''ਬੀਜੇਪੀ ਪੰਜਾਬ ਵਿਚ ਧਰਮ ਦੇ ਨਾਂ 'ਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ''
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਐਤਵਾਰ ਨੂੰ ਦੂਜੇ ਦਿਨ ਬਠਿੰਡਾ ਦੌਰੇ 'ਤੇ ਹਨ। ਮੁੱਖ ਮੰਤਰੀ ਨੇ ਅੱਜ ਸਵੇਰੇ ਜ਼ਿਲ੍ਹਾ ਹਾਈ-ਟੈਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਅਤੇ ਮਿਸ਼ਨ ਪ੍ਰਗਤੀ ਤਹਿਤ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ।
ਮੀਡੀਆ ਨਾਲ ਗੱਲ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਹਾਈ-ਟੈਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇੱਥੇ 5 ਤਰੀਕ ਨੂੰ ਬੈਂਚ ਸ਼ੁਰੂ ਹੋਇਆ। ਉਹ ਕੁਝ ਵਿਦਿਆਰਥੀਆਂ ਨੂੰ ਮਿਲੇ। ਸਿੱਖਿਆ ਸਾਡਾ ਮਾਡਲ ਹੈ। ਅਸੀਂ ਇਸ ਦਾ ਪਾਲਣ ਕਰ ਰਹੇ ਹਾਂ। ਇਸ ਦੀ ਲਾਗਤ ਨੌਂ ਕਰੋੜ ਰੁਪਏ ਹੈ। ਇਹ ਪੈਸਾ ਸੀਐਸਆਰ ਟੈਕਸਾਂ ਤੋਂ ਖਰਚ ਕੀਤਾ ਜਾਵੇਗਾ।ਇਥੇ ਕਰੀਬ ਵੀਹ ਕੰਪਿਊਟਰ ਲਗਾਏ ਗਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ 'ਤੇ ਤੰਜ਼ ਕੱਸਦਿਆਂ ਕਿਹਾ ਕਿ ਭਾਜਪਾ ਧਰਮ ਦੀ ਰਾਜਨੀਤੀ ਕਰ ਰਹੀ ਹੈ। ਇਹ ਸਿਰਫ਼ ਧਰਮ ਦੀ ਨਹੀਂ, ਬਲਕਿ ਨਫ਼ਰਤ ਦੀ ਰਾਜਨੀਤੀ ਖੇਡਦੀ ਹੈ। ਭਾਜਪਾ ਧਰਮ ਦੇ ਨਾਮ 'ਤੇ ਪੰਜਾਬ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸੀਐਮ ਮਾਨ ਨੇ ਆਤਿਸ਼ੀ ਵਿਵਾਦ 'ਤੇ ਬੋਲਦਿਆਂ ਕਿਹਾ ਕਿ ਸਾਬਕਾ ਸੀਐਮ ਆਤਿਸ਼ੀ ਦੀ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਫੋਰੈਂਸਿਕ ਜਾਂਚ ਵਿਚ ਕਿਤੇ ਵੀ ਆਤਿਸ਼ੀ ਨੇ ਗੁਰੂ ਸ਼ਬਦ ਨਹੀਂ ਬੋਲਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਲਬ ਕੀਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਜਥੇਦਾਰ ਸਾਬ੍ਹ ਨੇ ਸੱਦਿਆ ਹੈ, ਮੈਂ 15 ਜਨਵਰੀ ਨੂੰ ਜ਼ਰੂਰ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਵਾਂਗਾ। ਮੈਂ ਉਥੇ ਕੋਈ ਹਿਸਾਬ ਲੈਣ ਨਹੀਂ ਸਗੋਂ ਹਿਸਾਬ ਦੇਣ ਜਾ ਰਿਹਾ ਹਾਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਸੁਣੇ ਸਨ, ਗਾਹਕ ਨਹੀਂ। ਰਾਜਾ ਵੜਿੰਗ 'ਤੇ ਸ਼ਬਦੀ ਹਮਲਾ ਬੋਲਦੇ ਕਿਹਾ ਕਿ ਜਦੋਂ ਤੋਂ 500 ਕਰੋੜ ਦੇ ਰੇਟ ਖੁੱਲ੍ਹੇ ਹਨ, ਉਦੋਂ ਤੋਂ ਇਹ ਗਾਹਕ ਹੋ ਗਏ। ਵਿਰੋਧੀ ਧਿਰ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ। ਇਨ੍ਹਾਂ ਲਈ ਸਰਕਾਰੀ ਪਾਗਲਖਾਨਾ ਖੋਲ੍ਹਣਾ ਪਵੇਗਾ।
328 ਸਰੂਪਾਂ ਦੇ ਮਾਮਲੇ 'ਤੇ ਮੁੱਖ ਮੰਤਰੀ ਨੇ ਬੋਲਦਿਆਂ ਕਿਹਾ ਕਿ ਐਸਜੀਪੀਸੀ ਇਸ ਮੁੱਦੇ ਨੂੰ ਗੁੰਮਰਾਹ ਕਰਨ ਵਿਚ ਲੱਗੀ ਹੋਈ ਹੈ। ਇਸ ਮੁੱਦੇ ਨੂੰ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਿਰਪੱਖ ਜਾਂਚ ਲਈ ਸਿੱਟ ਬਣਾਈ ਹੈ। ਇਹ ਸਿੱਟ ਪਾਵਨ ਸਰੂਪ ਲੱਭਣ ਲਈ ਬਣਾਈ ਗਈ ਹੈ।
