
ਕਿਹਾ, ਜਿਸ ਸਮੇਂ ਅਨੰਤਨਾਗ ’ਚ ਫੌਜ ਦੇ ਤਿੰਨ ਅਧਿਕਾਰੀਆਂ ਦੀ ਸ਼ਹਾਦਤ ਦੀ ਦੁਖਦ ਖਬਰ ਆ ਰਹੀ ਸੀ, ਉਸ ਸਮੇਂ ਦਿੱਲੀ ’ਚ ਭਾਜਪਾ ਦੇ ਮੁੱਖ ਦਫਤਰ ’ਚ ਜਸ਼ਨ ਮਨਾਏ ਜਾ ਰਹੇ ਸਨ
ਰਾਏਪੁਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨਿਚਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਉਹ ਦੇਸ਼ ਦਾ ਨਾਂ ਨਹੀਂ ਬਦਲ ਸਕਦੀ ਕਿਉਂਕਿ ਦੇਸ਼ ਉਨ੍ਹਾਂ ਦੇ ਪਿਤਾ ਦਾ ਨਹੀਂ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਸੱਤਾ ’ਚ ਆਉਂਦੀ ਹੈ, ਤਾਂ ਉਹ ਛੱਤੀਸਗੜ੍ਹ ਦੇ ਆਦਿਵਾਸੀ ਬਹੁਗਿਣਤੀ ਵਾਲੇ ਇਲਾਕਿਆਂ ’ਚ ‘ਪੇਸਾ’ ਪੰਚਾਇਤਾਂ (ਅਨੁਸੂਚਿਤ ਖੇਤਰਾਂ ਤਕ ਵਿਸਤਾਰ) ਐਕਟ ਨੂੰ ਲਾਗੂ ਕਰੇਗਾ।
ਬਸਤਰ ਜ਼ਿਲ੍ਹੇ ਦੇ ਹੈੱਡਕੁਆਰਟਰ ਜਗਦਲਪੁਰ ਵਿਖੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਅਪਣੇ ਭਾਸ਼ਣ ਦੀ ਸ਼ੁਰੂਆਤ ’ਚ ਕੇਜਰੀਵਾਲ ਨੇ ਅਨੰਤਨਾਗ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਫੌਜ ਦੇ ਤਿੰਨ ਜਵਾਨਾਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਇਕ ਅਧਿਕਾਰੀ ਨੂੰ ਸ਼ਰਧਾਂਜਲੀ ਦਿਤੀ ਅਤੇ ਦੋ ਮਿੰਟ ਦੀ ਚੁੱਪ ਧਾਰੀ।
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਸਮੇਂ ਅਨੰਤਨਾਗ ’ਚ ਫੌਜ ਦੇ ਤਿੰਨ ਅਧਿਕਾਰੀਆਂ ਦੀ ਸ਼ਹਾਦਤ ਦੀ ਦੁਖਦ ਖਬਰ ਆ ਰਹੀ ਸੀ, ਉਸ ਸਮੇਂ ਦਿੱਲੀ ’ਚ ਭਾਜਪਾ ਦੇ ਮੁੱਖ ਦਫਤਰ ’ਚ ਜਸ਼ਨ ਮਨਾਏ ਜਾ ਰਹੇ ਸਨ। ਕੇਜਰੀਵਾਲ ਨੇ ਬਾਅਦ ’ਚ ਕਿਹਾ, ‘‘ਇਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਸ਼ਹੀਦ ਜਵਾਨਾਂ ’ਤੇ ਪ੍ਰਧਾਨ ਮੰਤਰੀ ਨੇ ਨਾ ਤਾਂ ਕੁਝ ਕਿਹਾ ਅਤੇ ਨਾ ਹੀ ਟਵੀਟ ਕੀਤਾ।’’
ਕੇਜਰੀਵਾਲ ਨੇ ਭਾਜਪਾ ਨੂੰ ਚੁਨੌਤੀ ਦਿਤੀ ਕਿ ਜੇਕਰ ਉਸ ’ਚ ਹਿੰਮਤ ਹੈ ਤਾਂ ਇੰਡੀਆ ਦਾ ਨਾਂ ਬਦਲ ਕੇ ਵਿਖਾਏ ਅਤੇ ਕਿਹਾ ਕਿ ਇਹ ਦੇਸ਼ ਉਨ੍ਹਾਂ ਦੇ ਪਿਤਾ ਦਾ ਨਹੀਂ, ਸਗੋਂ ਦੇਸ਼ ਦੇ 140 ਕਰੋੜ ਲੋਕਾਂ ਦਾ ਹੈ। ਉਨ੍ਹਾਂ ਕਿਹਾ, ‘‘ਜਦੋਂ 28 ਵਿਰੋਧੀ ਪਾਰਟੀਆਂ ਨੇ ਗਠਜੋੜ ਕੀਤਾ ਅਤੇ ਇਸ ਦਾ ਨਾਂ ‘ਇੰਡੀਆ’ ਰਖਿਆ ਤਾਂ ਭਾਜਪਾ ਇੰਨੀ ਨਾਰਾਜ਼ ਹੋ ਗਈ ਕਿ ਉਸ ਨੇ ਕਿਹਾ ਕਿ ਉਹ ਇੰਡੀਆ ਦਾ ਨਾਂ ਬਦਲ ਕੇ ਭਾਰਤ ਰੱਖ ਦੇਵੇਗੀ। ਭਾਰਤ ਤੁਹਾਡੇ ਪਿਤਾ ਦਾ ਨਹੀਂ, ਇਹ 140 ਕਰੋੜ ਲੋਕਾਂ ਦਾ ਹੈ। ਮੈਂ ਤੁਹਾਨੂੰ ਚੁਨੌਤੀ ਦਿੰਦਾ ਹਾਂ ਕਿ ਜੇ ਤੁਸੀਂ ਹਿੰਮਤ ਰਖਦੇ ਹੋ ਤਾਂ ਨਾਮ ਬਦਲ ਕੇ ਵਿਖਾਉ।’’ ਕੇਜਰੀਵਾਲ ਨੇ ਅੱਗੇ ਕਿਹਾ, ‘‘ਜੇਕਰ ਤੁਸੀਂ ਅਜਿਹੀ ਕੋਸ਼ਿਸ਼ ਕੀਤੀ ਤਾਂ 140 ਕਰੋੜ ਲੋਕ ਤੁਹਾਨੂੰ ਦੇਸ਼ ਤੋਂ ਬਾਹਰ ਕੱਢ ਦੇਣਗੇ।’’ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਗਠਜੋੜ ਦਾ ਨਾਂ ਬਦਲ ਕੇ ਭਾਰਤ ਰਖਿਆ ਗਿਆ ਤਾਂ ਕੀ ਉਹ ਭਾਰਤ ਦਾ ਨਾਂ ਵੀ ਬਦਲ ਦੇਣਗੇ?
ਉਨ੍ਹਾਂ ਨੇ ਇੰਡੀਆ-ਭਾਰਤ ਨਾਮਕਰਨ ਵਿਵਾਦ ਅਤੇ ‘ਇਕ ਰਾਸ਼ਟਰ ਇਕ ਚੋਣ’ ਦੇ ਮੁੱਦੇ ’ਤੇ ਵੀ ਭਾਜਪਾ ’ਤੇ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਨੂੰ ‘ਇਕ ਰਾਸ਼ਟਰ, ਇਕ ਚੋਣ’ ਦੀ ਨਹੀਂ ਸਗੋਂ ‘ਇਕ ਰਾਸ਼ਟਰ, ਇਕ ਸਿਖਿਆ’ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇਸ਼ ਦੀ ਇਕੋ-ਇਕ ਪਾਰਟੀ ਹੈ ਜੋ ਦਸਦੀ ਹੈ ਕਿ ਉਹ ਸਿੱਖਿਆ, ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਕੀ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਛੱਤੀਸਗੜ੍ਹ ਦੇ ਲੋਕ ‘ਆਪ’ ਨੂੰ ਮੌਕਾ ਦਿੰਦੇ ਹਨ ਤਾਂ ਉਹ ਦੋਵੇਂ ਪਾਰਟੀਆਂ (ਭਾਜਪਾ ਅਤੇ ਕਾਂਗਰਸ) ਨੂੰ ਭੁੱਲ ਜਾਣਗੇ।
ਛੱਤੀਸਗੜ੍ਹ ’ਚ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਅਪਣੀ ਕਿਸਮਤ ਅਜ਼ਮਾਈ। ਉਸ ਚੋਣ ਵਿਚ ਪਾਰਟੀ ਨੇ 90 ’ਚੋਂ 85 ਸੀਟਾਂ ’ਤੇ ਉਮੀਦਵਾਰ ਖੜੇ ਕੀਤੇ ਸਨ, ਪਰ ਕਾਮਯਾਬ ਨਹੀਂ ਹੋਏ ਸਨ। ਉਸ ਚੋਣ ’ਚ ਪਾਰਟੀ ਦਾ ਕੋਈ ਵੀ ਉਮੀਦਵਾਰ ਜ਼ਮਾਨਤ ਨਹੀਂ ਬਚਾ ਸਕਿਆ ਸੀ। ਪਾਰਟੀ ਨੇ ਇਸ ਸਾਲ ਸੂਬੇ ’ਚ ਹੋਣ ਵਾਲੀਆਂ ਚੋਣਾਂ ’ਚ ਸਾਰੀਆਂ 90 ਸੀਟਾਂ ’ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਅਤੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕਰ ਦਿਤੀ ਹੈ।
ਕੇਜਰੀਵਾਲ ਕਾਰਨ ਹੁਣ ਹੋਰ ਪਾਰਟੀਆਂ ਵੀ ਅਪਣੇ ਚੋਣ ਮਨੋਰਥ ਪੱਤਰ ’ਚ ਸਿਖਿਆ ਨੂੰ ਸ਼ਾਮਲ ਕਰ ਰਹੀਆਂ ਨੇ : ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਛੱਤੀਸਗੜ੍ਹ ਇਸ ਚੋਣ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕੇਜਰੀਵਾਲ ਕਾਰਨ ਹੁਣ ਹੋਰ ਪਾਰਟੀਆਂ ਨੂੰ ਵੀ ਅਪਣਾ ਚੋਣ ਮਨੋਰਥ ਪੱਤਰ ਬਦਲਣਾ ਪੈ ਰਿਹਾ ਹੈ ਅਤੇ ਉਹ ਵੀ ਹੁਣ ਅਪਣੇ ਚੋਣ ਮਨੋਰਥ ਪੱਤਰ ’ਚ ਸਿੱਖਿਆ ਅਤੇ ਸਿਹਤ ਨੂੰ ਵਿਸ਼ੇਸ਼ ਮਹੱਤਵ ਦੇ ਰਹੇ ਹਨ।
ਵਿਰੋਧੀ ਪਾਰਟੀਆਂ ਨੂੰ ਘੇਰਦੀਆਂ ਮਾਨ ਨੇ ਕਿਹਾ ਕਿ ਛੱਤੀਸਗੜ੍ਹ ਦਾ ਪੈਸਾ ਕੁਝ ਸਿਆਸੀ ਪਾਰਟੀਆਂ ਨੇ ਲੁਟਿਆ ਹੈ। ਭਾਸ਼ਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਨਰਿੰਦਰ ਮੋਦੀ ਸਿਰਫ ਬਿਆਨਬਾਜ਼ੀ ਕਰਦੇ ਹਨ ਅਤੇ ਦੇਸ਼ ਦੀ ਜਨਤਾ ਨਾਲ ਝੂਠ ਬੋਲਦੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਇਹ ਵੀ ਸ਼ੱਕ ਹੈ ਕਿ ਉਹ ਚਾਹ ਬਣਾਉਣਾ ਵੀ ਨਹੀਂ ਜਾਣਦੇ।’’
ਉਨ੍ਹਾਂ ਕਿਹਾ, ‘‘ਆਮ ਆਦਮੀ ਪਾਰਟੀ ਭਾਜਪਾ ਵਾਂਗ ‘ਜੁਮਲਾ’ ਨਹੀਂ ਕਹਿੰਦੇ। ਅਸੀਂ ਉਹੀ ਕਰਦੇ ਹਾਂ ਜੋ ਅਸੀਂ ਗਾਰੰਟੀ ਦਿੰਦੇ ਹਾਂ। ਅਸੀਂ ਦਿੱਲੀ ਅਤੇ ਪੰਜਾਬ ’ਚ ਕੰਮ ਕੀਤਾ ਹੈ। ਪੰਜਾਬ ’ਚ ਸਿਰਫ਼ ਡੇਢ ਸਾਲ ’ਚ ਸਾਡੀ ਸਰਕਾਰ ਨੇ 36,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿਤੀਆਂ ਹਨ ਅਤੇ 28,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ।’’
ਉਨ੍ਹਾਂ ਕਿਹਾ ਕਿ ਪੰਜਾਬ ’ਚ ਉਨ੍ਹਾਂ ਦੀ ਸਰਕਾਰ ਨੇ ਆਮ ਪ੍ਰਵਾਰਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿਤੀ ਹੈ। ਹੁਣ ਪੰਜਾਬ ’ਚ 90 ਫੀ ਸਦੀ ਤੋਂ ਵੱਧ ਘਰਾਂ ’ਚ ਬਿਜਲੀ ਦਾ ਬਿਲ ਜ਼ੀਰੋ ਆ ਰਿਹਾ ਹੈ ਅਤੇ ਬਿਜਲੀ 24 ਘੰਟੇ ਮਿਲਦੀ ਹੈ।
ਉਨ੍ਹਾਂ ਕਿਹਾ, ‘‘ਅਸੀਂ ਪੰਜਾਬ ਦੇ ਲੋਕਾਂ ਦੇ ਬਿਹਤਰ ਇਲਾਜ ਲਈ ਡੇਢ ਸਾਲ ’ਚ 700 ਮੁਹੱਲਾ ਕਲੀਨਿਕ ਖੋਲ੍ਹੇ ਹਨ। ਜਿੱਥੇ ਲੋਕਾਂ ਦਾ ਮੁਫ਼ਤ ਇਲਾਜ, ਦਵਾਈਆਂ ਅਤੇ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਸੀਂ ਪੰਜਾਬ ’ਚ ‘ਸਕੂਲ ਆਫ਼ ਐਮੀਨੈਂਸ’ ਖੋਲ੍ਹੇ ਹਨ ਜਿੱਥੇ ਬੱਚੇ ਮੁਫ਼ਤ ’ਚ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ।’’