ਭਾਜਪਾ ਨੇ ਕੀਤੀ ਸਖ਼ਤ ਆਲੋਚਨਾ, ਆਰ.ਜੇ.ਡੀ. ਨੇ ਖ਼ੁਦ ਨੂੰ ਮੰਤਰੀ ਦੇ ਬਿਆਨ ਤੋਂ ਵੱਖ ਕੀਤਾ
ਪਟਨਾ: ਬਿਹਾਰ ਦੇ ਸਿੱਖਿਆ ਮੰਤਰੀ ਚੰਦਰਸ਼ੇਖਰ ਨੇ ਇਹ ਦਾਅਵਾ ਕਰ ਕੇ ਨਵਾਂ ਵਿਵਾਦ ਖੜਾ ਕਰ ਦਿਤਾ ਹੈ ਕਿ ਰਾਮਚਰਿਤਮਾਨਸ ਵਰਗੇ ਪ੍ਰਾਚੀਨ ਗ੍ਰੰਥਾਂ ਵਿਚ ਏਨੇ ਨੁਕਸਾਨਦੇਹ ਤੱਤ ਹਨ ਕਿ ਉਨ੍ਹਾਂ ਦੀ ਤੁਲਨਾ ‘ਪੋਟਾਸ਼ੀਅਮ ਸਾਇਨਾਈਡ’ (ਜ਼ਹਿਰ) ਨਾਲ ਕੀਤੀ ਜਾ ਸਕਦੀ ਹੈ।
ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇਤਾ ਨੇ ਵੀਰਵਾਰ ਦੇਰ ਰਾਤ ਇਕ ਪ੍ਰੋਗਰਾਮ ’ਚ ਇਹ ਟਿਪਣੀ ਕੀਤੀ, ਜਿਸ ਦੀ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ।
ਮੰਤਰੀ ਨੇ ਕਿਹਾ, ‘‘ਇਹ ਸਿਰਫ ਮੇਰਾ ਵਿਚਾਰ ਨਹੀਂ ਹੈ, ਸਗੋਂ ਮਹਾਨ ਹਿੰਦੀ ਲੇਖਕ ਨਾਗਾਰਜੁਨ ਅਤੇ ਸਮਾਜਵਾਦੀ ਚਿੰਤਕ ਰਾਮ ਮਨੋਹਰ ਲੋਹੀਆ ਨੇ ਵੀ ਕਿਹਾ ਹੈ ਕਿ ਰਾਮਚਰਿਤਮਾਨਸ ’ਚ ਕਈ ਪਿਛਾਂਹਖਿੱਚੂ ਵਿਚਾਰ ਹਨ।’’ ਇਸ ਸਾਲ ਦੀ ਸ਼ੁਰੂਆਤ ’ਚ ਵੀ ਮੰਤਰੀ ਦੀਆਂ ਅਜਿਹੀਆਂ ਟਿਪਣੀਆਂ ਨਾਲ ਵਿਵਾਦ ਪੈਦਾ ਹੋ ਗਿਆ ਸੀ।
ਚੰਦਰਸ਼ੇਖਰ ਨੇ ਮੰਨਿਆ, ‘‘ਧਰਮ-ਗ੍ਰੰਥਾਂ ’ਚ ਬਹੁਤ ਸਾਰੀਆਂ ਮਹਾਨ ਗੱਲਾਂ ਹਨ। ਪਰ ਦਾਅਵਤ ’ਚ ਜੇਕਰ ਪੋਟਾਸ਼ੀਅਮ ਸਾਇਨਾਈਡ ਨਾਲ ਛਿੜਕ ਕੇ ਕਈ ਪਕਵਾਨ ਪਰੋਸੇ ਜਾਂਦੇ ਹਨ, ਤਾਂ ਭੋਜਨ ਖਾਣ ਲਾਇਕ ਨਹੀ ਰਹਿੰਦਾ।’’
ਆਰ.ਜੇ.ਡੀ. ਆਗੂ ਨੇ ਦੋਸ਼ ਲਾਇਆ ਕਿ ਜਾਤੀ ਵਿਤਕਰੇ ਬਾਰੇ ਟਿਪਣੀਆਂ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਸਨ, ਪਰ ਜਦੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਵੀ ਅਜਿਹੀ ਚਿੰਤਾ ਜ਼ਾਹਰ ਕੀਤੀ ਤਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ।
