
ਕਿਹਾ, ਕੀ ਪਿਛਲੇ 10 ਬਜਟ ਇਹ ਵਿਖਾਉਣ ਲਈ ਬਣਾਏ ਗਏ ਸਨ ਕਿ ਦੁਨੀਆ ਵੇਖੇ ਕਿ ਭਾਰਤ ਦੇ ਲੋਕਾਂ ਨੂੰ ਹੱਥਕੜੀਆਂ ਬੰਨ੍ਹ ਕੇ ਅਤੇ ਪੈਰਾਂ ’ਤੇ ਬੇੜੀਆਂ ਪਾ ਕੇ ਵਾਪਸ ਭੇਜਿਆ ਗਿਆ
ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਸਨਾਤਨ ਧਰਮ ’ਚ ਵਿਸ਼ਵਾਸ ਰੱਖਣ ਵਾਲਾ ਹਰ ਕੋਈ ਪਰਿਆਗਰਾਜ ਮਹਾਕੁੰਭ ਦੀਆਂ ਤਸਵੀਰਾਂ ਅਤੇ ਕੁੰਭ ਮੇਲੇ ਦੇ ਪ੍ਰਬੰਧਾਂ ’ਚ ਕਥਿਤ ਖਾਮੀਆਂ ਤੋਂ ਬਹੁਤ ਦੁਖੀ ਹੈ।
ਲੋਕ ਸਭਾ ’ਚ ਕੇਂਦਰੀ ਬਜਟ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਦੀ ‘ਡਬਲ ਇੰਜਣ’ ਸਰਕਾਰ ਦੋਹਰੀ ਗਲਤੀ ਕਰ ਰਹੀ ਹੈ। ਯਾਦਵ ਨੇ ਦੋਸ਼ ਲਾਇਆ ਕਿ ਬਜਟ ’ਚ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਕੋਈ ਰੋਡਮੈਪ ਨਹੀਂ ਹੈ।
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ‘‘ਕੀ ਪਿਛਲੇ 10 ਬਜਟ ਦੁਨੀਆਂ ਨੂੰ ਇਹ ਵਿਖਾਉਣ ਲਈ ਬਣਾਏ ਗਏ ਸਨ ਕਿ ਦੁਨੀਆ ਇਹ ਵੇਖੇ ਕਿ ਭਾਰਤ ਦੇ ਲੋਕਾਂ ਨੂੰ ਹੱਥਕੜੀਆਂ ਬੰਨ੍ਹ ਕੇ ਅਤੇ ਪੈਰਾਂ ’ਤੇ ਬੇੜੀਆਂ ਪਾ ਕੇ ਵਾਪਸ ਭੇਜਿਆ ਗਿਆ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਵਿਅੰਗਾਤਮਕ ਢੰਗ ਨਾਲ ਕਿਹਾ, ‘‘ਪਿਛਲੀ ਵਾਰ ਉਹ ਹੀਰਾ ਲੈ ਗਏ ਸਨ। ਇਸ ਵਾਰ, ਹੋ ਸਕੇ ਤਾਂ, ਸੋਨੇ ਦੀ ਜੰਜੀਰ ਲੈ ਕੇ ਜਾਇਉ। ਜੇ ਸੰਭਵ ਹੋਵੇ, ਤਾਂ ਉੱਥੋਂ ਕੁੱਝ ਹੋਰ ਲੋਕਾਂ ਨੂੰ ਕਿਸੇ ਹੋਰ ਜਹਾਜ਼ ’ਚ ਅਪਣੇ ਨਾਲ ਲੈ ਆਇਉ।’’
