ਕਿਹਾ : ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਵੱਲੋਂ ਸਿਧਾਤਾਂ ’ਤੇ ਨਹੀਂ ਦਿੱਤਾ ਜਾ ਰਿਹਾ ਪਹਿਰਾ
ਅੰਮ੍ਰਿਤਸਰ : ਚਰਨਜੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਨੂੰ ਲਿਖੇ ਪੱਤਰ ਵਿਚ ਚਰਨਜੀਤ ਸਿੰਘ ਬਰਾੜ ਨੇ ਕਿਹਾ, ਸਤਿਕਾਰਯੋਗ ਭਰਤੀ ਕਰਤਾ ਡੈਲੀਗੇਟ ਸਹਿਬਾਨ ਅਤੇ ਹਰੇਕ ਵਰਕਰ ਤੋਂ ਮੁਆਫ਼ੀ ਚਾਹੁੰਦਾ ਹੋਇਆ ਬੜੇ ਹੀ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾਂ ਹਾਂ। ਭਾਵੇਂ ਕਿ ਆਪਣੇ ਹੱਥੀ ਮਕਾਨ ਬਣਾ ਕੇ ਛੱਡਣਾਂ ਬਹੁਤ ਔਖਾ ਹੁੰਦਾ ਹੈ ਪਰ ਹਾਲਾਤ ਹੀ ਅਜਿਹੇ ਬਣ ਗਏ ਹਨ ਕਿ ਕੋਈ ਚਾਰਾ ਨਹੀ ਬਚਿਆ। ਮੈਨੂੰ ਇਸ ਗੱਲ ਦਾ ਗਹਿਰਾ ਅਹਿਸਾਸ ਹੈ ਕਿ ਪੰਜ ਮੈਬਰੀ ਭਰਤੀ ਕਮੇਟੀ ਰਾਹੀਂ ਕਰਵਾਈ ਗਈ ਭਰਤੀ ਲਈ ਮੈ ਬਹੁਤ ਹੀ ਉਤਸ਼ਾਹਿਤ ਤਰੀਕੇ ਨਾਲ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਵਿਚੋਂ ਬਹੁਤ ਸਾਰਿਆਂ ਨੂੰ ਵਾਸਤਾ ਪਾ ਕੇ ਵੀ ਭਰਤੀ ਕਰਵਾਈ ਸੀ ਤੇ ਖ਼ਾਸ ਕਰ ਮਾਲਵੇ ਵਿਚ ਬਾਦਲ ਪਰਿਵਾਰ ਦਾ ਆਪਣਾਂ ਨਿੱਜੀ ਦਬਾਅ ਹੋਣ ਦੇ ਬਾਵਜੂਦ ਵੀ ਮਾਲਵੇ ਸਮੇਤ ਸਾਰੇ ਹੀ ਪੰਜਾਬ ਅਤੇ ਪੰਜਾਬ ਤੋ ਬਾਹਰ ਵੀ ਭਰਤੀ ਕਰਕੇ ਡੈਲੀਗੇਟ ਸਹਿਬਾਨ ਦੀ ਚੋਣ ਕਰਵਾਈ। ਜਿਸ ਨਾਲ ਸਭ ਨੂੰ ਆਸ ਬੱਝੀ ਕਿ ਪੰਥ ਤੇ ਪੰਜਾਬ ਪ੍ਰਸਤ ਨਵੀ ਨਰੋਈ ਲੀਡਰਸ਼ਿਪ ਚੁਣ ਕੇ ਪਾਰਟੀ ਦੀ ਪੁਨਰ ਸੁਰਜੀਤੀ ਹੋਵੇਗੀ।
ਪਰ ਬੜੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋ ਸਿਧਾਂਤਕ ਤੌਰ ’ਤੇ ਬੜੀਆਂ ਵੱਡੀਆਂ ਕੁਤਾਹੀਆਂ ਕੀਤੀਆਂ ਸਨ, ਜਿਸ ਕਰਕੇ ਮੇਰੇ ਪਰਿਵਾਰ ਦੀ ਮੁੱਢ ਤੋਂ ਹੀ ਬਾਦਲ ਪਰਿਵਾਰ ਨਾਲ ਸਿਆਸੀ ਤੌਰ ’ਤੇ ਬਣੀ ਪਰਿਵਾਰਕ ਸਾਂਝ ਨੂੰ ਵੀ ਛੱਡਿਆ ਸੀ। ਭਾਵੇਂ ਪਾਰਟੀ ਪ੍ਰਧਾਨ ਨਾਲ ਸਿਧਾਂਤਕ ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ ਉਥੇ ਜਾਤੀ ਤੌਰ ’ਤੇ ਇੱਜ਼ਤ ਮਾਣ ਵਿੱਚ ਕੋਈ ਕਮੀ ਨਹੀਂ ਸੀ। ਪਰ ਸਿਧਾਂਤਕ ਤੌਰ ’ਤੇ ਆਈਆਂ ਵੱਡੀਆਂ ਊਣਤਾਈਆਂ ਕਰਕੇ ਸਾਰਾ ਕੁਝ ਖੁਦ ਛੱਡ ਕੇ ਸੁਧਾਰ ਵੱਲ ਨੂੰ ਹੋ ਤੁਰਿਆ ਸੀ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਨਵੀਂ ਪਾਰਟੀ ਦੀ ਪੁਨਰ ਸੁਰਜੀਤੀ ਵਿੱਚ ਵੀ ਸਿਧਾਂਤਾਂ ’ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਮਿਤੀ 11 ਅਗਸਤ ਨੂੰ ਪਾਰਟੀ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜ ਮਹੀਨੇ ਵਿੱਚ ਕਿਸੇ ਵੀ ਲੋਕ ਮੁੱਦਿਆਂ ਲਈ ਧਰਤੀ ਤੇ ਕਿਤੇ ਵੀ ਲੜਦੇ ਨਜ਼ਰ ਨਹੀਂ ਆਏ ਅਤੇ ਨਾ ਹੀ ਪਾਰਟੀ ਨੂੰ ਕੋਈ ਵੀ ਠੋਸ ਪ੍ਰੋਗਰਾਮ ਦਿੱਤਾ ਗਿਆ। ਜਿਸ ਕਰਕੇ ਭਰਤੀ ਕਰਨ ਵਾਲੇ ਹਰੇਕ ਵਰਕਰ ਦਾ ਮਨੋਬਲ ਲਗਭਗ ਟੁੱਟ ਚੁੱਕਿਆ ਹੈ। ਸੋ ਮੈਂ ਕਿਸੇ ਦੀ ਨੁਕਤਾਚੀਨੀ ਕਰਨ ਦੀ ਬਜਾਏ ਗੁਰੂ ਸਾਹਿਬ ਦੀ ਬਾਣੀ ਵਿੱਚੋ ਪੰਕਤੀ ਰਾਹੀਂ ਆਪਣਾ ਵਿਚਾਰ ਵਿਅਕਤ ਕਰਦਾਂ ਹਾਂ ਕਿ
"ਹਮ ਨਹੀ ਚੰਗੇ ਬੁਰਾ ਨਹੀ ਕੋਇ"
ਆਸ ਕਰਦਾਂ ਹਾਂ ਕਿ ਪੁਨਰ ਸੁਰਜੀਤੀ ਲਈ ਸੁਧਾਰ ਦੇ ਰਸਤੇ ਤੋਂ ਭੜਕੀ ਹੋਈ ਲੀਡਰਸ਼ਿਪ ਹਾਲੇ ਵੀ ਆਪਣੇ ਆਪ ਨੂੰ ਦਰੁਸਤ ਕਰ ਲੈਣ ਤਾਂ ਪਾਰਟੀ ’ਚ ਸੁਧਾਰ ਹੋ ਸਕਦਾ ਹੈ ਤੇ ਪਾਰਟੀ ਕਾਮਯਾਬ ਹੋਵੇ ਮੇਰੀਆਂ ਪਾਰਟੀ ਲਈ ਇਹੀ ਸੁਭਕਾਮਨਾਵਾਂ ਹਨ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਮੇਰੇ ਨਾਲ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ’ਚ ਨਹੀਂ ਪੈਣਗੇ ਕਿਉਂਕਿ ਮੇਰੇ ਵੱਲੋਂ ਜਵਾਬ ਦੇਣ ਨਾਲ ਇਸ ਧੜੇ ਦਾ ਵੱਡਾ ਨੁਕਸਾਨ ਹੋਵੇਗਾ। ਮੇਰੇ ਵੱਲੋਂ ਹੀ ਪਹਿਲੀ ਚਿੱਠੀ ਲਿਖ ਕੇ ਸ਼ੁਰੂ ਕੀਤੀ ਇਹ ਦੂਸਰੀ ਸੁਧਾਰ ਲਹਿਰ ਦਾ ਨੁਕਸਾਨ ਕਿਸੇ ਕੀਮਤ ਵਿੱਚ ਮੈਂ ਨਹੀ ਕਰਨਾ ਚਾਹੁੰਦਾ। ਇਸੇ ਕਰਕੇ ਹੀ ਮੈਂ 13 ਅਕਤੂਬਰ 2025 ਤੋਂ ਕੰਮ ਛੱਡ ਕੇ ਚੁੱਪ-ਚਾਪ ਘਰ ਬੈਠ ਗਿਆ ਸੀ। ਪਰ ਜ਼ਿੰਦਗੀ ਬੈਠਣ ਦਾ ਨਾਮ ਨਹੀ ਇਹ ਪਹੀਆ ਚਲਦਾ ਰਹੇ ਫਿਰ ਜਿੰਦਗੀ ਕਹਾਉਦਾ ਹੈ।
