
‘ਸਿੱਖਜ਼ ਆਫ਼ ਅਮਰੀਕਾ’ ਜਥੇਬੰਦੀ ਨੇ ਭਾਰਤੀ ਸਿੱਖਾਂ ਲਈ ਭਲਾਈ ਦੇ ਕੰਮ ਕਰਨ ਬਦਲੇ ਵੈਂਕਈਆ ਨੂੰ ਸਨਮਾਨਤ ਕੀਤਾ
ਵਾਸ਼ਿਗਟਨ: ਸਾਬਕਾ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਧਰਮਨਿਰਪੱਖਤਾ ਭਾਰਤੀਆਂ ਦੇ ਖ਼ੂਨ ’ਚ ਹੈ ਅਤੇ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਮੁਕਾਬਲੇ ਭਾਰਤ ’ਚ ਘੱਟਗਿਣਤੀ ਕਿਤੇ ਜ਼ਿਆਦਾ ਸੁਰਖਿਅਤ ਹਨ। ਵੈਂਕਈਆ (74) ਨੇ ‘ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨ’ ਵਲੋਂ ਸੋਮਵਾਰ ਨੂੰ ਗ੍ਰੇਟਰ ਵਾਸ਼ਿੰਗਟਨ ਡੀ.ਸੀ. ਇਲਾਕੇ ’ਚ ਉਨ੍ਹਾਂ ਦੇ ਮਾਣ ’ਚ ਕਰਵਾਏ ਪ੍ਰੋਗਰਾਮ ’ਚ ਭਾਰਤੀ-ਅਮਰੀਕੀਆਂ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਟਿਪਣੀ ਕੀਤੀ।
‘ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨਜ਼’ ਵਲੋਂ ਕਰਵਾਏ ਪ੍ਰੋਗਰਾਮ ’ਚ ‘ਸਿੱਖਜ਼ ਆਫ਼ ਅਮਰੀਕਾ’ ਸੰਗਠਨ ਨੇ ਭਾਰਤ ਦੇ ਸਿੱਖਾਂ ਦੀ ਭਲਾਈ ਲਈ ਕੰਮ ਕਰਨ ਲਈ ਵੈਂਕਈਆ ਨੂੰ ਸਨਮਾਨਤ ਵੀ ਕੀਤਾ। ਉਨ੍ਹਾਂ ਕਿਹਾ, ‘‘ਭਾਰਤ ਵਿਰੁਧ ਕੁਪ੍ਰਚਾਰ ਕੀਤਾ ਜਾ ਰਿਹਾ ਹੈ। ਪਛਮੀ ਮੀਡੀਆ ਦਾ ਇਕ ਤਬਕਾ ਵੀ ਇਸ ’ਚ ਸ਼ਾਮਲ ਹੈ। ਉਹ ਭਾਰਤ ਅਤੇ ਉਥੇ ਘੱਟਗਿਣਤੀਆਂ ਦੀ ਸੁਰਖਿਆ ਨੂੰ ਲੈ ਕੇ ਕੀਤੇ ਜਾ ਰਹੇ ਕੁਪ੍ਰਚਾਰ ਦਾ ਹਿੱਸਾ ਬਣ ਗਿਆ ਹੈ। ਮੈਂ ਇਨ੍ਹਾਂ ਲੋਕਾਂ ਨੂੰ ਦਸਣਾ ਚਾਹੁੰਦਾ ਹਾਂ ਕਿ ਭਾਰਤ ’ਚ ਘੱਟਗਿਣਤੀ ਅਮਰੀਕਾ ਮੁਕਾਬਲੇ ਜ਼ਿਆਦਾ ਸੁਰਖਿਅਤ ਹਨ।’’
