
ਰਾਣਾ ਗੁਰਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹਨਾਂ ਦਾ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣ ਜ਼ਰੂਰ ਲੜੇਗਾ।
ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ): ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹਨਾਂ ਦਾ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣ ਜ਼ਰੂਰ ਲੜੇਗਾ।
ਦਰਅਸਲ ਕੈਬਨਿਟ ਮੰਤਰੀ ਵਲੋਂ ਕਾਂਗਰਸ ਤੋਂ ਅਪਣੇ ਪੁੱਤਰ ਲਈ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ ਪਰ ਪਾਰਟੀ ਨੇ ਹਲਕਾ ਸੁਲਤਾਨਪੁਰ ਲੋਧੀ ਤੋਂ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ ਹੈ। ਰਾਣਾ ਗੁਰਜੀਤ ਸਿੰਘ ਨੇ ਹਲਕਾ ਕਪੂਰਥਲਾ ਦੇ ਪਿੰਡ ਸੈਦੋਵਾਲ ਵਿਖੇ ਇਕ ਵਰਕਰ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਭੁਲੱਥ ਤੋਂ ਆਪਣੇ ਕਰੀਬੀ ਅਮਨਦੀਪ ਗੋਰਾ ਗਿੱਲ ਦੇ ਪਾਰਟੀ ਛੱਡਣ ’ਤੇ ਵੀ ਪ੍ਰਤੀਕਿਰਿਆ ਦਿੱਤੀ।
ਉਹਨਾਂ ਕਿਹਾ ਕਿ ਗੋਰਾ ਗਿੱਲ ਵੀ ਆਪਣਾ ਹੀ ਬੰਦਾ ਹੈ ਟਿਕਟ ਨਹੀਂ ਮਿਲੀ ਤਾਂ ਉਹਨਾਂ ਨੇ ਪਾਰਟੀ ਬਦਲੀ ਹੈ। ਇਸ ਦੌਰਾਨ ਕਾਂਗਰਸ ਆਗੂ ਅਮਰਜੀਤ ਸਿੰਘ ਸੈਦੋਵਾਲ ਨੇ ਦਾਅਵਾ ਕੀਤਾ ਕਿ ਸੈਦੋਵਾਲ ਦੇ ਕਈ ਪਰਿਵਾਰਾਂ ਨੇ ਰਾਣਾ ਗੁਰਜੀਤ ਸਿੰਘ ਦੇ ਨਾਲ ਚੱਲਣ ਦਾ ਫੈਸਲਾ ਕੀਤਾ ਹੈ।