
ਮੌਜੂਦਾ ਸਿਆਸੀ ਘਟਨਾਕ੍ਰਮ 'ਤੇ ਕੀਤੀ ਵਿਚਾਰ-ਚਰਚਾ
ਕਰਨਾਟਕ ਚੋਣਾਂ ਮਗਰੋਂ ਇਸ ਮੁਲਾਕਾਤ ਨੇ ਗਰਮਾਈ ਸਿਆਸਤ!
ਨਵੀਂ ਦਿੱਲੀ : ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਆਦਿਤਿਆ ਠਾਕਰੇ ਨੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਮੌਜੂਦਾ ਸਿਆਸੀ ਘਟਨਾਕ੍ਰਮ 'ਤੇ ਚਰਚਾ ਕੀਤੀ।
ਅਰਵਿੰਦ ਕੇਜਰੀਵਾਲ ਨੇ ਠਾਕਰੇ ਨਾਲ ਮੁਲਾਕਾਤ ਦੀਆਂ ਤਸਵੀਰਾਂ ਵੀ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਹਨ। ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਨੇ ਟਵੀਟ ਕੀਤਾ, ''ਅੱਜ ਉਨ੍ਹਾਂ ਦੇ ਨਿਵਾਸ 'ਤੇ ਆਦਿਤਿਆ ਠਾਕਰੇ ਜੀ ਦੀ ਮਹਿਮਾਨਨਿਵਾਜ਼ੀ ਦਾ ਮੌਕਾ ਮਿਲਿਆ। ਉਨ੍ਹਾਂ ਨਾਲ ਦੇਸ਼ ਦੇ ਮੌਜੂਦਾ ਸਿਆਸੀ ਘਟਨਾਕ੍ਰਮ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ।''
ਇਹ ਵੀ ਪੜ੍ਹੋ: ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਨਾਂਅ ਸਿੱਖ ਇਤਿਹਾਸ 'ਚ ਹਮੇਸ਼ਾ ਚਮਕਦਾ ਰਹੇਗਾ : ਸਪੀਕਰ ਪੰਜਾਬ ਵਿਧਾਨ ਸਭਾ
ਕਰਨਾਟਕ ਚੋਣਾਂ 'ਚ ਕਾਂਗਰਸ ਦੀ ਜਿੱਤ ਤੋਂ ਤੁਰਤ ਬਾਅਦ ਅਰਵਿੰਦ ਕੇਜਰੀਵਾਲ ਅਤੇ ਆਦਿਤਿਆ ਠਾਕਰੇ ਦੀ ਮੁਲਾਕਾਤ ਦੇ ਕਈ ਅਰਥ ਕੱਢੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕਰਨਾਟਕ 'ਚ ਕਾਂਗਰਸ ਦੀ ਜਿੱਤ ਤੋਂ ਨਾ ਸਿਰਫ਼ ਕਾਂਗਰਸ ਖ਼ੁਸ਼ ਹੈ, ਸਗੋਂ ਹੋਰ ਪਾਰਟੀਆਂ ਨੂੰ ਵੀ ਲੱਗ ਰਿਹਾ ਹੈ ਕਿ 2024 'ਚ ਭਾਜਪਾ ਦਾ ਕਿਲ੍ਹਾ ਢਹਿ ਸਕਦਾ ਹੈ। ਇਸ ਮੀਟਿੰਗ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ 2024 ਵਿਚ ਵਿਰੋਧੀ ਧਿਰ ਦੀ ਏਕਤਾ ਵੱਲ ਇਕ ਕਦਮ ਹੈ।
ਪਿਛਲੇ ਕੁਝ ਸਮੇਂ ਤੋਂ ਵਿਰੋਧੀ ਧਿਰ ਇਕਜੁੱਟ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਕਈ ਮੀਟਿੰਗਾਂ ਹੋਈਆਂ, ਜਿਨ੍ਹਾਂ ਦੀ ਹਰ ਪਾਸੇ ਚਰਚਾ ਹੋਈ। ਵਿਰੋਧੀ ਧਿਰ ਦੀ ਏਕਤਾ ਸਬੰਧੀ ਇਸ ਤਾਜ਼ਾ ਮੀਟਿੰਗ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਬੈਠਕ 'ਚ ਆਦਿਤਿਆ ਠਾਕਰੇ ਦੇ ਨਾਲ ਪ੍ਰਿਅੰਕਾ ਚਤੁਰਵੇਦੀ ਵੀ ਮੌਜੂਦ ਸਨ। ਇਹ ਮੁਲਾਕਾਤ ਕਰੀਬ ਇਕ ਘੰਟੇ ਤਕ ਚੱਲੀ। ਸਾਲ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਬਹੁਤ ਖ਼ਾਸ ਹੈ ਅਤੇ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਇਸ ਲਈ ਰਣਨੀਤੀ ਬਣਾਉਣ ਵਿਚ ਜੁਟੀਆਂ ਹੋਈਆਂ ਹਨ।