ਕੇਂਦਰ ਦੇ ਇਸ਼ਾਰਿਆਂ 'ਤੇ ਚੱਲਣ ਵਾਲੇ ਸੂਬੇ ਦੇ ਗਵਰਨਰ ਸਾਬ੍ਹ ਪੰਜਾਬ ਦੇ ਰੋਕੇ ਆਰ.ਡੀ.ਐਫ਼. ਅਤੇ ਬਾਕੀ ਪੈਸੇ ਬਾਰੇ ਕਿਉਂ ਨਹੀਂ ਮੋਦੀ ਸਰਕਾਰ ਨੂੰ ਸਵਾਲ ਕਰਦੇ?- ਕੰਗ
ਆਮ ਆਦਮੀ ਪਾਰਟੀ ਨੇ ਗਵਰਨਰ ਪੰਜਾਬ ਦੇ ਝੂਠ ਦਾ ਕੀਤਾ ਪਰਦਾਫ਼ਾਸ਼!ਪੰਜਾਬ ਦੇ ਗਵਰਨਰ ਨੇ ਸ਼ਰੇਆਮ ਪੰਜਾਬ ਯੂਨੀਵਰਸਿਟੀ ਵਿਚ ਹਰਿਆਣੇ ਨੂੰ ਹਿੱਸਾ ਦੇਣ ਦੀ ਗੱਲ ਕੀਤੀ, ਪਰ ਵਿਰੋਧੀ ਧਿਰ ਦੇ ਕਿਸੇ ਨੇਤਾ ਨੇ ਇਸਦਾ ਵਿਰੋਧ ਨਹੀਂ ਕੀਤਾ, ਆਖ਼ਰ ਕਿਉਂ?- ਕੰਗ
ਚੰਡੀਗੜ੍ਹ : "ਪੰਜਾਬ ਦੇ ਗਵਰਨਰ ਵਲੋਂ ਲਗਾਤਾਰ ਕੇਂਦਰ ਦੇ ਇਸ਼ਾਰਿਆਂ 'ਤੇ ਚੱਲਦਿਆਂ ਪੰਜਾਬ ਅਤੇ ਪੰਜਾਬ ਸਰਕਾਰ ਵਿਰੁਧ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਵਿਚ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦਾ ਸਾਥ ਦੇ ਰਹੀਆਂ ਹਨ। ਗਵਰਨਰ ਪੰਜਾਬ ਕਦੇ ਪ੍ਰਤਾਪ ਬਾਜਵਾ ਦੇ ਇਸ਼ਾਰੇ ਉਤੇ ਵਿਧਾਨ ਸਭਾ ਵਿੱਚ 'ਮੇਰੀ ਸਰਕਾਰ' ਕਹਿਣ ਤੋਂ ਪਾਸਾ ਵੱਟ ਅਪਣੀਆਂ ਸੰਵਾਧਿਨ ਜ਼ਿੰਮੇਵਾਰੀਆਂ ਤੋਂ ਭੱਜਦੇ ਹਨ, ਕਦੇ ਪੰਜਾਬ ਦੇ ਗਵਰਨਰ ਹੁੰਦਿਆਂ ਪੰਜਾਬ ਯੂਨੀਵਰਸਿਟੀ ਵਿਚ ਹਰਿਆਣੇ ਨੂੰ ਹਿੱਸਾ ਦੇਣ ਦੀ ਸ਼ਰੇਆਮ ਵਕਾਲਤ ਕਰਦੇ ਹਨ। ਪਰ ਅਫ਼ਸੋਸ ਕਿ ਪੰਜਾਬ-ਹਿਤੈਸ਼ੀ ਅਖਵਾਉਣ ਵਾਲੀਆਂ ਵਿਰੋਧੀ ਧਿਰਾਂ ਅਤੇ ਉਨ੍ਹਾਂ ਦੇ ਆਗੂ ਇਸ ਗੰਭੀਰ ਮਸਲੇ 'ਤੇ ਆਪਣਾ ਮੂੰਹ ਤਕ ਨਹੀਂ ਖੋਲ੍ਹਦੇ।"
ਉਪਰੋਕਤ ਸ਼ਬਦ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਦੇ ਹਨ, ਜੋਕਿ ਦਿਨ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਸਥਿਤ 'ਆਪ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਕੰਗ ਨੇ ਪਿਛਲੇ ਦਿਨੀਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਲੋਂ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਲੰਘੇ ਵਿਧਾਨ ਸਭਾ ਸ਼ੈਸ਼ਨ ਵਿਚ 'ਮੇਰੀ ਸਰਕਾਰ' ਨਾ ਕਹਿਣ ਦੇ ਮਸਲੇ 'ਤੇ ਪੱਤਰਕਾਰ ਵਲੋਂ ਪੁੱਛੇ ਸਵਾਲ ਉਪਰੰਤ ਅਪਣੀ ਗ਼ਲਤੀ ਤੋਂ ਮੁਨਕਰ ਹੋਣ ਅਤੇ ਬੋਲੇ ਕੋਰੇ ਝੂਠ ਨੂੰ ਉਜਾਗਰ ਕਰਦਿਆਂ ਉਪਰੋਕਤ ਸ਼ੈਸ਼ਨ ਦੀ ਇਕ ਵੀਡੀਉ ਪੱਤਰਕਾਰਾਂ ਨਾਲ ਸਾਂਝੀ ਕੀਤੀ ਅਤੇ ਸੱਚ ਸਭ ਦੇ ਸਾਹਮਣੇ ਰੱਖਿਦਿਆਂ ਗਵਰਨਰ ਪੰਜਾਬ ਨੂੰ ਆਪਣੇ ਸੰਵਿਧਾਨਿਕ ਅਹੁਦੇ ਦੀ ਮਾਣ-ਮਰਿਆਦਾ ਦਾ ਧਿਆਨ ਰੱਖਣ ਲਈ ਬੇਨਤੀ ਕੀਤੀ।
ਵੀਡੀਉ ਦਾ ਹਵਾਲਾ ਦਿੰਦਿਆ ਕੰਗ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਕੇਂਦਰ ਦੇ ਇਸ਼ਾਰਿਆਂ ਉੱਪਰ ਚੱਲ ਲਗਾਤਾਰ ਪੰਜਾਬ ਅਤੇ ਪੰਜਾਬ ਸਰਕਾਰ ਵਿਰੁਧ ਸਾਜ਼ਿਸ਼ਾਂ ਕਰ ਰਹੇ ਹਨ। ਇਸ ਵਿਚ ਵਿਰੋਧੀ ਧਿਰ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ। ਕੰਗ ਨੇ ਸਵਾਲ ਕੀਤਾ ਕਿ ਪੰਜਾਬ ਦੀਆਂ ਸਰਹੱਦਾਂ ਸਮੇਤ ਸੂਬੇ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕਰ ਖੁਦ ਨੂੰ ਪੰਜਾਬ ਹਿਤੈਸ਼ੀ ਪੇਸ਼ ਕਰਨ ਵਾਲੇ ਗਵਰਨਰ ਸਾਬ੍ਹ ਕੀ ਕਦੇ ਕੇਂਦਰ ਸਰਕਾਰ ਨੂੰ ਇਹ ਸਵਾਲ ਕਰ ਸਕਦੇ ਹਨ ਕਿ ਉਸ ਨੇ ਸੂਬੇ ਦੇ ਆਰ.ਡੀ.ਐਫ਼. ਅਤੇ ਨੈਸ਼ਨਲ ਹੈੱਲਥ ਮਿਸ਼ਨ ਦਾ ਪੈਸਾ ਕਿਉਂ ਰੋਕ ਰਖਿਆ ਹੈ? ਕੇਂਦਰ ਲਗਾਤਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ ਪਰ ਗਵਰਨਰ ਪੰਜਾਬ ਵਿਚ ਇਹ ਹਿੰਮਤ ਨਹੀਂ ਕਿ ਉਹ ਮੋਦੀ ਸਰਕਾਰ ਖਿਲਾਫ਼ ਕੁਝ ਕਹਿ ਸਕਣ।
