
MLA Pargat Singh: 'ਹੁਣ ਪੰਜਾਬ ਦੇ ਹਾਲਾਤ ਅਜਿਹੇ ਬਣ ਚੁਕੇ ਹਨ ਪਾਰਟੀਆਂ ’ਚ ਜੀ ਹਜ਼ੂਰੀਏ ਵੱਧ ਗਏ ਹਨ ਅਤੇ ਸਾਫ਼ ਸੁਥਰੀ ਗੱਲ ਕਹਿਣ ਵਾਲੇ ਆਗੂ ਘੱਟ ਰਹਿ ਗਏ ਹਨ'
MLA Pargat Singh News in punjabi : ਸੌਦਾ ਸਾਧ ਨੂੰ ਅਕਾਲ ਤਖ਼ਤ ਦੇ ਜਥੇਦਾਰ ਤੋਂ ਮਾਫ਼ੀ ਦਿਵਾਉਣ ਦੇ ਮਾਮਲੇ ’ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਦਾ ਨਾਂ ਜ਼ਿਆਦਾ ਚਰਚਾ ’ਚ ਆ ਰਿਹਾ ਹੈ। ਪਿਛਲੇ ਦਿਨੀ ਬਦਾਲ ਦਲ ਤੋਂ ਨਾਰਾਜ਼ ਆਗੁਆਂ ਦੀ ਜਲੰਧਰ ’ਚ ਹੋਈ ਮੀਟਿੰਗ ’ਚ ਵੀ ਇਸ ਮਾਮਲੇ ’ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਉਪਰ ਚਰਚਾ ਦੌਰਾਨ ਸੁਖਬੀਰ ਬਾਦਲ ਅਤੇ ਡਾ.ਚੀਮਾ ਦੀ ਭੂਮਿਕਾ ਨੂੰ ਲੈ ਕੇ ਗੱਲਬਾਤ ਹੋਈ ਸੀ।
ਹੁਣ ਸੌਦਾ ਸਾਧ ਨੂੰ ਮਾਫ਼ੀ ਦੇ ਮਾਮਲੇ ’ਚ ਸੁਖਬੀਰ ਅਤੇ ਡਾ.ਚੀਮਾ ਦੀ ਭੂਮਿਕਾ ਨੂੰ ਲੈ ਕੇ ਉਸ ਸਮੇਂ ਅਕਾਲੀ ਦਲ ’ਚ ਰਹੇ ਅਤੇ ਇਸ ਸਮੇਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਅਹਿਮ ਪ੍ਰਗਟਾਵਾ ਕਰ ਦਿਤਾ ਹੈ। ਪ੍ਰਗਟ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸੇ ਮੀਟਿੰਗ ਦੇ ਸਬੰਧ ’ਚ ਉਹ ਇਕੱਠੇ ਹੋਏ ਸਨ ਅਤੇ ਅਚਾਨਕ ਸੁਨੇਹਾ ਆਇਆ ਕਿ ਸੁਖਬੀਰ ਜੀ ਖ਼ੁਸ਼ਖਬਰੀ ਲੈ ਕੇ ਆ ਰਹੇ ਹਨ। ਇਸ ਤੋਂ ਕੁੱਝ ਸਮਾਂ ਬਾਅਦ ਹੀ ਸੁਖਬੀਰ ਬਾਦਲ ਅਤੇ ਡਾ. ਦਲਜੀਤ ਚੀਮਾ ਆ ਗਏ ਅਤੇ ਉਨ੍ਹਾਂ ਇਹ ਖ਼ੁਸ਼ਖਬਰੀ ਸੁਣਾਉਂਦੇ ਹੋਏ ਕਿਹਾ ਕਿ ਸਿੰਘ ਸਾਹਿਬਾਨ ਡੇਰਾ ਮੁਖੀ ਨੂੰ ਮਾਫ਼ੀ ਦੇਣ ਲਈ ਸਹਿਮਤ ਹੋ ਗਏ ਹਨ। ਪ੍ਰਗਟ ਸਿੰਘ ਦੇ ਦਸਣ ਮੁਤਾਬਕ ਮੈਂ ਤੁਰਤ ਹੀ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇਹ ਧਾਰਮਕ ਪੱਖੋਂ ਠੀਕ ਨਹੀਂ ਅਤੇ ਨਾ ਹੀ ਡੇਰਾ ਮੁਖੀ ਸਿੱਖ ਹੈ। ਇਹ ਸਾਡੇ ਲਈ ਦੋ ਧਾਰੀ ਤਲਵਾਰ ਹੋਵੇਗੀ।
ਪ੍ਰਗਟ ਸਿੰਘ ਦੇ ਦਸਣ ਮੁਤਾਬਕ ਉਸ ਸਮੇਂ ਵਿਰਸਾ ਸਿੰਘ ਵਲਟੋਹਾ ਨੇ ਵੀ ਕਿਹਾ ਕਿ ਇਹ ਗੱਲ ਤਾਂ ਠੀਕ ਕਹਿ ਰਹੇ ਹਨ। ਪ੍ਰਗਟ ਸਿੰਘ ਨੇ ਦਸਿਆ ਕਿ ਅਸਲ ਵਿਚ ਸੁਖਬੀਰ ਤੇ ਡਾ.ਚੀਮਾ ਉਸ ਸਮੇਂ ਸੌਦਾ ਸਾਧ ਨੂੰ ਮਾਫ਼ੀ ਦੇ ਕੇ ਹੀ ਆਏ ਸਨ। ਉਸ ਤੋਂ ਥੋੜਾ ਸਮਾਂ ਬਾਅਦ ਹੀ ਟੀ.ਵੀ. ਚੈਨਲਾਂ ’ਤੇ ਹੇਠਾਂ ਸਟ੍ਰਿਪ ਚੱਲਣ ਨਾਲ ਕਾਫ਼ੀ ਰੌਲਾ ਰੱਪਾ ਪੈ ਗਿਆ ਸੀ।
ਪ੍ਰਗਟ ਸਿੰਘ ਨੇ ਕਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਗੱਲ ਕਹਿ ਦਿੰਦਾ ਸੀ। ਇਸ ਕਰ ਕੇ ਬਾਅਦ ’ਚ ਇਹ ਗੱਲ ਵੀ ਉਠਣ ਲੱਗੀ ਸੀ ਕਿ ਅਜਿਹੇ ਬੰਦਿਆਂ ਨੂੰ ਮੀਟਿੰਗਾਂ ’ਚ ਨਾ ਸੱਦਿਆ ਕਰੋ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਹਾਲਾਤ ਅਜਿਹੇ ਬਣ ਚੁਕੇ ਹਨ ਪਾਰਟੀਆਂ ’ਚ ਜੀ ਹਜ਼ੂਰੀਏ ਵੱਧ ਗਏ ਹਨ ਅਤੇ ਸਾਫ਼ ਸੁਥਰੀ ਗੱਲ ਕਹਿਣ ਵਾਲੇ ਆਗੂ ਘੱਟ ਰਹਿ ਗਏ ਹਨ। ਇਸੇ ਤਰ੍ਹਾਂ ਸੁਖਬੀਰ ਬਾਦਲ ਨੂੰ ਵੀ ਪਾਰਟੀ ’ਚ ਕਿਸੇ ਵਲੋਂ ਸਾਫ਼ ਗੱਲ ਕਹਿਣ ਦੀ ਹਿੰਮਤ ਨਹੀਂ ਸੀ, ਜਿਸ ਕਰ ਕੇ ਪਾਰਟੀ ਦਾ ਹਾਲ ਇਹ ਹੋ ਗਿਆ ਹੈ। ਆਗੂਆਂ ਦੇ ਕਿਰਦਾਰ ’ਚ ਆ ਰਹੀ ਗਿਰਾਵਟ ਕਾਰਨ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ।