
ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਦਿੱਤੀ ਵਧਾਈ
ਚੰਡੀਗੜ੍ਹ: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖ਼ਾਲੀ ਹੋਈ ਜਲੰਧਰ- 4 ਦੀ ਸੀਟ ’ਤੇ ਜ਼ਿਮਨੀ ਚੋਣ ਲਈ ਪਾਰਟੀ ਹਾਈ ਕਮਾਨ ਨੇ ਮਰਹੂਮ ਸੰਸਦ ਮੈਂਬਰ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਰਮਜੀਤ ਚੌਧਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਜਿੱਤ ਲਈ ਤਿਆਰ ਹਾਂ। ਕਰਮਜੀਤ ਕੌਰ ਦੀ ਉਮੀਦਵਾਰੀ ਸਬੰਧੀ ਪੱਤਰ ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਵੱਲੋਂ ਜਾਰੀ ਕੀਤਾ ਗਿਆ। ਇਸ ਪੱਤਰ ਵਿਚ ਕਿਹਾ ਗਿਆ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜਲੰਧਰ ਲੋਕ ਸਭਾ ਸੀਟ ’ਤੇ ਹੋਣ ਵਾਲੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਵੱਲੋਂ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੰਤੋਖ ਸਿੰਘ ਚੌਧਰੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹਨਾਂ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖ਼ਾਲੀ ਹੋਈ ਸੀ। ਸੀਟ ਖ਼ਾਲੀ ਹੋਣ ਮਗਰੋਂ 6 ਮਹੀਨਿਆਂ ਵਿਚ ਜ਼ਿਮਨੀ ਚੋਣ ਕਰਵਾਉਣਾ ਲਾਜ਼ਮੀ ਹੁੰਦਾ ਹੈ। ਅਜਿਹੇ ਵਿਚ ਛੇ ਮਹੀਨਿਆਂ ਦੀ ਮਿਆਦ ਜੁਲਾਈ ਵਿਚ ਪੂਰੀ ਹੋ ਰਹੀ ਹੈ।