
'ਪੰਜਾਬ ਸੂਰਬੀਰਾਂ ਦੀ ਧਰਤੀ ਹੈ ਤੇ ਇਸ ਦੀਆਂ ਧੀਆਂ ਵੀ ਦੇਸ਼ ਦੀ ਸੁਰੱਖਿਆ ਵਿਚ ਨਿਭਾਉਣਗੀਆਂ ਅਹਿਮ ਭੂਮਿਕਾ'
BJP ਭਗਤ ਰਵਿਦਾਸ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਕੰਮ ਕਰ ਰਹੀ ਹੈ -PM ਮੋਦੀ
ਕਿਹਾ, ਮਾਝੇ ਦੀ ਮਿੱਟੀ ਨੇ ਮੈਨੂੰ ਮਾਂ ਵਰਗਾ ਪਿਆਰ ਦਿਤਾ ਹੈ
ਪਠਾਨਕੋਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਦੂਜੀ ਰੈਲੀ ਲਈ ਪਠਾਨਕੋਟ ਪਹੁੰਚ ਗਏ ਹਨ। ਸਟੇਜ 'ਤੇ ਪਹੁੰਚਣ 'ਤੇ ਉਨ੍ਹਾਂ ਨੂੰ ਸ਼ਾਲ ਅਤੇ ਤਲਵਾਰ ਭੇਂਟ ਕਰ ਕੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੈਅੰਤੀ ਦੀ ਵਧਾਈ ਦਿੱਤੀ। ਰੈਲੀ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਕੋਰੋਨਾ ਕਾਲ ਵਿਚ ਜਿੱਥੇ ਪੂਰੀ ਦੁਨੀਆ ਭੋਜਨ ਦੀ ਸਮੱਸਿਆ ਨਾਲ ਜੂਝ ਰਹੀ ਹੈ ਉਥੇ ਹੀ ਅਸੀਂ ਪੰਜਾਬ ਸਮੇਤ ਪੂਰੇ ਭਾਰਤ ਵਿਚ ਸਾਰੇ ਲੋੜਵੰਦ ਅਤੇ ਗ਼ਰੀਬ ਲੋਕਾਂ ਨੂੰ ਦੋ ਸਾਲਾਂ ਤੋਂ ਮੁਫ਼ਤ ਰਾਸ਼ਨ ਮੁਹੱਈਆ ਕਰਵਾ ਰਹੇ ਹਾਂ। ਭਗਤ ਰਵਿਦਾਸ ਜੀ ਨੇ ਕਿਹਾ ਸੀ ਕਿ ਮੈਨੂੰ ਅਜਿਹਾ ਰਾਜਾ ਚਾਹੀਦਾ ਹੈ ਜਿਥੇ ਹਰ ਨਾਗਰਿਕ ਨੂੰ ਭੋਜਨ ਪ੍ਰਾਪਤ ਹੋਵੇ। ਸਾਰਿਆਂ ਕੋਲ ਬਰਾਬਰਤਾ ਦਾ ਅਧਿਕਾਰ ਹੋਵੇ ਅਤੇ ਜਦੋਂ ਅਜਿਹਾ ਹੁੰਦਾ ਹੈ ਤਾਂ ਕੁਦਰਤੀ ਤੌਰ 'ਤੇ ਰਵਿਦਾਸ ਜੀ ਖੁਸ਼ ਹੋਣਗੇ। ਭਾਜਪਾ ਵੀ ਸੰਤ ਰਵਿਦਾਸ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਕੰਮ ਕਰ ਰਹੀ ਹੈ।''
pm modi
ਉਨ੍ਹਾਂ ਕਿਹਾ ਕਿ ਮਾਝੇ ਦੀ ਇਸ ਮਿੱਟੀ ਨੇ ਮੈਨੂੰ ਮਾਂ ਵਰਗਾ ਪਿਆਰ ਦਿਤਾ ਹੈ। ਮੈਂ ਬਹੁਤ ਸਾਲ ਇਥੇ ਰਿਹਾ ਹਾਂ ਅਤੇ ਇਥੋਂ ਦੀ ਰੋਟੀ ਖਾ ਕੇ ਵੱਡਾ ਹੋਇਆ ਹਾਂ। ਮੈਨੂੰ ਅਤੇ ਭਾਜਪਾ ਨੂੰ ਦੇਸ਼ ਦੇ ਹੋਰ ਸੂਬਿਆਂ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਪਰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਵਾਰ ਮੈਨੂੰ 5 ਸਾਲ ਆਪਣੀ ਸੇਵਾ ਕਰਨ ਦਾ ਮੌਕਾ ਦਿਓ ਤਾਂ ਜੋ ਉਦਯੋਗ ਨੂੰ ਮਜ਼ਬੂਤੀ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਤੇ ਜਾ ਸਕਣ।
pm modi
