈਸੇ ਦੀ ਤਾਕਤ ਨਾਲ ਲੜ ਨਹੀਂ ਸਕਦੀ : ਐਸ. ਚੰਦਿਰਾ ਪ੍ਰਿਅੰਗਾ
ਪੁਦੂਚੇਰੀ: ਪੁਰਦੂਚੇਰੀ ਦੀ ਇਕੋ-ਇਕ ਔਰਤ ਵਿਧਾਇਕ ਅਤੇ ਮੰਤਰੀ ਐਸ. ਚੰਦਿਰਾ ਪ੍ਰਿਅੰਗਾ ਨੇ ਜਾਤੀਵਾਦ, ਲਿੰਗਕ ਪੱਖਪਾਤ, ਸਾਜ਼ਸ਼ ਅਤੇ ਪੈਸੇ ਦੀ ਤਾਕਤ ਦੀ ਸਿਆਸਤ ਦਾ ਦੋਸ਼ ਲਾਉਂਦਿਆਂ ਮੰਗਲਵਾਰ ਨੂੰ ਏ.ਆਈ.ਐਲ.ਆਰ.ਸੀ.- ਭਾਜਪਾ ਗਠਜੋੜ ਸਰਕਾਰ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿਤਾ।
ਪ੍ਰਿਅੰਗਾ 2021 ’ਚ ਨੇਦੁਨਕਾਡੂ ਤੋਂ ਵਿਧਾਇਕ ਬਣੇ ਸਨ। ਉਹ ਪਿਛਲੇ 40 ਸਾਲਾਂ ’ਚ ਪੁਦੂਚੇਰੀ ’ਚ ਮੰਤਰੀ ਬਣਨ ਵਾਲੀ ਪਹਿਲੀ ਔਰਤ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਐਨ. ਰਾਨਾਗਸਾਮੀ ਦੀ ਅਗਵਾਈ ਵਾਲੀ ਗਠਜੋੜ ਕੈਬਨਿਟ ’ਚ ਆਵਾਜਾਈ ਵਿਭਾਗ ਸੌਂਪਿਆ ਗਿਆ ਸੀ। ਪ੍ਰਿਅੰਗਾ ਨੇ 2021 ਦੀਆਂ ਵਿਧਾਨ ਸਭਾ ਚੋਣਾਂ ’ਚ ਏ.ਆਈ.ਐਨ.ਆਰ.ਸੀ. ਦੇ ਟਿਕਟ ’ਤੇ ਕਰਾਈਕਲ ਦੀ ਨੇਦੁਨਕਾਡੂ ਸੁਰਖਿਅਤ ਸੀਟ ਤੋਂ ਜਿੱਤ ਹਾਸਲ ਕੀਤੀ ਸੀ।
ਉਨ੍ਹਾਂ ਨੇ ਮੰਗਲਵਾਰ ਨੂੰ ਅਪਣੇ ਸਕੱਤਰ ਰਾਹੀਂ ਅਸਤੀਫ਼ਾ ਮੁੱਖ ਮੰਤਰੀ ਦਫ਼ਤਰ ਭੇਜ ਦਿਤਾ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਚਿੱਠੀ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਇਸ ਮਾਮਲੇ ’ਤੇ ਫੈਸਲੇ ਲੈਣ ਲਈ ਚਿੱਠੀ ਮੁੱਖ ਮੰਤਰੀ ਨੂੰ ਭੇਜ ਦਿਤੀ ਗਈ ਹੈ। ਪ੍ਰਿਅੰਗਾ ਦੇ ਅਸਤੀਫ਼ੇ ਦੀ ਕਾਪੀ ਮੀਡੀਆ ’ਚ ਵੰਡੀ ਗਈ। ਉਨ੍ਹਾਂ ਨੇ ਅਪਣੀ ਚਿੱਠੀ ’ਚ ਕਿਹਾ ਕਿ ਉਹ ਅਪਣੇ ਹਲਕੇ ਦੇ ਲੋਕਾਂ ’ਚ ਮਕਬੂਲੀਅਤ ਕਾਰਨ ਵਿਧਾਨ ਸਭਾ ’ਚ ਪਹੁੰਚੇ ਸਨ, ਪਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ‘ਸਾਜ਼ਸ਼ ਦੀ ਸਿਆਸਤ ’ਤੇ ਕਾਬੂ ਪਾਉਣਾ ਇੰਨਾ ਆਸਾਨ ਨਹੀਂ ਹੈ ਅਤੇ ਮੈਂ ਪੈਸੇ ਦੀ ਤਾਕਤ ਨਾਲ ਲੜ ਨਹੀਂ ਸਕਦੀ।’
ਪ੍ਰਿਯਾਂਗਾ ਨੇ ਕਿਹਾ ਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ‘ਨਸਲਵਾਦ ਅਤੇ ਲਿੰਗਕ ਪੱਖਪਾਤ ਦਾ ਸ਼ਿਕਾਰ’ ਸਨ। ਉਨ੍ਹਾਂ ਕਿਹਾ, ‘‘ਮੈਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਮੇਰਾ ਮੰਨਣਾ ਹੈ ਕਿ ਮੈਂ ਇਕ ਖਾਸ ਹੱਦ ਤੋਂ ਅੱਗੇ ਸਾਜ਼ਸ਼ ਅਤੇ ਪੈਸੇ ਦੀ ਤਾਕਤ ਦੀ ਸਿਆਸਤ ਨੂੰ ਬਰਦਾਸ਼ਤ ਨਹੀਂ ਕਰ ਸਕਦੀ।’’
ਪ੍ਰਿਅੰਗਾ ਨੇ ਕਿਹਾ ਕਿ ਉਹ ਛੇਤੀ ਹੀ ਇਕ ਵਿਸਤ੍ਰਿਤ ਰੀਪੋਰਟ ਸੌਂਪੇਗੀ ਜਿਸ ’ਚ ਦਸਿਆ ਗਿਆ ਹੈ ਕਿ ਉਨ੍ਹਾਂ ਨੇ ਮੰਤਰੀ ਦੇ ਤੌਰ ’ਤੇ ਉਨ੍ਹਾਂ ਵਿਭਾਗਾਂ ’ਚ ਕੀ ਬਦਲਾਅ ਅਤੇ ਸੁਧਾਰ ਕੀਤੇ ਹਨ। ਉਨ੍ਹਾਂ ਕੋਲ ਹਾਊਸਿੰਗ ਅਤੇ ਲੇਬਰ ਤੇ ਰੁਜ਼ਗਾਰ ਦੇ ਪੋਰਟਫੋਲੀਓ ਵੀ ਹਨ। ਪ੍ਰਿਅੰਗਾ ਨੇ ਕਿਹਾ ਕਿ ਉਹ ਅਪਣੇ ਹਲਕੇ ਦੇ ਲੋਕਾਂ ਦੀ ਧੰਨਵਾਦੀ ਹੈ।