
ਕਿਹਾ, ਜੋ ਫ਼ਰਜ਼ ਹਾਈਕਮਾਂਡ ਨੇ ਦਿਤਾ ਹੈ ਮੈਂ ਉਹੀ ਨਿਭਾਅ ਰਿਹਾ ਹਾਂ
ਮੁੱਖ ਮੰਤਰੀ ਅਹੁਦੇ ਲਈ ਸ਼ਿਵਕੁਮਾਰ ਦੀ ਸੀਨੀਅਰ ਕਾਂਗਰਸੀ ਆਗੂ ਸਿੱਧਰਮਈਆ ਨਾਲ ਹੈ ਸਖ਼ਤ ਟੱਕਰ
ਬੈਂਗਲੁਰੂ : ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ (ਕੇ.ਪੀ.ਸੀ.ਸੀ.) ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੇ ਮੁੱਦੇ 'ਤੇ ਚਰਚਾ ਕਰਨ ਲਈ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੋਂ ਕੋਈ ਫ਼ੋਨ ਨਹੀਂ ਆਇਆ ਹੈ।
ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ, ਸ਼ਿਵਕੁਮਾਰ ਨੇ ਕਿਹਾ, "ਮੈਨੂੰ ਨਹੀਂ ਪਤਾ।" ਮੈਨੂੰ ਜੋ ਵੀ ਕੰਮ ਦਿਤਾ ਗਿਆ ਮੈਂ ਉਹੀ ਕੀਤਾ ਹੈ। ਅਸੀਂ ਦਿੱਲੀ ਨੂੰ ਇਕ ਲਾਈਨ ਦਾ ਪ੍ਰਸਤਾਵ ਭੇਜਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸ਼ੁਭ ਸਮੇਂ 'ਤੇ ਬਣੇਗੀ।
ਇਹ ਵੀ ਪੜ੍ਹੋ: ਜਲੰਧਰ ਦੇ ਸਾਬਕਾ ਮੇਅਰ ਤੇ ਭਾਜਪਾ ਆਗੂ ਦਾ ਦੇਹਾਂਤ
ਹਾਈਕਮਾਂਡ ਵਲੋਂ ਉਨ੍ਹਾਂ ਨੂੰ ਕੌਮੀ ਰਾਜਧਾਨੀ ਬੁਲਾਏ ਜਾਣ ਦੀਆਂ ਕਿਆਸਅਰਾਈਆਂ ਦਰਮਿਆਨ ਉਨ੍ਹਾਂ ਕਿਹਾ ਕਿ ਮੈਨੂੰ ਅਜੇ ਤਕ ਕੋਈ ਫ਼ੋਨ ਨਹੀਂ ਆਇਆ। ਨਵੀਂ ਸਰਕਾਰ ਕਦੋਂ ਬਣੇਗੀ? ਇਸ ਸਵਾਲ ਦੇ ਜਵਾਬ ਵਿਚ ਸ਼ਿਵਕੁਮਾਰ ਨੇ ਕਿਹਾ, "ਅਸੀਂ ਹਫ਼ਤੇ ਦਾ ਸ਼ੁਭ ਦਿਨ ਅਤੇ ਸ਼ੁਭ ਸਮਾਂ ਦੇਖਾਂਗੇ।"
ਸ਼ਿਵਕੁਮਾਰ ਦੀ ਮੁੱਖ ਮੰਤਰੀ ਅਹੁਦੇ ਲਈ ਸੀਨੀਅਰ ਕਾਂਗਰਸੀ ਆਗੂ ਸਿੱਧਰਮਈਆ ਨਾਲ ਸਖ਼ਤ ਟੱਕਰ ਹੈ। ਦੋਵੇਂ ਆਗੂਆਂ ਨੂੰ ਇਸ ਅਹੁਦੇ ਲਈ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਐਤਵਾਰ ਸ਼ਾਮ ਨੂੰ ਇਥੇ ਇਕ ਨਿਜੀ ਹੋਟਲ ਵਿਚ ਹੋਈ ਕਾਂਗਰਸ ਵਿਧਾਇਕ ਦਲ (ਸੀ.ਐਲ.ਪੀ.) ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਜਿਸ ਵਿਚ ਪਾਰਟੀ ਪ੍ਰਧਾਨ ਐਮ. ਮੱਲਿਕਾਰਜੁਨ ਖੜਗੇ ਨੂੰ ਵਿਧਾਇਕ ਦਲ ਦਾ ਨੇਤਾ ਚੁਣਨ ਦਾ ਅਧਿਕਾਰ ਦਿਤਾ ਗਿਆ ਜੋ ਕਰਨਾਟਕ ਦਾ ਅਗਲਾ ਮੁੱਖ ਮੰਤਰੀ ਹੋਵੇਗਾ।
ਸੂਬੇ ਵਿਚ 224 ਮੈਂਬਰੀ ਵਿਧਾਨ ਸਭਾ ਲਈ 10 ਮਈ ਨੂੰ ਹੋਈਆਂ ਚੋਣਾਂ ਵਿਚ, ਕਾਂਗਰਸ ਨੇ 135 ਸੀਟਾਂ ਜਿੱਤੀਆਂ, ਜਦੋਂ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੀ ਅਗਵਾਈ ਵਾਲੀ ਜਨਤਾ ਦਲ (ਸੈਕੂਲਰ) ਨੇ ਕ੍ਰਮਵਾਰ 66 ਸੀਟਾਂ ਅਤੇ 19 ਸੀਟਾਂ ਜਿੱਤੀਆਂ।