
‘ਭਾਜਪਾ ਅਪਣੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਰਿਹਾਇਸ਼ੀ ਪਤੇ ਦੀ ਵਰਤੋਂ ਕਰ ਕੇ ਦੇਸ਼ ਭਰ ਤੋਂ ਨਵੀਂ ਦਿੱਲੀ ਵਿਧਾਨ ਸਭਾ ’ਚ ਵੋਟਾਂ ਟ੍ਰਾਂਸਫਰ ਕਰ ਰਹੀ ਹੈ : ਕੇਜਰੀਵਾਲ
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ’ਚ ਹੇਰਾਫੇਰੀ ਕਰਨ ਲਈ ਪਾਰਟੀ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਘਰ ਦੇ ਪਤੇ ਦੀ ਵਰਤੋਂ ਕਰ ਕੇ ਦੇਸ਼ ਭਰ ਤੋਂ ਨਵੀਂ ਦਿੱਲੀ ਹਲਕੇ ’ਚ ਨਵੇਂ ਵੋਟਰਾਂ ਨੂੰ ਜੋੜ ਰਹੀ ਹੈ।
ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ’ਚ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ’ਤੇ ਵੋਟਰ ਸੂਚੀਆਂ ’ਚ ਹੇਰਾਫੇਰੀ ਕਰਨ ਲਈ ਵੱਖ-ਵੱਖ ਰਣਨੀਤੀਆਂ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਦਾਅਵਾ ਕੀਤਾ ਕਿ ਕਥਿਤ ਹੇਰਾਫੇਰੀ ਨਾਲ ਹਲਕੇ ਦੀ ਵੋਟਰ ਬਣਤਰ ’ਚ ਮਹੱਤਵਪੂਰਨ ਤਬਦੀਲੀ ਆ ਸਕਦੀ ਹੈ।
ਕੇਜਰੀਵਾਲ ਨੇ ਚਿੱਠੀ ’ਚ ਲਿਖਿਆ, ‘‘ਭਾਜਪਾ ਅਪਣੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਰਿਹਾਇਸ਼ੀ ਪਤੇ ਦੀ ਵਰਤੋਂ ਕਰ ਕੇ ਦੇਸ਼ ਭਰ ਤੋਂ ਨਵੀਂ ਦਿੱਲੀ ਵਿਧਾਨ ਸਭਾ ’ਚ ਵੋਟਾਂ ਟ੍ਰਾਂਸਫਰ ਕਰ ਰਹੀ ਹੈ।’’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ 33 ਵੋਟਾਂ ਕਥਿਤ ਤੌਰ ’ਤੇ ਨਵੀਂ ਦਿੱਲੀ ਸੀਟ ਤੋਂ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਦੀ ਸਰਕਾਰੀ ਰਿਹਾਇਸ਼ ’ਤੇ ਤਬਦੀਲ ਕੀਤੀਆਂ ਗਈਆਂ ਸਨ।
ਉਨ੍ਹਾਂ ਕਿਹਾ, ‘‘ਕੀ ਸਾਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਰਾਤੋ-ਰਾਤ ਦੇਸ਼ ਭਰ ਤੋਂ 33 ਲੋਕਾਂ ਨੇ ਅਪਣਾ ਘਰ ਸਥਾਨ ਵਰਮਾ ਦੀ ਰਿਹਾਇਸ਼ ’ਤੇ ਤਬਦੀਲ ਕਰ ਦਿਤਾ? ਜੇ ਅਜਿਹਾ ਹੈ, ਤਾਂ ਉਨ੍ਹਾਂ ਨੂੰ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਲਈ ਚੋਣ ਲੜਨ ਤੋਂ ਅਯੋਗ ਠਹਿਰਾਇਆ ਜਾਣਾ ਚਾਹੀਦਾ ਹੈ।’’
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਥਿਤ ਹੇਰਾਫੇਰੀ ’ਚ ਸ਼ਾਮਲ ਲੋਕਾਂ ਵਿਰੁਧ ਅਪਰਾਧਕ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਅਤੇ ਭਾਜਪਾ ਨੇਤਾਵਾਂ ਅਤੇ ਉਨ੍ਹਾਂ ਦੇ ਅਧਿਕਾਰਤ ਪਤੇ ਦੀ ਸੂਚੀ ਵੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ, ‘‘ਇਹ ਸਮਝ ਤੋਂ ਪਰੇ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਵੋਟਰਾਂ ਨੇ ਭਾਜਪਾ ਲੀਡਰਸ਼ਿਪ ਦੀ ਉੱਚ ਪੱਧਰੀ ਯੋਜਨਾਬੰਦੀ ਤੋਂ ਬਿਨਾਂ ਅਚਾਨਕ ਇਨ੍ਹਾਂ ਜਾਇਦਾਦਾਂ ਨੂੰ ਤਬਦੀਲ ਕਰਨ ਲਈ ਅਰਜ਼ੀ ਕਿਵੇਂ ਦਿਤੀ।’’ ਇਨ੍ਹਾਂ ਦੋਸ਼ਾਂ ’ਤੇ ਭਾਜਪਾ ਵਲੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।