
ਪੰਜਾਬ ਵੀਰਾਂ-ਸ਼ਹੀਦਾਂ ਦੀ ਧਰਤੀ, ਇੱਥੇ ਜਾਤ- ਧਰਮ ਦਾ ਏਜੰਡਾ ਕਦੇ ਸਫ਼ਲ ਨਹੀਂ ਹੋ ਸਕਦਾ : ਦਿਨੇਸ਼ ਚੱਢਾ
ਕਾਂਗਰਸ ਨੇ ਆਪਣੇ ਭ੍ਰਿਸ਼ਟਾਚਾਰ ਅਤੇ ਲੁੱਟ ਨੂੰ ਛੁਪਾਉਣ ਲਈ ਜਾਤੀ ਕਾਰਡ ਖੇਡਿਆ ਅਤੇ ਮੁੱਖ ਮੰਤਰੀ ਬਦਲਣ ਦਾ ਡਰਾਮਾ ਕੀਤਾ: ਦਿਨੇਸ਼ ਚੱਢਾ
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਦੇ ਮੁੱਦੇ ’ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕਾਂਗਰਸ ’ਤੇ ਹਮਲਾ ਬੋਲਿਆ ਹੈ। ਚੱਢਾ ਨੇ ਕਿਹਾ ਕਿ ਸੁਨੀਲ ਜਾਖੜ ਦੇ ਅਸਤੀਫ਼ੇ ਨੇ ਕਾਂਗਰਸ ਪਾਰਟੀ ਦੀ ਜਾਤੀ ਅਤੇ ਧਾਰਮਿਕ ਰਾਜਨੀਤੀ ਦੀ ਪੋਲ ਖੋਲ੍ਹ ਦਿੱਤੀ ਹੈ। ਕਾਂਗਰਸ ਦੀ ਪੰਜਾਬ ਨੂੰ ਜਾਤ ਅਤੇ ਧਰਮ ਵਿੱਚ ਵੰਡਣ ਵਾਲੀ ਰਾਜਨੀਤੀ ਦਾ ਵਿਰੋਧ ਕਰਨ ਕਰਕੇ ਹੀ ਸੁਨੀਲ ਜਾਖੜ ਨੂੰ ਪਾਰਟੀ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ।
Dinesh Chadha and Malwinder Singh Kang
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਦਿਨੇਸ਼ ਚੱਢਾ ਨੇ ਕਾਂਗਰਸ ਪਾਰਟੀ ’ਤੇ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਵਿੱਚ ਜਾਤ ਅਤੇ ਧਰਮ ਦੀ ਰਾਜਨੀਤੀ ਕੀਤੀ ਹੈ ਅਤੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ ’ਤੇ ਵੰਡ ਕੇ ਸੱਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਵਿੱਚ ਵੀ ਉਸ ਨੇ ਚੋਣਾ ਤੋਂ ਪਹਿਲਾ ਪੰਜਾਬੀਆਂ ਨੂੰ ਵੰਡਣ ਲਈ ਜਾਤ ਤੇ ਧਰਮ ਦਾ ਕਾਰਡ ਖੇਡਿਆ ਅਤੇ ਸੁਨੀਲ ਜਾਖੜ ਨੂੰ ਸਿਰਫ਼ ਹਿੰਦੂ ਹੋਣ ਦੇ ਨਾਤੇ ਵਿਧਾਇਕਾਂ ਵੱਲੋਂ ਸਮਰਥਨ ਦੇਣ ਦੇ ਬਾਵਜੂਦ ਮੁੱਖ ਮੰਤਰੀ ਨਹੀਂ ਬਣਾਇਆ। ਸੁਨੀਲ ਜਾਖੜ ਨੂੰ ਕਾਂਗਰਸ ਦੀ ਇਸੇ ਘਟੀਆ ਰਾਜਨੀਤੀ ਦਾ ਖਮਿਆਜ਼ਾ ਭੁਗਤਣਾ ਪਿਆ ਹੈ।
Dinesh Chadha and Malwinder Singh Kang
ਚੱਢਾ ਨੇ ਕਿਹਾ ਕਿ 2017 ਵਿੱਚ ਚੋਣਾਂ ਜਿੱਤਣ ਤੋਂ ਬਾਅਦ ਸਾਢੇ ਚਾਰ ਸਾਲ ਤੱਕ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ। ਕਾਂਗਰਸੀ ਆਗੂਆਂ ਨੇ ਬਾਦਲਾਂ ਦੀ ਤਰ੍ਹਾਂ ਪੰਜਾਬ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਮਾਫੀਆ ਕਾਰੋਬਾਰ ਨੂੰ ਚਲਾਇਆ ਅਤੇ ਪੈਸਾ ਕਮਾਇਆ। ਜਦੋਂ ਜਨਤਾ ਕਾਂਗਰਸ ਸਰਕਾਰ ਦੀ ਸਚਾਈ ਸਮਝ ਗਈ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਾਂਗਰਸ ਨੇ ਜਾਤ ਦਾ ਕਾਰਡ ਖੇਡਿਆ ਅਤੇ ਮੁੱਖ ਮੰਤਰੀ ਬਦਲਣ ਦਾ ਡਰਾਮਾ ਕੀਤਾ।
ਵਿਧਾਇਕ ਚੱਢਾ ਨੇ ਕਿਹਾ ਕਿ ਪੰਜਾਬ ਵੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ।
Dinesh Chadha and Malwinder Singh Kang
ਪੰਜਾਬ ਦੀ ਧਰਤੀ ’ਤੇ ਜਾਤ, ਧਰਮ ਅਤੇ ਨਫ਼ਰਤ ਦੀ ਰਾਜਨੀਤੀ ਦੇ ਬੀਜ ਨਹੀਂ ਬੀਜੇ ਜਾ ਸਕਦੇ। ਇੱਥੋਂ ਦੇ ਲੋਕਾਂ ਨੇ ਹਮੇਸ਼ਾਂ ਹੀ ਇਸ ਤਰ੍ਹਾਂ ਦੀ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਇਆ ਹੈ। ਪੰਜਾਬ ਵਿੱਚ ਕਾਂਗਰਸ ਹੀ ਨਹੀਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਧਾਰਮਿਕ ਏਜੰਡਾ ਕਦੇ ਸਫ਼ਲ ਨਹੀਂ ਹੋ ਸਕਦਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਦੇ ਧਾਰਮਿਕ ਏਜੰਡਿਆਂ ਤੋਂ ਸਾਵਧਾਨ ਰਹਿਣ, ਤਾਂਕਿ ਪੰਜਾਬ ’ਚ ਅਮਨ- ਸ਼ਾਂਤੀ ਅਤੇ ਭਾਈਚਾਰੇ ਦਾ ਮਹੌਲ ਹਮੇਸ਼ਾ ਬਣਿਆ ਰਹੇ।