
ਕਿਹਾ, ਉਸ ਸਮੇਂ ਦੇ ਇਸਲਾਮਿਕ ਵਿਦਵਾਨਾਂ ਨੇ ਵੀ ਦੋ-ਦੇਸ਼ ਸਿਧਾਂਤ ਦਾ ਵਿਰੋਧ ਕੀਤਾ ਸੀ
ਹੈਦਰਾਬਾਦ: ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ ਮੁਸਲਿਮੀਨ (ਏ.ਆਈ.ਐਮ.ਆਈ.ਐਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਦੀ ਵੰਡ ਕਦੇ ਨਹੀਂ ਹੋਣੀ ਚਾਹੀਦੀ ਸੀ ਅਤੇ ਇਹ ਇਕ ‘ਇਤਿਹਾਸਕ ਗਲਤੀ’ ਸੀ। ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਓਵੈਸੀ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਤਿਹਾਸਕ ਤੌਰ ’ਤੇ ਭਾਰਤ ਇਕ ਦੇਸ਼ ਸੀ ਅਤੇ ਬਦਕਿਸਮਤੀ ਨਾਲ ਇਹ ਵੰਡਿਆ ਗਿਆ, ਜੋ ਨਹੀਂ ਹੋਣਾ ਚਾਹੀਦਾ ਸੀ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਜੇਕਰ ਤੁਸੀਂ ਚਾਹੋ ਤਾਂ ਬਹਿਸ ਕਰੋ ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਦੇਸ਼ ਦੀ ਵੰਡ ਲਈ ਕੌਣ ਜ਼ਿੰਮੇਵਾਰ ਹੈ। ਮੈਂ ਉਸ ਸਮੇਂ ਕੀਤੀ ਇਤਿਹਾਸਕ ਗਲਤੀ ਲਈ ਇਕ ਸਤਰ ਦਾ ਜਵਾਬ ਨਹੀਂ ਦੇ ਸਕਦਾ।’’
ਓਵੈਸੀ ਨੇ ਆਜ਼ਾਦੀ ਘੁਲਾਟੀਏ ਅਤੇ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਕਿਤਾਬ ‘ਇੰਡੀਆ ਵਿਨਸ ਫਰੀਡਮ’ ਪੜ੍ਹਨ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਇਹ ਪੜ੍ਹਿਆ ਜਾਣਾ ਚਾਹੀਦਾ ਹੈ ਕਿ ਉਹ ਉਸ ਸਮੇਂ ਦੇ ਕਾਂਗਰਸੀ ਨੇਤਾਵਾਂ ਕੋਲ ਕਿਵੇਂ ਗਏ ਅਤੇ ਉਨ੍ਹਾਂ ਨੂੰ ਵੰਡ ਦੀ ਪੇਸ਼ਕਸ਼ ਨੂੰ ਮਨਜ਼ੂਰ ਨਾ ਕਰਨ ਦੀ ਅਪੀਲ ਕੀਤੀ ਸੀ।
ਉਨ੍ਹਾਂ ਕਿਹਾ, ‘‘ਇਸ ਦੇਸ਼ ਨੂੰ ਵੰਡਿਆ ਨਹੀਂ ਜਾਣਾ ਚਾਹੀਦਾ ਸੀ। ਉਹ ਗਲਤ ਸੀ। ਉਸ ਸਮੇਂ ਦੇ ਸਾਰੇ ਨੇਤਾ… ਉਹ ਸਾਰੇ ਜ਼ਿੰਮੇਵਾਰ ਸਨ।’’ ਓਵੈਸੀ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਸਮੇਂ ਦੇ ਇਸਲਾਮਿਕ ਵਿਦਵਾਨਾਂ ਨੇ ਵੀ ਦੋ-ਦੇਸ਼ ਸਿਧਾਂਤ ਦਾ ਵਿਰੋਧ ਕੀਤਾ ਸੀ।