
ਬਠਿੰਡੇ ਦੇ ਥਰਮਲ ਪਲਾਂਟ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਕੱਢਣ ਦੀ ਥਾਂ ਕਾਂਗਰਸੀਆਂ ਨੇ ਪੰਜਾਬ ਦਾ ਧੂੰਆਂ ਕੱਢਿਆ- ਜਗਤਾਰ ਸਿੰਘ ਸੰਘੇੜਾ
ਚੰਡੀਗੜ੍ਹ: ਪੰਜਾਬ ਦਾ ਕਿਸਾਨ ਕਾਰਪੋਰੇਟ ਘਰਾਣਿਆਂ ਵੱਲੋਂ ਉਨ੍ਹਾਂ ਦੀ ਹੋਣ ਵਾਲੀ ਲੁੱਟ ਦੇ ਡਰ ਵਜੋਂ ਕੇਂਦਰ ਦੇ ਨਵੇਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਘਰ ਪਰਿਵਾਰ ਛੱਡ ਕੇ ਅੰਦੋਲਨ ਕਰ ਰਿਹਾ ਹੈ, ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨਾਲ ਗ਼ੱਦਾਰੀ ਕਰਦੇ ਹੋਏ ਕਾਰਪੋਰੇਟ ਘਰਾਣੇ ਅੰਡਾਨੀ ਨੂੰ ਪੰਜਾਬ ਦੀ ਬਿਜਲੀ ਦਾ ਠੇਕਾ ਦੇ ਦਿੱਤਾ।
Anmol Gagan Mann
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹੈੱਡਕੁਆਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਅਤੇ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਸੰਘੇੜਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ 24 ਨਵੰਬਰ ਨੂੰ ਪੰਜਾਬ ਦੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲਈ ਦਿੱਲੀ ਕੂਚ ਕਰਨ ਵਾਸਤੇ ਤਿਆਰੀ ਕਰ ਰਹੇ ਸਨ, ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬਿਜਲੀ ਸਪਲਾਈ ਦਾ ਠੇਕਾ ਅੰਡਾਨੀ ਨੂੰ ਦੇ ਦਿੱਤਾ। ਕੈਪਟਨ ਅਮਰਿੰਦਰ ਲੋਕਾਂ ਸਾਹਮਣੇ ਇਹ ਕਹਿੰਦੇ ਰਹੇ ਕਿ ਉਹ ਕਿਸਾਨ ਦੇ ਅੰਦੋਲਨ ਨਾਲ ਹਨ, ਪਰ ਉਨ੍ਹਾਂ ਕਿਸਾਨਾਂ ਦੀ ਪਿੱਠ ਪਿੱਛੇ ਸੂਬੇ ਦੀ ਬਿਜਲੀ ਦਾ ਠੇਕਾ ਕਿਸਾਨਾਂ ਦੇ ਦੁਸ਼ਮਣਾ ਨੂੰ ਦੇ ਦਿੱਤਾ।
Jagtar Singh Sanghera
ਮਾਨ ਨੇ ਕਿਹਾ ਕਿ ਕਿਸਾਨ ਕੜਾਕੇ ਦੀ ਠੰਢ ਵਿਚ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਡਰ ਹੈ ਕਿ ਇਸ ਕਾਨੂੰਨ ਤੋਂ ਉਨ੍ਹਾਂ ਦੀ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਦੀ ਜੰਗੀਰ ਬਣਾ ਦਿੱਤੀ ਜਾਵੇਗੀ। ਇੱਕ ਦਿਖਾਵੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਅਤੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਦੇ ਰਹੇ।
Captain Amarinder Singh
ਪਰ ਜਿਨ੍ਹਾਂ ਖ਼ਿਲਾਫ਼ ਕਿਸਾਨ ਲੜ ਰਹੇ ਹਨ, ਉਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੀ ਕੈਪਟਨ ਅਮਰਿੰਦਰ ਵਿਚੋਲੇ ਬਣੇ ਹੋਏ ਹਨ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਚੋਣਾਂ ਤੋਂ ਪਹਿਲਾਂ ਦਿੱਤੇ ਬਿਆਨ ਕਿ ਸਰਕਾਰ ਸਥਾਪਤੀ ਤੋਂ ਬਾਅਦ ਉਹ ਬਠਿੰਡੇ ਦੇ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਕੇ ਇਸ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਕੱਢਣਗੇ ਉੱਤੇ ਬੋਲਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਝੂਠ ਬੋਲਣ ਤੋਂ ਸਿਵਾ ਕੁੱਝ ਨਹੀਂ ਕੀਤਾ। ਬਾਦਲ ਚੋਣ ਜਿੱਤਣ ਅਤੇ ਸਰਕਾਰ ਬਣਾਉਣ ਤੋਂ ਬਾਅਦ ਬਠਿੰਡੇ ਦੇ ਚਿਮਨੀਆਂ ਵਿੱਚੋਂ ਧੂੰਆਂ ਕੱਢਣ ਵਿੱਚ ਨਾਕਾਮ ਰਹੇ ਪਰ ਲੋਕ ਮਾਰੂ ਨੀਤੀਆਂ ਨਾਲ ਪੰਜਾਬ ਦੇ ਲੋਕਾਂ ਦਾ ਧੂੰਆਂ ਜ਼ਰੂਰ ਕੱਢ ਦਿੱਤਾ।
Anmol Gagan Maan
'ਆਪ' ਆਗੂਆਂ ਨੇ ਕਿਹਾ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਕਾਰਪੋਰੇਟ ਘਰਾਣਿਆਂ ਤੋਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਕਿਸਾਨ ਲੜਾਈ ਲੜ ਰਹੇ ਹਨ ਉਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੇ ਖੇਤਾਂ ਨੂੰ ਸਿੰਚਾਈ ਲਈ ਵਰਤੀ ਜਾਣ ਵਾਲੀ ਬਿਜਲੀ ਦਾ ਠੇਕਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਕਾਰਪੋਰੇਟ ਘਰਾਣਿਆਂ ਦੀਆਂ ਬਣਾਈਆਂ ਚੀਜ਼ਾਂ ਦਾ ਬਾਈਕਾਟ ਕਰ ਰਹੇ ਹਨ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਡਾਨੀਆਂ ਨੂੰ ਪੰਜਾਬ ਚ ਆਪਣਾ ਕਾਰੋਬਾਰ ਵਧਾਉਣ ਦਾ ਮੌਕਾ ਦੇ ਰਹੇ ਹਨ। ਇਹ ਕਰਕੇ ਉਨ੍ਹਾਂ ਦਿਖਾ ਦਿੱਤਾ ਹੈ ਕਿ ਉਹ ਕਿਸਾਨ ਹਿਤੈਸ਼ੀ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਲਈ ਵਿਚੋਲਗਿਰੀ ਕਰ ਰਹੇ ਹਨ।