ਇਹ ਵੀ ਪੜ੍ਹੋ: ਨੌਜੁਆਨ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਸਾਬਕਾ ਰਾਸ਼ਟਰਪਤੀ ਨੇ ਕਿਹਾ, ‘‘ਤੁਸੀਂ ਵੇਖੋ ਕਿ ਭਾਰਤ ’ਚ ਕੀ ਹੋ ਰਿਹਾ ਹੈ ਅਤੇ ਦੂਜੇ ਦੇਸ਼ਾਂ ’ਚ ਕੀ ਹੋ ਰਿਹਾ ਹੈ। ਪਰ ਤੁਸੀਂ ਜਾਣਦੇ ਹੋ ਕਿ ਵਿਤਕਰਾ (ਦੂਜੇ ਦੇਸ਼ਾਂ ’ਚ) ਕੀਤਾ ਜਾ ਰਿਹਾ ਹੈ।’’ ਵੈਂਕਈਆ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ’ਚ ਹਨ। ਪਿਛਲੇ ਹਫ਼ਤੇ ਉਨ੍ਹਾਂ ਨੇ ਫਿਲਾਡੇਲਫ਼ੀਆ ’ਚ ਭਾਰਤੀ-ਅਮਰੀਕੀ ਡਾਕਟਰਾਂ ਦੀ ਇਕ ਰੈਲੀ ਨੂੰ ਸੰਬੋਧਨ ਕੀਤਾ ਸੀ।
ਸਾਬਕਾ ਉਪਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਪਣੇ ਘੱਟਗਿਣਤੀਆਂ ਦਾ ਮਾਣ ਕਰਦਾ ਹੈ ਉਨ੍ਹਾਂ ਕਿਹਾ, ‘‘ਜੋ ਲੋਕ ਪਾਕਿਸਤਾਨ ਜਾਣਾ ਚਾਹੁੰਦੇ ਸਨ ਉਹ ਪਹਿਲਾਂ ਹੀ ਦੇਸ਼ ਛੱਡ ਚੁਕੇ ਹਨ। ਜੋਕ ਲੋਕ ਦੇਸ਼ ’ਚ ਰਹਿਣਾ ਚਾਹੁੰਦੇ ਸਨ, ਉਹ ਭਾਰਤ ’ਚ ਹੀ ਹਨ। ਭਾਰਤ ’ਚ ਧਰਮਨਿਰਪੱਖਤਾ ਹੈ, ਕਿਉਂਕਿ ਇਹ ਭਾਰਤੀਆਂ ਦੇ ਖ਼ੂਨ ’ਚ ਹੈ।’’
ਪਾਕਿਸਤਾਨ ਵਲ ਇਸ਼ਾਰਾ ਕਰਦਿਆਂ ਵੈਂਕਈਆ ਨੇ ਗੁਆਂਢੀ ਦੇਸ਼ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਵਿਰੁਧ ਚੌਕਸ ਕੀਤਾ। ਉਨ੍ਹਾਂ ਦੁਹਰਾਇਆ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ। ਪਿਛਲੇ ਹਫ਼ਤੇ ਐਸੋਸੀਏਸ਼ਨ ਆਫ਼ ਫ਼ਿਜੀਸ਼ੀਅਨਜ਼ ਆਫ਼ ਇੰਡੀਅਨ ਓਰੀਜਨ (ਏ.ਏ.ਪੀ.ਆਈ.) ਦੇ 41ਵੀਂ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਰਾਸ਼ਟਰਪਤੀ ਨੇ ਸਿਹਤਮੰਦ ਜੀਵਨ ਜੀਣ ਲਈ ਜੀਵਨਸ਼ੈਲੀ ’ਚ ਬਦਲਾਅ ’ਤੇ ਜ਼ੋਰ ਦਿਤਾ ਸੀ। ਉਨ੍ਹਾਂ ਨੇ ਏ.ਏ.ਪੀ.ਆਈ. ਮੈਂਬਰਾਂ ਨੂੰ ਅਪਣੇ ਮੂਲ ਸਥਾਨ ਲਈ ਯੋਗਦਾਨ ਦੇਣ ਦੀ ਅਪੀਲ ਕੀਤੀ ਸੀ ਅਤੇ ਦੇਸ਼ ਦੀ ਧਰਤੀ ਦੀ ਦੇਖਭਾਲ ਦੇ ਮਹੱਤਵ ’ਤੇ ਚਾਨਣਾ ਪਾਇਆ।