ਯਾਦਵ ਨੇ ਕਿਹਾ ਕਿ ਮਹਾਕੁੰਭ ’ਚ ਇਕ ਹੋਰ ਤਸਵੀਰ ਵੇਖੀ ਗਈ ਜੋ ਸਨਾਤਨ ’ਚ ਵਿਸ਼ਵਾਸ ਕਰਨ ਵਾਲਿਆਂ ਲਈ ਦੁਖਦਾਈ ਸੀ। ਉਨ੍ਹਾਂ ਕਿਹਾ ਕਿ ਪਰਿਆਗਰਾਜ ’ਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ 300 ਕਿਲੋਮੀਟਰ ਜਾਮ ’ਚ ਫਸ ਗਏ। ਯਾਦਵ ਨੇ ਕਿਹਾ ਕਿ ਭਾਜਪਾ ਨੂੰ ਅਪਣੇ ਪਾਰਟੀ ਵਰਕਰਾਂ ਨੂੰ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕਰਨੀ ਪਈ। ਉਨ੍ਹਾਂ ਸਵਾਲ ਕੀਤਾ, ‘‘ਕੀ ਅਜਿਹੀ ਤਸਵੀਰ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਟਰੈਫਿਕ ਨੂੰ ਸੰਭਾਲਣ ਦੇ ਯੋਗ ਨਹੀਂ ਹੋ?’’ ਯਾਦਵ ਨੇ ਵਿਅੰਗਾਤਮਕ ਢੰਗ ਨਾਲ ਕਿਹਾ, ‘‘ਚੰਦਰਮਾ ’ਤੇ ਪਹੁੰਚਣ ਦਾ ਕੀ ਫ਼ਾਇਦਾ, ਜਦੋਂ ਜ਼ਮੀਨ ’ਤੇ ਹੀ ਕੋਈ ਸਮੱਸਿਆ ਨਹੀਂ ਦਿਸ ਰਹੀ।’’ ਸਮਾਜਵਾਦੀ ਪਾਰਟੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਮੌਨੀ ਮੱਸਿਆ ਦੇ ਮੌਕੇ ’ਤੇ ਮਹਾਕੁੰਭ ’ਚ ਭਾਜੜ ’ਚ ਮਾਰੇ ਗਏ ਲੋਕਾਂ ਦਾ ਸਹੀ ਅੰਕੜਾ ਨਹੀਂ ਦਸਿਆ ਗਿਆ ਸੀ।
ਯਾਦਵ ਨੇ ਦਾਅਵਾ ਕੀਤਾ ਕਿ ਬਜਟ ’ਚ ਪੀ.ਡੀ.ਏ. (ਪਛੜੇ ਦਲਿਤਾਂ ਅਤੇ ਘੱਟ ਗਿਣਤੀਆਂ) ਦੇ ਵਿਕਾਸ ਲਈ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ, ‘‘ਕੀ ਸਰਕਾਰ ਕੋਲ ਰੁਪਏ ਦੀ ਗਿਰਾਵਟ ਦਾ ਕੋਈ ਜਵਾਬ ਹੈ?’’ ਉੱਤਰ ਪ੍ਰਦੇਸ਼ ਦੇ ਕਨੌਜ ਤੋਂ ਲੋਕ ਸਭਾ ਮੈਂਬਰ ਨੇ ਕਿਹਾ, ‘‘ਦੇਸ਼ ਦੇ 80 ਕਰੋੜ ਲੋਕਾਂ ਨੂੰ ਅਜੇ ਵੀ ਮੁਫਤ ਰਾਸ਼ਨ ਦੇਣਾ ਪੈ ਰਿਹਾ ਹੈ, ਕੀ ਇਹ ਵਿਕਸਤ ਭਾਰਤ ਦੀ ਤਸਵੀਰ ਹੈ?’’
ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੀ ‘ਡਬਲ ਇੰਜਣ’ ਸਰਕਾਰ ‘ਡਬਲ ਬਲੰਡਰ’ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੁਪਨਾ ਵੇਖਣ ਵਾਲੀ ਸਰਕਾਰ ਕੋਲ ਕੋਈ ‘ਰੋਡਮੈਪ’ ਨਹੀਂ ਹੈ। ਯਾਦਵ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਬਾਰੇ ਕੁੱਝ ਨਹੀਂ ਕੀਤਾ ਗਿਆ।
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣੇ ਚਾਹੀਦੇ ਹਨ ਅਤੇ ਖੇਤੀਬਾੜੀ ’ਚ ਪ੍ਰਯੋਗ ਹੋਣ ਵਾਲੇ ਉਤਪਾਦਾਂ ’ਤੇ ਕੋਈ ਜੀ.ਐਸ.ਟੀ. ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਦੁਨੀਆਂ ’ਚ ਤੀਜੇ ਸਥਾਨ ’ਤੇ ਪਹੁੰਚ ਗਈ ਹੈ ਪਰ ਨੌਕਰੀਆਂ ਅਤੇ ਰੁਜ਼ਗਾਰ ਨਹੀਂ ਹਨ।
ਮੈਂ ਮਹਾਕੁੰਭ ਗਈ ਹਾਂ, ਉੱਥੇ ਸੱਭ ਕੁੱਝ ਠੀਕ ਹੈ: ਹੇਮਾ ਮਾਲਿਨੀ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਮਹਾਕੁੰਭ ’ਚ ਸੱਭ ਕੁੱਝ ਠੀਕ ਹੈ ਅਤੇ ਉਨ੍ਹਾਂ ਨੇ ਪਰਿਆਗਰਾਜ ਮਹਾਕੁੰਭ ’ਚ ਜਾ ਕੇ ਖੁਦ ਇਸ ਨੂੰ ਵੇਖਿਆ ਹੈ।
ਬਜਟ ’ਤੇ ਬਹਿਸ ’ਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਨਾਲ ਹੁਣ ਯਮੁਨਾ ਨਦੀ ਦੀ ਸਫਾਈ ਲਈ ਉਮੀਦ ਦੀ ਕਿਰਨ ਜਾਗੀ ਹੈ। ਉਨ੍ਹਾਂ ਕਿਹਾ ਕਿ ਇਹ (ਯਮੁਨਾ ਦੀ ਸਫਾਈ) ਮੋਦੀ ਲਈ ਗਾਰੰਟੀ ਹੈ।
ਉਨ੍ਹਾਂ ਕਿਹਾ, ਮੈਂ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹਾਂ, ਜਿੱਥੇ ਭਾਰਤ ਦੀ ਮਹਾਨ ਸਭਿਆਚਾਰਕ ਪਰੰਪਰਾ ਦਾ ਮਹਾਕੁੰਭ ਚੱਲ ਰਿਹਾ ਹੈ।’’ ਉਨ੍ਹਾਂ ਨੇ ਮਹਾਕੁੰਭ ਦੇ ਸਫਲ ਆਯੋਜਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕੀਤਾ। ਵਿਰੋਧੀ ਧਿਰ ਦੇ ਮੈਂਬਰਾਂ ਦੀ ਆਲੋਚਨਾ ਦੇ ਵਿਚਕਾਰ ਦਿੱਗਜ ਅਦਾਕਾਰਾ ਨੇ ਕਿਹਾ, ‘‘ਉੱਥੇ ਸੱਭ ਕੁੱਝ ਠੀਕ ਹੈ, ਮੈਂ ਉੱਥੇ ਗਈ ਹਾਂ।’’
ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਦੇ ਅਧੀਨ ਦੇਸ਼ ਵੱਡੇ ਫੈਸਲੇ ਲੈ ਰਿਹਾ ਹੈ ਅਤੇ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ’ਚ ਨੌਜੁਆਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸੱਭ ਤੋਂ ਵੱਧ ਤਰਜੀਹ ਦਿਤੀ ਜਾ ਰਹੀ ਹੈ।’’ ਹੇਮਾ ਮਾਲਿਨੀ ਨੇ 12 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ’ਤੇ ਟੈਕਸ ਛੋਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੱਧ ਵਰਗ ਅਤੇ ਤਨਖਾਹਦਾਰ ਵਰਗ ’ਚ ਖੁਸ਼ੀ ਦੀ ਲਹਿਰ ਹੈ।