ਇਹ ਵੀ ਪੜ੍ਹੋ: 'ਛੂਹਣਾ ਹੈ ਆਸਮਾਨ': ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ 3 ਮਹਿਲਾ ਕੈਡਿਟਾਂ ਦੀ ਏਅਰ ਫੋਰਸ ਅਕੈਡਮੀ 'ਚ ਪ੍ਰੀ-ਕਮਿਸ਼ਨ ਸਿਖਲਾਈ ਲਈ ਚੋਣ
ਗਵਰਨਰ ਦੇ ਪੰਜਾਬ ਦੌਰਿਆਂ 'ਤੇ ਸਵਾਲ ਚੁੱਕਦਿਆਂ ਕੰਗ ਨੇ ਕਿਹਾ ਕਿ ਗੁਜਰਾਤ ਵਰਗੇ ਵੱਡੇ ਸਰਹੱਦੀ ਸੂਬੇ ਜਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਜਿਥੇ ਭਾਜਪਾ ਦੀਆਂ ਸਰਕਾਰਾਂ ਹਨ ਅਤੇ ਜਿਥੋਂ ਆਏ ਦਿਨ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ, ਆਏ ਦਿਨ ਕਤਲ ਹੋ ਰਹੇ ਹਨ, ਦਲਿਤ ਧੀਆਂ-ਭੈਣਾਂ ਨਾਲ ਬਲਾਤਕਾਰ ਹੁੰਦੇ ਹਨ, ਪਰ ਤਾਂ ਵੀ ਉਥੋਂ ਦੇ ਗਵਰਨਰਾਂ ਵਿਚ ਐਨੀ ਹਿੰਮਤ ਨਹੀਂ ਕਿ ਉਹ ਕੁਝ ਬੋਲਣ, ਪਰ ਪੰਜਾਬ ਦੇ ਗਵਰਨਰ ਆਏ ਦਿਨ ਸਿਆਸਤ ਕਰਨ ਦਾ ਬਹਾਨਾ ਲੱਭਦੇ ਹਨ।
ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਕਟਿਹਰੇ 'ਚ ਖੜ੍ਹਾ ਕਰਦਿਆਂ ਕੰਗ ਨੇ ਸਵਾਲ ਕੀਤਾ ਕਿ ਖ਼ੁਦ ਨੂੰ ਪੰਜਾਬ-ਹਿਤੈਸ਼ੀ ਦੱਸਣ ਵਾਲੀਆਂ ਇਹ ਪਾਰਟੀਆਂ ਉਦੋਂ ਕੁਝ ਕਿਉਂ ਨਹੀਂ ਬੋਲੀਆਂ ਜਦ ਪਿਛਲੇ ਦਿਨੀਂ ਗਵਰਨਰ ਨੇ ਪੰਜਾਬ ਯੂਨੀਵਰਸਿਟੀ ਦੇ ਮਸਲੇ 'ਤੇ ਸ਼ਰੇਆਮ ਪ੍ਰੈਸ ਕਾਨਫਰੰਸ ਕਰ ਕੇ ਹਰਿਆਣੇ ਨੂੰ ਯੂਨੀਵਰਸਿਟੀ ਵਿਚੋਂ ਹਿੱਸਾ ਦੇਣ ਦੀ ਵਕਾਲਤ ਕੀਤੀ ਸੀ! ਉਦੋਂ ਬਾਜਵਾ, ਸੁਖਬੀਰ ਬਾਦਲ ਜਾਂ ਮਜੀਠੀਆ ਨੇ ਕੁਝ ਕਿਉਂ ਨਹੀਂ ਬੋਲਿਆ? ਅੰਤ ਵਿਚ ਮਲਵਿੰਦਰ ਕੰਗ ਨੇ ਕਿਹਾ ਕਿ ਦਰਅਸਲ ਪੰਜਾਬ ਦੇ ਗਵਰਨਰ, ਵਿਰੋਧੀ ਪਾਰਟੀਆਂ ਇਹ ਸਭ ਕੇਂਦਰ ਦੇ ਇਸ਼ਾਰੇ 'ਤੇ ਚੱਲ ਪੰਜਾਬ ਵਿਰੁਧ ਸਾਜ਼ਿਸ਼ਾਂ ਰਚ ਰਹੇ ਹਨ। ਪੰਜਾਬੀਆਂ ਨੂੰ ਇਨ੍ਹਾਂ ਦੋਗਲੇ ਕਿਰਦਾਰ ਵਾਲੇ ਝੂਠੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।