ਉਨ੍ਹਾਂ ਇਹ ਵੀ ਕਿਹਾ ਕਿ ਜਾਤੀ ਮਰਦਮਸ਼ੁਮਾਰੀ ਇਕ ਸਮਾਨਤਾਵਾਦੀ ਸਮਾਜ ਦੀ ਉਸਾਰੀ ਲਈ ਇਕ ਜ਼ਰੂਰੀ ਕਦਮ ਹੈ ਜਿਸ ’ਚ ਗਟਰਾਂ ਦੀ ਸਫ਼ਾਈ ਵਰਗੇ ਕੰਮਾਂ ਵਿਚ ਸ਼ਾਮਲ ਲੋਕਾਂ ਲਈ ਸਨਮਾਨ ਨੂੰ ਯਕੀਨੀ ਬਣਾਇਆ ਜਾਂਦਾ ਹੈ।
ਹਾਲਾਂਕਿ, ਸੀਨੀਅਰ ਰਾਸ਼ਟਰੀ ਜਨਤਾ ਦਲ ਦੇ ਨੇਤਾ ਨੂੰ ਸਹਿਯੋਗੀ ਜਨਤਾ ਦਲ (ਯੂਨਾਈਟਿਡ) ਅਤੇ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਦਕਿ ਉਨ੍ਹਾਂ ਦੀ ਅਪਣੀ ਪਾਰਟੀ ਨੇ ਉਨ੍ਹਾਂ ਦੀਆਂ ਟਿਪਣੀਆਂ ਤੋਂ ਖ਼ੁਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ।
ਭਾਜਪਾ ਦੇ ਮੀਡੀਆ ਪੈਨਲਿਸਟ ਨੀਰਜ ਕੁਮਾਰ ਨੇ ਕਿਹਾ, ‘‘ਸਿੱਖਿਆ ਮੰਤਰੀ ਨੇ ਮਹਾਨ ਸਨਾਤਨ ਧਰਮ ਦਾ ਅਪਮਾਨ ਕੀਤਾ ਹੈ, ਜਿਸ ’ਚ ਸੰਤ ਰਵਿਦਾਸ ਅਤੇ ਸਵਾਮੀ ਵਿਵੇਕਾਨੰਦ ਵਰਗੇ ਅਗਾਂਹਵਧੂ ਲੋਕ ਸ਼ਾਮਲ ਹਨ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਇਸ ਅਪਮਾਨ ’ਤੇ ਚੁੱਪ ਕਿਉਂ ਹਨ।’’
ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਜਨਤਾ ਦਲ (ਯੂ) ਦੇ ਸੂਬਾ ਬੁਲਾਰੇ ਅਭਿਸ਼ੇਕ ਝਾਅ ਨੇ ਕਿਹਾ, ‘‘ਸੰਵਿਧਾਨ ਕਹਿੰਦਾ ਹੈ ਕਿ ਸਾਰੇ ਧਰਮਾਂ ਨੂੰ ਬਰਾਬਰ ਸਨਮਾਨ ਦਿਤਾ ਜਾਣਾ ਚਾਹੀਦਾ ਹੈ। ਅਜਿਹਾ ਲਗਦਾ ਹੈ ਕਿ ਕੁਝ ਲੋਕ ਸੁਰਖੀਆਂ ’ਚ ਬਣੇ ਰਹਿਣ ਲਈ ਅਜਿਹੀਆਂ ਗੱਲਾਂ ਕਹਿੰਦੇ ਹਨ, ਜਿਨ੍ਹਾਂ ਨੂੰ ਅਸੀਂ ਰੱਦ ਕਰਦੇ ਹਾਂ।’’
ਆਰ.ਜੇ.ਡੀ. ਦੇ ਬੁਲਾਰੇ ਸ਼ਕਤੀ ਯਾਦਵ ਨੇ ਇਕ ਬਿਆਨ ’ਚ ਕਿਹਾ, ‘‘ਇਹ ਸੱਚ ਹੈ ਕਿ ਸਾਡੀ ਪਾਰਟੀ ਸਮਾਜਕ ਨਿਆਂ ਲਈ ਖੜੀ ਹੈ, ਪਰ ਇਹ ਸਾਰੇ ਧਰਮਾਂ ਦੇ ਸਨਮਾਨ ਲਈ ਵੀ ਖੜੀ ਹੈ। ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਿਸੇ ਵੀ ਬਿਆਨ ਤੋਂ ਬਚਣਾ ਚਾਹੀਦਾ ਹੈ।’’