
ਕੇਂਦਰ ਨੂੰ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਜਲਦੀ ਤੋਂ ਜਲਦੀ ਬਹਾਲ ਕਰਨ ਦੀ ਕੀਤੀ ਅਪੀਲ
ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਦੋਹਰੇ ਸ਼ਾਸਨ ਮਾਡਲ ਨੂੰ ‘ਤਬਾਹੀ ਦਾ ਸੱਦਾ’ ਕਰਾਰ ਦਿਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਅਪਣਾ ਵਾਅਦਾ ਪੂਰਾ ਕਰੇ ਅਤੇ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਜਲਦੀ ਤੋਂ ਜਲਦੀ ਬਹਾਲ ਕਰੇ।
ਅਕਤੂਬਰ ’ਚ ਅਹੁਦਾ ਸੰਭਾਲਣ ਤੋਂ ਬਾਅਦ ਅਪਣੇ ਪਹਿਲੇ ਇੰਟਰਵਿਊ ’ਚ ਅਬਦੁੱਲਾ ਨੇ ਜੰਮੂ-ਕਸ਼ਮੀਰ ’ਚ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵਾਰ-ਵਾਰ ਕੀਤੇ ਵਾਅਦਿਆਂ ਦਾ ਹਵਾਲਾ ਦਿੰਦੇ ਹੋਏ ਸੂਬੇ ਦਾ ਦਰਜਾ ਬਹਾਲ ਕਰਨ ਲਈ ਕੇਂਦਰ ਦੀ ਵਚਨਬੱਧਤਾ ਨੂੰ ਲੈ ਕੇ ਉਮੀਦ ਪ੍ਰਗਟਾਈ।
ਮੁੱਖ ਮੰਤਰੀ ਦੀ ਇਹ ਟਿਪਣੀ ਜੰਮੂ-ਕਸ਼ਮੀਰ ਦੇ ਗੁੰਝਲਦਾਰ ਸਿਆਸੀ ਦ੍ਰਿਸ਼ ਨੂੰ ਦਰਸਾਉਂਦੀ ਹੈ। ਅਬਦੁੱਲਾ ਨੇ ਕਿਹਾ, ‘‘ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਤੇ ਵੀ ਦੋ ਸ਼ਕਤੀ ਕੇਂਦਰ ਤਬਾਹੀ ਨੂੰ ਸੱਦਾ ਦਿੰਦੇ ਹਨ। ... ਜੇ ਬਹੁਤ ਸਾਰੇ ਸ਼ਕਤੀ ਕੇਂਦਰ ਹਨ, ਤਾਂ ਕੋਈ ਵੀ ਸੰਗਠਨ ਸਹੀ ਢੰਗ ਨਾਲ ਕੰਮ ਨਹੀਂ ਕਰਦਾ... ਇਸ ਲਈ ਸਾਡੀ ਖੇਡ ਟੀਮ ਵਿਚ ਇਕ ਕਪਤਾਨ ਹੈ। ਤੁਹਾਡੇ ਕੋਲ ਦੋ ਕਪਤਾਨ ਨਹੀਂ ਹੋ ਸਕਦੇ।’’
ਉਨ੍ਹਾਂ ਨੇ ਦਿੱਲੀ ਦੀ ਉਦਾਹਰਣ ਦਿਤੀ ਜਿੱਥੇ ਸਰਕਾਰ ਉਪ ਰਾਜਪਾਲ ਨਾਲ ਸੱਤਾ ਸਾਂਝੀ ਕਰਦੀ ਹੈ, ਜੋ ਕਿ ਚੰਗਾ ਤਜਰਬਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਦੋ ਸ਼ਕਤੀ ਕੇਂਦਰ ਕਦੇ ਸਫਲ ਨਹੀਂ ਹੋ ਸਕਦੇ।