
ਉਮੰਗ ਸਿੰਘਰ ਬਣੇ ਵਿਧਾਨ ਸਭਾ ’ਚ ਵਿਧਾਇਕ ਦਲ ਦੇ ਨੇਤਾ
ਨਵੀਂ ਦਿੱਲੀ : ਕਾਂਗਰਸ ਨੇ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕਮਲਨਾਥ ਦੀ ਥਾਂ ਸਾਬਕਾ ਮੰਤਰੀ ਜੀਤੂ ਪਟਵਾਰੀ ਨੂੰ ਸੂਬਾ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵਲੋਂ ਜਾਰੀ ਬਿਆਨ ਅਨੁਸਾਰ ਸਾਬਕਾ ਮੰਤਰੀ ਉਮੰਗ ਸਿੰਘਰ ਨੂੰ ਮੱਧ ਪ੍ਰਦੇਸ਼ ’ਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਅਤੇ ਹੇਮੰਤ ਕਟਾਰੇ ਨੂੰ ਉਪ ਨੇਤਾ ਨਿਯੁਕਤ ਕੀਤਾ ਗਿਆ ਹੈ।
ਦੂਜੇ ਪਾਸੇ ਛੱਤੀਸਗੜ੍ਹ ’ਚ ਵੀ ਕਾਂਗਰਸ ਨੇ ਚਰਨ ਦਾਸ ਮਹੰਤ ਨੂੰ ਵਿਧਾਇਕ ਦਲ ਨਿਯੁਕਤ ਕੀਤਾ ਹੈ। ਉਹ ਪਿਛਲੀ ਵਿਧਾਨ ਸਭਾ ’ਚ ਵਿਧਾਨ ਸਭਾ ਦੇ ਸਪੀਕਰ ਸਨ। ਵੇਣੂਗੋਪਾਲ ਮੁਤਾਬਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀਪਕ ਬੈਜ ਨੂੰ ਅਹੁਦੇ ’ਤੇ ਬਣੇ ਰਹਿਣ ਦੇ ਮਤੇ ਨੂੰ ਮਨਜ਼ੂਰੀ ਦੇ ਦਿਤੀ ਹੈ। ਇਨ੍ਹਾਂ ਦੋਹਾਂ ਸੂਬਿਆਂ ’ਚ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।