
ਪ੍ਰਿਯੰਕਾ ਗਾਂਧੀ ਨੇ ਪਠਾਨਕੋਟ ਰੈਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਿੱਖੇ ਸ਼ਬਦੀ ਹਮਲੇ ਬੋਲੇ।
ਪਠਾਨਕੋਟ: ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਠਾਨਕੋਟ ਰੈਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਿੱਖੇ ਸ਼ਬਦੀ ਹਮਲੇ ਬੋਲੇ। ਉਹਨਾਂ ਨੇ ਤੰਜ਼ ਕੱਸਦਿਆਂ ਪੀਐਮ ਮੋਦੀ ਨੂੰ ‘ਵੱਡੇ ਮੀਆਂ’ ਅਤੇ ਅਰਵਿੰਦ ਕੇਜਰੀਵਾਲ ਨੂੰ ‘ਛੋਟੇ ਮੀਆਂ’ ਕਿਹਾ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਹਨ। ਇਹ ਸੁਣ ਕੇ ਮੈਨੂੰ ਹਾਸਾ ਆਉਂਦਾ ਹੈ। ਇਹ ਪੰਜਾਬੀਅਤ ਨੂੰ ਕਿਵੇਂ ਸਮਝਣਗੇ। ਪੰਜਾਬੀਅਤ ਇਕ ਜਜ਼ਬਾ ਹੈ ਤੇ ਇਸ ਨੂੰ ਸਮਝਣ ਲਈ ਪੰਜਾਬੀਅਤ ਨੂੰ ਜਿਊਣਾ ਪੈਂਦਾ ਹੈ। ਪੰਜਾਬੀਅਤ ਸੇਵਾ ਹੈ, ਪੰਜਾਬੀਅਤ ਸੱਚਾਈ ਹੈ, ਮਿਹਨਤ ਹੈ ਤੇ ਖੁਦਦਾਰੀਹੈ। ਪੰਜਾਬੀਅਤ ਕਿਸੇ ਸਾਹਮਣੇ ਨਹੀਂ ਝੁਕਦੀ, ਸਿਰਫ ਪਰਮਾਤਮਾ ਅੱਗੇ ਹੀ ਝੁਕਦੀ ਹੈ।
ਉਹਨਾਂ ਕਿਹਾ, “ਜਿਹੜੇ ਪ੍ਰਧਾਨ ਮੰਤਰੀ ਪੰਜਾਬ ਵਿਚ ਪ੍ਰਚਾਰ ਕਰ ਰਹੇ ਨੇ, ਉਹੀ ਪ੍ਰਧਾਨ ਮੰਤਰੀ ਅਪਣੇ ਘਰੋਂ ਬਾਹਰ 5-6 ਕਿਲੋਮੀਟਰ ਦੂਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿਲਣ ਨਹੀਂ ਆ ਸਕੇ। ਇਸ ਦੇ ਉਲਟ ਉਹਨਾਂ ਦੇ ਮੰਤਰੀ ਦੇ ਬੇਟੇ ਨੇ 6 ਕਿਸਾਨਾਂ ਨੂੰ ਕੁਚਲ ਦਿੱਤਾ ਪਰ ਕੋਈ ਕਾਰਵਾਈ ਨਹੀਂ ਹੋਈ। ਇਹ ਭਾਜਪਾ ਦੇ ਹਾਲਾਤ ਹਨ। ਇਹਨਾਂ ਨੂੰ ਕੋਈ ਸ਼ਰਮ ਨਹੀਂ। ਇਹਨਾਂ ਦੀ ਨੀਅਤ ਸਾਫ ਨਹੀਂ”।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਅਤੇ ਅਰਵਿੰਦ ਕੇਜਰੀਵਾਲ ਦੋਵਾਂ ਦਾ ਜਨਮ ਆਰਐਸਐਸ ’ਚ ਹੋਇਆ ਹੈ। ਇਕ ਆਰਐਸਐਸ ਤੋਂ ਉੱਭਰੇ ਹਨ ਅਤੇ ਦੂਜੇ ਨੇ ਸਰਕਾਰ ਖਿਲਾਫ਼ ਅੰਦੋਲਨ ਕੀਤਾ ਸੀ ਜਿਸ ਦਾ ਪੂਰਾ ਸਮਰਥਨ ਆਰਐਸਐਸ ਨੇ ਕੀਤਾ ਸੀ। ਇਕ ਨੇ ਤੁਹਾਨੂੰ ‘ਗੁਜਰਾਤ ਮਾਡਲ’ ਦਿੱਤਾ, ਜਿਹੜਾ ਮਾਡਲ ਸਿਰਫ਼ 2 ਗੁਜਰਾਤੀ ਉਦਯੋਗਪਤੀਆਂ ’ਤੇ ਹੀ ਚੱਲਿਆ। ਪੂਰਾ ਦੇਸ਼ ਉਹਨਾਂ ਨੂੰ ਵੇਚਿਆ ਜਾ ਰਿਹਾ ਹੈ। ਦੂਜੇ ‘ਦਿੱਲੀ ਮਾਡਲ’ ਦਾ ਦਾਅਵਾ ਕਰ ਰਹੇ ਹਨ। ਕੋਰੋਨਾ ਕਾਲ ਦੌਰਾਨ ਦਿੱਲੀ ਮਾਡਲ ਦਾ ਹਾਲ ਸਭ ਨੇ ਦੇਖਿਆ।
ਉਹਨਾਂ ਦਾਅਵਾ ਕੀਤਾ ਕਿ ਸਿਰਫ਼ ਕਾਂਗਰਸ ਹੀ ਪੰਜਾਬ ਵਿਚ ਪੰਜਾਬੀਅਤ ਨੂੰ ਬਚਾਏਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਸਿੰਘ ਬਿੱਟੂ ਸਣੇ ਕਾਂਗਰਸ ਦੇ ਹੋਰ ਲੀਡਰ ਹੀ ਪੰਜਾਬੀਅਤ ਨੂੰ ਬਚਾਉਣਗੇ। ਇਹ ਅਸਲੀ ਸਰਦਾਰ ਹਨ। ਇਹ ਨਕਲੀ ਸਰਦਾਰ ਨਹੀਂ ਜੋ ਸਟੇਜ ਉੱਤੇ ਨਕਲੀ ਪੱਗ ਬੰਨ ਕੇ ਖੜ੍ਹੇ ਹੋ ਰਹੇ ਹਨ। ਇਹਨਾਂ ਦੇ ਦਿਲਾਂ ਵਿਚ ਪੰਜਾਬੀਅਤ ਹੈ। ਇਹਨਾਂ ਨੇ 111 ਦਿਨਾਂ ਵਿਚ ਬਹੁਤ ਵਧੀਆ ਕੰਮ ਕੀਤਾ ਹੈ। ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, ਬਿਜਲੀ ਦੇ ਬਿੱਲ ਮੁਆਫ਼ ਕੀਤੇ। ਇਸ ਦੌਰਾਨ ਪ੍ਰਿਯੰਕਾ ਗਾਂਧੀ ਦੇ ਨਾਲ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਪਠਾਨਕੋਟ ਪਹੁੰਚੇ ਸਨ। ਪਠਾਨਕੋਟ ਪਹੁੰਚਣ 'ਤੇ ਉਹਨਾਂ ਦਾ ਕਾਂਗਰਸੀ ਉਮੀਦਵਾਰ ਅਮਿਤ ਵਿੱਜ, ਜੋਗਿੰਦਰ ਪਾਲ ਅਤੇ ਨਰੇਸ਼ ਪੁਰੀ ਨੇ ਸਵਾਗਤ ਕੀਤਾ|