ਪ੍ਰਧਾਨ ਮੰਤਰੀ ਨੇ ਅੱਗੇ ਬੋਲਦਿਆਂ ਕਿਹਾ ਕਿ ਭਾਜਪਾ ਸਰਕਾਰ ਸੈਨਾ ਵਿਚ ਔਰਤਾਂ ਨੂੰ ਨਵੇਂ ਮੌਕੇ ਦੇ ਰਹੀ ਹੈ। ਹੁਣ ਸਾਡੀਆਂ ਧੀਆਂ ਸੈਨਾ ਵਿਚ ਦੇਸ਼ ਦੀ ਰੱਖਿਆ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ। ਪੰਜਾਬ ਤਾਂ ਸੂਰਬੀਰਾਂ ਦੀ ਧਰਤੀ ਹੈ। ਮੇਰਾ ਵਿਸ਼ਵਾਸ ਹੈ ਕਿ ਇਥੋਂ ਦੀਆਂ ਧੀਆਂ ਵੀ ਮੇਰੇ ਦੇਸ਼ ਦੀ ਰੱਖਿਆ ਕਰਨ ਲਈ ਅੱਗੇ ਹੋਣਗੀਆਂ। ਅਸੀਂ ਫ਼ੈਸਲਾ ਕੀਤਾ ਹੈ ਕਿ ਦੇਸ਼ ਵਿਚ ਸੈਂਕੜੇ ਸੈਨਿਕ ਸਕੂਲ ਖੋਲ੍ਹਾਂਗੇ ਜਿਸ ਵਿਚ ਲੜਕੀਆਂ ਨੂੰ ਵੀ ਪੜ੍ਹਾਇਆ ਜਾਵੇਗਾ।
ਵਿਰੋਧੀਆਂ 'ਤੇ ਨਿਸ਼ਾਨੇ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਪੰਜਾਬੀਅਤ ਦੀ ਨਜ਼ਰ ਨਾਲ ਦੇਖਦੇ ਹਾਂ। ਸਾਡੇ ਲਈ ਪੰਜਾਬੀਅਤ ਸਭ ਤੋਂ ਉੱਪਰ ਹੈ ਪਰ ਸਾਡੇ ਵਿਰੋਧੀ ਇਸ ਨੂੰ ਸਿਆਸੀ ਨਜ਼ਰ ਨਾਲ ਦੇਖਦੇ ਹਨ। ਅਸੀਂ ਪੰਜਾਬੀਅਤ ਨੂੰ ਗਹਿਰਾਈ ਨਾਲ ਦੇਖਦੇ ਹਾਂ। ਇਸ ਲਈ ਸਾਨੂੰ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
pm modi
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਗੁਰੂਆਂ ਦੀ ਬਾਣੀ 'ਤੇ ਚਲਦੇ ਹੋਏ ਅਸੀਂ ਨਵਾਂ ਪੰਜਾਬ ਬਣਾਵਾਂਗੇ। ਨਵਾਂ ਪੰਜਾਬ ਬਣਾਉਣ ਦਾ ਮਤਲਬ -ਹੱਸਦਾ ਪੰਜਾਬ, ਨੱਚਦਾ ਪੰਜਾਬ, ਵਸਦਾ ਪੰਜਾਬ, ਚੜ੍ਹਦਾ ਪੰਜਾਬ। ਇਹ ਹੀ ਸਾਡਾ ਸੰਕਲਪ ਹੈ। ਮੈਨੂੰ ਵਿਸ਼ਵਾਸ ਹੈ ਤੁਹਾਡਾ ਇਹ ਜੋਸ਼ ਅਤੇ ਹੌਂਸਲਾ 20 ਤਰੀਕ ਨੂੰ 'ਨਵਾਂ ਪੰਜਾਬ' ਬਣਾਉਣ ਲਈ BJP ਅਤੇ NDA ਦੀ ਜਿੱਤ ਨਿਸ਼ਚਤ ਕਰੇਗਾ।
pm modi
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਜਲੰਧਰ 'ਚ ਰੈਲੀ ਕਰ ਚੁੱਕੇ ਹਨ। ਜਿੱਥੇ ਉਨ੍ਹਾਂ ਨੇ ਸਾਰੀਆਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ। ਪੀਐਮ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਰਿਮੋਟ ਕੰਟਰੋਲ ਨਾਲ ਦਿੱਲੀ ਦਾ ਇੱਕ ਪਰਿਵਾਰ ਚਲਾ ਰਿਹਾ ਹੈ। ਗਲੀਆਂ-ਮੁਹੱਲਿਆਂ ਵਿੱਚ ਠੇਕੇ ਖੋਲ੍ਹਣ ਅਤੇ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਣ ਦੇ ਮਾਹਿਰ ਪੰਜਾਬ ਵਿੱਚ ਘੁੰਮ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਸ ਪਾਰਟੀ ਨੇ ਦਿੱਲੀ ਵਿਚ ਨੌਜਵਾਨਾਂ ਨੂੰ ਨਸ਼ੇ ਦੇ ਆਦਿ ਬਣਾਇਆ ਹੈ।
pm modi
ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸਾਡੇ ਵਿਰੋਧ ਵਿਚ ਬੋਲ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਵੀ ਪਤਾ ਹੈ ਕਿ ਇਸ ਵਾਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ 'ਤੇ ਪੰਜਾਬ ਨੂੰ ਮਜਬੂਰ ਨਹੀਂ ਮਜ਼ਬੂਤ ਬਣਾਇਆ ਜਾਵੇਗਾ।