
ਗਠਜੋੜ ਤੇ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਹੀ ਹੋ ਰਹੀ ਹੈ ਗੱਲਬਾਤ
Punjab Congress: ਅੱਜ ਦੂਜੇ ਦਿਨ ਵੀ ਕਾਂਗਰਸ ਹਾਈਕਮਾਨ ਦੇ ਆਗੂ ਅਤੇ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਪਾਰਟੀ ਆਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰਖਿਆ। ਅੱਜ ਉਨ੍ਹਾਂ ਪਹਿਲਾਂ ਸੀਨੀਅਰ ਆਗੂਆਂ ਤੇ ਬਾਅਦ ਵਿਚ ਬਲਾਕ ਪ੍ਰਧਾਨਾਂ ਤੇ ਹੋਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਹਨ। ਇਨ੍ਹਾਂ ਮੀਟਿੰਗਾਂ ਵਿਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਸੀ.ਐਲ.ਪੀ. ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਜਥੇਬੰਦਕ ਜਨਰਲ ਸਕੱਤਰਰ ਕੈਪਟਨ ਸੰਦੀਪ ਸੰਧੂ ਵੀ ਸ਼ਾਮਲ ਸਨ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਕਈ ਹੋਰ ਸੀਨੀਅਰ ਆਗੂ ਅੱਜ ਵੀ ਇਨ੍ਹਾਂ ਮੀਟਿੰਗਾਂ ਵਿਚ ਦਿਖਾਈ ਨਹੀਂ ਦਿਤੇ।
ਯਾਦਵ ਨੇ ਗਠਜੋੜ ਦੇ ਮਾਮਲੇ ’ਤੇ ਜਿਥੇ ਵਿਚਾਰ ਹਾਸਲ ਕੀਤੇ, ਉਥੇ ਪਾਰਟੀ ਦੀ ਮਜ਼ਬੂਤੀ, ਅਨੁਸ਼ਾਸਨ ਅਤੇ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਮੁੱਦਿਆਂ ਉਪਰ ਚਰਚਾ ਕੀਤੀ। ਯਾਦਵ ਨੇ ਅੱਜ ਕਿਹਾ ਕਿ ਗਠਜੋੜ ਬਾਰੇ ਅੰਤਮ ਫ਼ੈਸਲਾ ਪਾਰਟੀ ਹਾਈਕਮਾਨ ਨੇ ਹੀ ਕਰਨਾ ਹੈ ਪਰ ਉਹ ਸਾਰੇ ਆਗੂਆਂ ਦੇ ਵਿਚਾਰਾਂ ਦੀ ਰੀਪੋਰਟ ਹਾਈਕਮਾਨ ਨੂੰ ਦੇਣਗੇ।
ਉਨ੍ਹਾਂ ਕਿਹਾ ਕਿ ਹਾਲੇ 13 ਸੀਟਾਂ ਦੀ ਤਿਆਰੀ ਦੇ ਆਧਾਰ ’ਤੇ ਹੀ ਕੰਮ ਕੀਤਾ ਜਾ ਰਿਹਾ ਹੈ। ਰਾਜਾ ਵੜਿੰਗ ਨੇ ਵੀ ਕਿਹਾ ਕਿ ਹਾਲੇ ਹਾਈਕਮਾਨ ਨੇ ਕੋਈ ਫ਼ੈਸਲਾ ਨਹੀਂ ਕੀਤਾ ਅਤੇ 13 ਸੀਟਾਂ ਦੀ ਹੀ ਤਿਆਰੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਕੋਈ ਸੁਨੇਹਾ ਆਉਂਦਾ ਹੈ ਤਾਂ ਜਾਣਕਾਰੀ ਦਿਤੀ ਜਾਵੇਗੀ। ਅੱਜ ਦੇਵੇਂਦਰ ਯਾਦਵ ਨਾਲ ਸੀਨੀਅਰ ਆਗੂਆਂ ਦੀ ਮੀਟਿੰਗ ਵਿਚ ਰਾਜਾ ਵੜਿੰਗ ਅਤੇ ਬਾਜਵਾ ਤੋਂ ਇਲਾਵਾ ਸਾਬਕਾ ਮੰਤਰੀ ਗੁਰਕੀਰਤ ਕੋਟਲੀ, ਰਣਦੀਪ ਸਿੰਘ ਨਾਭਾ, ਸੁੱਖ ਸਰਕਾਰੀਆ, ਸੁਖਵਿੰਦਰ ਡੈਨੀ, ਹਰਦਿਆਲ ਸਿੰਘ ਕੰਬੋਜ ਸ਼ਾਮਲ ਹੋਏ। ਬਹੁਤੇ ਆਗੂ ਗਠਜੋੜ ਦੇ ਵਿਰੁਧ ਬੋਲ ਰਹੇ ਹਨ।