
ਕਿਹਾ, ਉਮੀਦ ਹੈ ਕਿ ਮਨੀਪੁਰ ’ਚ ਜਲਦੀ ਤੋਂ ਜਲਦੀ ਸ਼ਾਂਤੀ ਵਾਪਸ ਆਵੇਗੀ
ਸੈਨਾਪਤੀ (ਮਨੀਪੁਰ): ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਦੂਜੇ ਦਿਨ ਸੋਮਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਨੀਪੁਰ ਦੇ ਲੋਕਾਂ ਦੇ ਨਾਲ ਖੜੀ ਹੈ ਅਤੇ ਸੂਬੇ ਨੂੰ ਮੁੜ ਸ਼ਾਂਤੀਪੂਰਨ ਅਤੇ ਸਦਭਾਵਨਾ ਵਾਲਾ ਬਣਾਉਣਾ ਚਾਹੁੰਦੀ ਹੈ। ਰਾਹੁਲ ਗਾਂਧੀ ਨੇ ਸੋਮਵਾਰ ਸਵੇਰੇ ਵੋਲਵੋ ਬੱਸ ’ਚ ਅਪਣੀ ਅੱਗੇ ਦੀ ਯਾਤਰਾ ਸ਼ੁਰੂ ਕੀਤੀ। ਉਹ ਕੁੱਝ ਦੂਰੀ ਪੈਦਲ ਵੀ ਚੱਲੇ। ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁਛਿਆ।
ਰਾਹੁਲ ਗਾਂਧੀ ਦੀ ਬੱਸ ਦੇ ਕਈ ਭੀੜ ਵਾਲੇ ਇਲਾਕਿਆਂ ਤੋਂ ਲੰਘਣ ’ਤੇ ਕਈ ਲੋਕ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ, ਯਾਤਰਾ ਮਾਰਗ ’ਤੇ ਕਤਾਰਾਂ ’ਚ ਖੜੇ ਹੋ ਗਏ ਅਤੇ ਰਾਹੁਲ ਗਾਂਧੀ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ। ਸੇਨਾਪਤੀ ’ਚ ਅਪਣੀ ਬੱਸ ’ਤੇ ਖੜੇ ਹੋ ਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਦੀ ਯਾਤਰਾ ਕੀਤੀ ਅਤੇ ਇਸ ਦਾ ਉਦੇਸ਼ ਲੋਕਾਂ ਨੂੰ ਇਕਜੁੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਸਫਲ ਯਾਤਰਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ 4 ਹਜ਼ਾਰ ਕਿਲੋਮੀਟਰ ਪੈਦਲ ਚੱਲੇ।
ਉਨ੍ਹਾਂ ਕਿਹਾ, ‘‘ਅਸੀਂ ਪੂਰਬ ਤੋਂ ਪੱਛਮ ਤਕ ਇਕ ਹੋਰ ਯਾਤਰਾ ਕਰਨਾ ਚਾਹੁੰਦੇ ਸੀ ਅਤੇ ਅਸੀਂ ਫੈਸਲਾ ਕੀਤਾ ਕਿ ਸੱਭ ਤੋਂ ਪ੍ਰਭਾਵਸ਼ਾਲੀ ਚੀਜ਼ ਮਨੀਪੁਰ ਤੋਂ ਯਾਤਰਾ ਸ਼ੁਰੂ ਕਰਨਾ ਹੋਵੇਗਾ। ਇਸ ਨਾਲ ਭਾਰਤ ਦੇ ਲੋਕ ਜਾਣ ਸਕਣਗੇ ਕਿ ਮਨੀਪੁਰ ਦੇ ਲੋਕ ਕਿਸ ਸਥਿਤੀ ’ਚੋਂ ਲੰਘ ਰਹੇ ਹਨ, ਉਹ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਹ ਕਿਹੜੇ ਸੰਘਰਸ਼ਾਂ ਦਾ ਸਾਹਮਣਾ ਕਰ ਰਹੇ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਮੈਂ ਸਮਝਦਾ ਹਾਂ ਕਿ ਤੁਸੀਂ ਤ੍ਰਾਸਦੀ ਝੱਲੀ ਹੈ, ਤੁਸੀਂ ਅਪਣੇ ਪਰਵਾਰਕ ਜੀਆਂ ਨੂੰ ਗੁਆ ਦਿਤਾ ਹੈ, ਤੁਸੀਂ ਜਾਇਦਾਦ ਗੁਆ ਦਿਤੀ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਅਸੀਂ ਮਨੀਪੁਰ ’ਚ ਸ਼ਾਂਤੀ ਵਾਪਸ ਲਿਆਉਣਾ ਚਾਹੁੰਦੇ ਹਾਂ। ਅਸੀਂ ਮਨੀਪੁਰ ਨੂੰ ਫਿਰ ਤੋਂ ਸ਼ਾਂਤੀਪੂਰਨ ਅਤੇ ਸਦਭਾਵਨਾ ਵਾਲਾ ਬਣਾਉਣਾ ਚਾਹੁੰਦੇ ਹਾਂ।’’
ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਵਫ਼ਦਾਂ ਨਾਲ ਗੱਲ ਕਰ ਰਹੇ ਹਨ ਅਤੇ ਉਹ ਉਨ੍ਹਾਂ ਨੂੰ ਮਨੀਪੁਰ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਮਨੀਪੁਰ ’ਚ ਜਲਦੀ ਤੋਂ ਜਲਦੀ ਸ਼ਾਂਤੀ ਵਾਪਸ ਆਵੇਗੀ।’’
ਇਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਭਾਰਤ ਜੋੜੋ ਨਿਆਂ ਯਾਤਰਾ ਦਾ ਦੂਜਾ ਦਿਨ ਸਵੇਰੇ 7:30 ਵਜੇ ਸੇਵਾ ਦਲ ਵਲੋਂ ਕੈਂਪ ਵਾਲੀ ਥਾਂ ’ਤੇ ਰਵਾਇਤੀ ਝੰਡਾ ਲਹਿਰਾਉਣ ਨਾਲ ਸ਼ੁਰੂ ਹੋਇਆ। ਮਨੀਪੁਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ ਮੇਘਚੰਦਰ ਨੇ ਕੌਮੀ ਝੰਡਾ ਲਹਿਰਾਇਆ।’’ ਉਨ੍ਹਾਂ ਕਿਹਾ ਕਿ ਇਹ ਯਾਤਰਾ ਮਨੀਪੁਰ ਦੇ ਸੇਕਾਈ ਤੋਂ ਕੰਗਪੋਕਪੀ ਤਕ ਜਾਵੇਗੀ ਅਤੇ ਫਿਰ ਸੇਨਾਪਤੀ ਤੋਂ ਲੰਘੇਗੀ। ਯਾਤਰਾ ’ਚ ਸ਼ਾਮਲ ਲੋਕ ਰਾਤ ਨਾਗਾਲੈਂਡ ’ਚ ਰੁਕਣਗੇ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਮਨੀਪੁਰ ਤੋਂ ਭਾਰਤ ਜੋੜੋ ਨਿਆਂ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਦੇਸ਼ ਲਈ ਇਕ ਅਜਿਹਾ ਦ੍ਰਿਸ਼ਟੀਕੋਣ ਰੱਖਣ ’ਤੇ ਜ਼ੋਰ ਦਿਤਾ ਸੀ ਜੋ ਹਿੰਸਾ, ਨਫ਼ਰਤ ਅਤੇ ਇਜਾਰੇਦਾਰੀ ’ਤੇ ਅਧਾਰਤ ਨਹੀਂ ਬਲਕਿ ਸਦਭਾਵਨਾ, ਭਾਈਚਾਰੇ ਅਤੇ ਸਮਾਨਤਾ ’ਤੇ ਅਧਾਰਤ ਹੋਵੇ। ਕਾਂਗਰਸ ਇਸ ਯਾਤਰਾ ਰਾਹੀਂ ਲੋਕ ਸਭਾ ਚੋਣਾਂ ਦੀ ਚਰਚਾ ਤੈਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।