ਦੂਜੇ ਪਾਸੇ ਸੰਸਦ ਬਾਹਰ ਉੱਤਰ ਪ੍ਰਦੇਸ਼ ਦੇ ਪਰਿਆਗਰਾਜ ’ਚ ਮਹਾਕੁੰਭ ਦੇ ਕਥਿਤ ਕੁਪ੍ਰਬੰਧਨ ਨੂੰ ਲੈ ਕੇ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰਾਂ ਅਤੇ ਭਾਰਤੀ ਜਨਤਾ ਪਾਰਟੀ ਦੀ ਹੇਮਾ ਮਾਲਿਨੀ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ। ਸਮਾਜਵਾਦੀ ਪਾਰਟੀ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਸ਼ਰਧਾਲੂ ਭੋਜਨ ਅਤੇ ਪਾਣੀ ਦੀ ਘਾਟ ਕਾਰਨ ਮਰ ਰਹੇ ਹਨ। ਜਦਕਿ ਹੇਮਾ ਮਾਲਿਨੀ ਨੇ ਕਿਹਾ ਕਿ 29 ਜਨਵਰੀ ਨੂੰ ਸੰਗਮ ਖੇਤਰ ’ਚ ਭਾਜੜ ਦੇ ਬਾਵਜੂਦ ਮਹਾਕੁੰਭ ਸਫਲ ਰਿਹਾ। ਉਨ੍ਹਾਂ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਕੁੱਝ ਥਾਵਾਂ ’ਤੇ ਸਮੱਸਿਆਵਾਂ ਹਨ ਪਰ ਹਰ ਥਾਂ ਨਹੀਂ। ਉਨ੍ਹਾਂ ਕਿਹਾ, ‘‘ਬਹੁਤ ਸਾਰੇ ਲੋਕ ਉੱਥੇ ਜਾ ਰਹੇ ਹਨ ਕਿਉਂਕਿ ਹਰ ਕੋਈ ਉੱਥੇ ਨਹਾਉਣਾ ਚਾਹੁੰਦਾ ਹੈ।’’
ਹਾਲਾਂਕਿ, ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਮਾੜੇ ਪ੍ਰਬੰਧਾਂ ਕਾਰਨ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਭੋਜਨ ਦੇ ਨਾਲ-ਨਾਲ ਬਾਲਣ ਦੀ ਵੀ ਕਮੀ ਹੈ। ਯਾਦਵ ਨੇ ਕਿਹਾ, ‘‘ਉੱਥੇ ਲੋਕ ਮਰ ਰਹੇ ਹਨ। ਕੁੱਝ ਲੋਕ ਭਾਜੜ ’ਚ ਮਰ ਗਏ, ਹੁਣ ਲੋਕ ਭੁੱਖ ਨਾਲ ਮਰ ਰਹੇ ਹਨ। ਕਾਰਾਂ ਲਈ ਪਟਰੌਲ ਨਹੀਂ ਹੈ, ਕਾਰਾਂ ਲਈ ਡੀਜ਼ਲ ਨਹੀਂ ਹੈ, ਲੋਕਾਂ ਲਈ ਭੋਜਨ ਨਹੀਂ ਹੈ... ਪਾਣੀ ਵੀ ਉਪਲਬਧ ਨਹੀਂ ਹੈ।’’
ਸਮਾਜਵਾਦੀ ਪਾਰਟੀ ਦੀ ਲੋਕ ਸਭਾ ਮੈਂਬਰ ਡਿੰਪਲ ਯਾਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਕੁੰਭ ਦੀਆਂ ਤਿਆਰੀਆਂ ’ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਰਕਾਰ ਨੇ ਕਿਹਾ ਸੀ ਕਿ ਉਹ ਸਾਰੇ ਪ੍ਰਬੰਧ ਕਰਨਗੇ... ਲਗਭਗ 15-20 ਕਰੋੜ ਲੋਕ ਆਏ ਹੋਣਗੇ, ਲੋਕ ਆ ਰਹੇ ਹਨ ਅਤੇ ਜਾ ਰਹੇ ਹਨ, ਪਰ ਸਿਸਟਮ ਬਹੁਤ ਖਰਾਬ ਹਨ।’’