
ਕਿਹਾ, ‘‘ਕੋਈ ਵੀ ਜਨਤਾ ਦੀ ਤਾਕਤ ਦਾ ਸਾਹਮਣਾ ਨਹੀਂ ਕਰ ਸਕਦਾ।’’
Shiv Sena News : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਤਵਾਰ ਨੂੰ ਸ਼ਿਵ ਸੈਨਾ (ਯੂ.ਬੀ.ਟੀ.) ਦੀ ਬ੍ਰਾਂਚ ਤੋੜਨ ਬਾਰੇ ਪਾਰਟੀ ਮੁਖੀ ਊਧਵ ਠਾਕਰੇ ਦੀ ਚੇਤਾਵਨੀ ਨੂੰ ‘ਖੋਖਲੀ ਧਮਕੀ’ ਕਰਾਰ ਦਿਤਾ ਹੈ।
ਦੀਵਾਲੀ ਦੇ ਇਕ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿੰਦੇ ਨੇ ਕਿਹਾ ਕਿ ਜਦੋਂ ਊਧਵ ਨੇ ਸ਼ਨਿਚਰਵਾਰ ਨੂੰ ਮੁੰਬਰਾ ਵਿਚ ‘ਬ੍ਰਾਂਚ’ ਸਾਈਟ ਦਾ ਦੌਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਊਧਵ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸਿਖਰਲੇ ਆਗੂਆਂ ਨਾਲ ਪਾਰਟੀ ਦੀ ਢਾਹੀ ਗਈ ਬ੍ਰਾਂਚ ਦਾ ਦੌਰਾ ਕਰਨ ਲਈ ਮੁੰਬਰਾ ਗਏ ਸਨ, ਪਰ ਮੁੱਖ ਮੰਤਰੀ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਰਕਰਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵਿਖਾ ਕੇ ਨਾਅਰੇਬਾਜ਼ੀ ਕੀਤੀ।
ਸਥਿਤੀ ਤਣਾਅਪੂਰਨ ਹੋਣ ’ਤੇ ਊਧਵ ਅਤੇ ਉਨ੍ਹਾਂ ਦੀ ਪਾਰਟੀ ਦੇ ਨੇਤਾ ਉਥੋਂ ਚਲੇ ਗਏ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਊਧਵ ਦਾ ਦੌਰਾ ਦੀਵਾਲੀ ਦੇ ਜਸ਼ਨਾਂ ਦੌਰਾਨ ਵਿਘਨ ਪਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਉਨ੍ਹਾਂ ਕਿਹਾ, ‘‘ਮੁੰਬਰਾ ਦੇ ਲੋਕਾਂ ਨੇ ਊਧਵ ਦੇ ਦੌਰੇ ਦੌਰਾਨ ਅਪਣੀ ਤਾਕਤ ਵਿਖਾਈ। ਕੋਈ ਵੀ ਜਨਤਾ ਦੀ ਤਾਕਤ ਦਾ ਸਾਹਮਣਾ ਨਹੀਂ ਕਰ ਸਕਦਾ।’’
ਸ਼ਿੰਦੇ ਨੇ ਕਿਹਾ, ‘‘ਜਦੋਂ ਸ਼ਿਵ ਸੈਨਿਕਾਂ ਨੇ ਮੁੰਬਰਾ ’ਚ ਪਟਾਕੇ ਚਲਾਏ ਤਾਂ ਉਨ੍ਹਾਂ ਨੂੰ ਜਾਣਾ ਪਿਆ। ਤਾਕਤ ਦਾ ਪ੍ਰਦਰਸ਼ਨ ਇੰਨਾ ਜ਼ਬਰਦਸਤ ਸੀ ਕਿ ਉਨ੍ਹਾਂ (ਸ਼ਿਵ ਸੈਨਾ ਯੂ.ਬੀ.ਟੀ. ਨੇਤਾਵਾਂ) ਨੂੰ ਪਿੱਛੇ ਹਟਣਾ ਪਿਆ।’’ ਉਨ੍ਹਾਂ ਦਾਅਵਾ ਕੀਤਾ ਕਿ ਹਾਲ ਹੀ ’ਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ’ਚ ਸ਼ਿਵ ਸੈਨਾ (ਯੂ.ਬੀ.ਟੀ.) ਸੱਤਵੇਂ ਸਥਾਨ ’ਤੇ ਖਿਸਕ ਗਈ ਹੈ ਅਤੇ ਅਗਲੀਆਂ ਚੋਣਾਂ ’ਚ ਇਹ 10ਵੇਂ ਸਥਾਨ ’ਤੇ ਖਿਸਕ ਜਾਵੇਗੀ ਕਿਉਂਕਿ ਲੋਕ ਇਸ ਦਾ ਢੁਕਵਾਂ ਜਵਾਬ ਦੇਣਗੇ।
ਮੁੱਖ ਮੰਤਰੀ ਨੇ ‘ਬ੍ਰਾਂਚ’ ਜ਼ਮੀਨ ’ਤੇ ਕਬਜ਼ੇ ਸਬੰਧੀ ਊਧਵ ਦੇ ਦੋਸ਼ਾਂ ’ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਉਹ ਤਿਉਹਾਰ ਦਾ ਮਾਹੌਲ ਖਰਾਬ ਨਹੀਂ ਕਰਨਗੇ ਅਤੇ ਅਪਣੇ ਕੰਮ ਰਾਹੀਂ ਦੋਸ਼ਾਂ ਦਾ ਜਵਾਬ ਦੇਣਗੇ।
(For more news apart from Shiv Sena News, stay tuned to Rozana Spokesman)