
ਅਗਰਵਾਲ ਦੀ ਟਿਪਣੀ ਨੇ ਪੂਰੇ ਸੂਬੇ ’ਚ ਸੋਸ਼ਲ ਮੀਡੀਆ ਅਤੇ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਉਨ੍ਹਾਂ ਦੇ ਪੁਤਲੇ ਸਾੜੇ ਗਏ ਸਨ
ਦੇਹਰਾਦੂਨ : ਉੱਤਰਾਖੰਡ ਵਿਧਾਨ ਸਭਾ ’ਚ ‘ਅਪਸ਼ਬਦ ਬੋਲਣ’ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਰੋਧ ਦਾ ਸਾਹਮਣਾ ਕਰ ਰਹੇ ਸੰਸਦੀ ਮਾਮਲਿਆਂ ਅਤੇ ਵਿੱਤ ਮੰਤਰੀ ਪ੍ਰੇਮ ਚੰਦ ਅਗਰਵਾਲ ਨੇ ਐਤਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਇੱਥੇ ਜਾਰੀ ਇਕ ਅਧਿਕਾਰਤ ਬਿਆਨ ਅਨੁਸਾਰ ਅਗਰਵਾਲ ਨੇ ਪੁਸ਼ਕਰ ਸਿੰਘ ਧਾਮੀ ਨਾਲ ਇੱਥੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਮੁਲਾਕਾਤ ਕਰਨ ਤੋਂ ਬਾਅਦ ਅਪਣਾ ਅਸਤੀਫਾ ਸੌਂਪ ਦਿਤਾ।
ਹਾਲ ਹੀ ’ਚ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਾਂਗਰਸ ਵਿਧਾਇਕ ਮਦਨ ਬਿਸ਼ਟ ਨੇ ਅਗਰਵਾਲ ਵਿਰੁਧ ਟਿਪਣੀ ਕੀਤੀ ਸੀ, ਜਿਸ ’ਤੇ ਮੰਤਰੀ ਨੇ ਉਨ੍ਹਾਂ ’ਤੇ ਵਰ੍ਹਦਿਆਂ ਪੁਛਿਆ ਸੀ ਕਿ ਕੀ ਉਤਰਾਖੰਡ ਸਿਰਫ ਪਹਾੜੀਆਂ ਲਈ ਬਣਿਆ ਹੈ ਅਤੇ ਕੀ ਅਸੀਂ ਇਸ ਦਿਨ ਲਈ ਅੰਦੋਲਨ ਕੀਤਾ ਸੀ ਕਿ ਪਹਾੜੀ ਅਤੇ ਦੇਸੀ (ਮੈਦਾਨਾਂ) ਬਾਰੇ ਟਿਪਣੀਆਂ ਕੀਤੀਆਂ ਜਾਣ। ਇਸ ਦੌਰਾਨ ਅਗਰਵਾਲ ਨੇ ਅਪਸ਼ਬਦ ਵੀ ਕਹੇ। ਅਗਰਵਾਲ ਦੀ ਟਿਪਣੀ ਨੇ ਪੂਰੇ ਸੂਬੇ ’ਚ ਸੋਸ਼ਲ ਮੀਡੀਆ ਅਤੇ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਉਨ੍ਹਾਂ ਦੇ ਪੁਤਲੇ ਸਾੜੇ ਗਏ।
ਮੁੱਖ ਵਿਰੋਧੀ ਧਿਰ ਕਾਂਗਰਸ ਅਤੇ ਉਤਰਾਖੰਡ ਕ੍ਰਾਂਤੀ ਦਲ (ਯੂ.ਕੇ.ਡੀ.) ਨੇ ਅਗਰਵਾਲ ਨੂੰ ਰਾਜ ਕੈਬਨਿਟ ਤੋਂ ਹਟਾਉਣ ਦੀ ਜ਼ੋਰਦਾਰ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਅਗਰਵਾਲ ਨੇ ਸੂਬਾ ਇਕਾਈ ਦੀ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਤਲਬ ਕੀਤੇ ਜਾਣ ਦੇ ਬਾਵਜੂਦ ਅਪਣੇ ਬਿਆਨ ’ਤੇ ਅਫਸੋਸ ਜ਼ਾਹਰ ਕੀਤਾ ਸੀ ਅਤੇ ਉਨ੍ਹਾਂ ਨੂੰ ਜਨਤਕ ਜੀਵਨ ’ਚ ਸੰਜਮ ਵਰਤਣ ਅਤੇ ਸਹੀ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਸਖਤ ਹਦਾਇਤ ਕੀਤੀ ਸੀ।