Punjab News: ਕੋਰ ਕਮੇਟੀ ਦੀ ਮੀਟਿੰਗ ਮਗਰੋਂ ਬਾਦਲ ਅਕਾਲੀ ਦਲ ਦਾ ਅੰਦਰੂਨੀ ਸੰਕਟ ਹੋਰ ਤਿੱਖਾ ਹੋਣ ਲੱਗਾ
Published : Jun 17, 2024, 7:27 am IST
Updated : Jun 17, 2024, 7:27 am IST
SHARE ARTICLE
Sukhbir Badal, Sukhdev Dhindsa
Sukhbir Badal, Sukhdev Dhindsa

ਸੁਖਬੀਰ ਬਾਦਲ ਦੀ ਲੀਡਰਸ਼ਿਪ ’ਤੇ ਸਵਾਲ ਚੁਕਣ ਵਾਲੇ ਪ੍ਰਮੁੱਖ ਆਗੂ ਢੀਂਡਸਾ ਅਤੇ ਪ੍ਰੋ. ਚੰਦੂਮਾਜਰਾ ਦੁਆਲੇ ਜੁੜਨ ਲੱਗੇ

Punjab News: ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਲੋਕ ਸਭਾ ਦੇ ਚੋਣ ਨਤੀਜਿਆਂ ਬਾਰੇ ਮੰਥਨ ਕਰਨ ਲਈ ਕਾਹਲੀ ਵਿਚ ਸੱਦੀ ਗਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦਾ ਅੰਦਰੂਨੀ ਸੰਕਟ ਹੋਰ ਵੱਧ ਗਿਆ ਹੈ। ਹੁਣ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਅਤੇ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਮੰਗ ਕਰਨ ਵਾਲਿਆਂ ਦੀ ਲਾਈਨ ਲਗਾਤਾਰ ਲੰਮੀ ਹੋ ਰਹੀ ਹੈ। ਹੁਣ ਅਕਾਲੀ ਦਲ ਦੇ ਕਈ ਪ੍ਰਮੁੱਖ ਆਗੂ ਵੀ ਅੰਦਰਖਾਤੇ ਸੁਖਬੀਰ ਵਿਰੋਧੀ ਗਰੁਪ ਨਾਲ ਹਾਂ ਵਿਚ ਹਾਂ ਮਿਲਾ ਰਹੇ ਹਨ। 

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਕੋਰ ਕਮੇਟੀ ਦੇ ਅਸਲ ਸੱਚ ਦਾ ਭੇਤ ਖੋਲ੍ਹਣ ਬਾਅਦ ਹੁਣ ਬਾਦਲ ਦਲ ਅੰਦਰ ਮੁੜ ਕਲੇਸ਼ ਵਧਣ ਲੱਗਾ ਹੈ। ਇਸ ਸਮੇਂ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਦੁਆਲੇ ਸੁਖਬੀਰ ਦੀ ਲੀਡਰਸ਼ਿਪ ਵਿਰੁਧ ਸਵਾਲ ਚੁਕਣ ਵਾਲੇ ਕਈ ਪ੍ਰਮੁੱਖ ਅਕਾਲੀ ਆਗੂ ਇਕੱਠੇ ਹੋਣ ਲੱਗੇ ਹਨ। ਪਾਰਟੀ ਵਿਚੋਂ ਚੋਣਾਂ ਸਮੇਂ ਬਰਖ਼ਾਸਤ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਤੋਂ ਇਲਾਵਾ  ਹੋਰ ਕਈ ਨਾਰਾਜ਼ ਅਕਾਲੀ ਆਗੂਆਂ ਵਲੋਂ ਵੀ ਢੀਂਡਸਾ ਨਾਲ ਮੁਲਾਕਾਤ ਕਰ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।

ਇਸ ਸਮੇਂ ਜੇ ਨਜ਼ਰ ਮਾਰੀਏ ਤਾਂ ਸੁਖਦੇਵ ਸਿੰਘ ਢੀਂਡਸਾ ਤੇ ਪ੍ਰੋ. ਚੰਦੂਮਾਜਰਾ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਵਡਾਲਾ, ਡਾ. ਦਲਜੀਤ ਸਿੰਘ ਚੀਮਾ, ਮਨਪ੍ਰੀਤ ਸਿੰਘ ਇਆਲੀ ਵੀ ਅੰਦਰਖਾਤੇ ਇਕਜੁਟ ਹੋ ਰਹੇ ਹਨ ਅਤੇ ਫ਼ੋਨ ਉਪਰ ਇਕ ਦੂਜੇ ਨਾਲ ਵਿਚਾਰਾਂ ਕਰ ਰਹੇ ਹਨ। 

ਸੂਤਰਾਂ ਦੀ ਮੰਨੀਏ ਤਾਂ ਜੇ ਸੁਖਬੀਰ ਅਪਣੀ ਜ਼ਿੱਦ ’ਤੇ ਅੜੇ ਰਹੇ ਤਾਂ ਇਹ ਸਾਰੇ ਪ੍ਰਮੁੱਖ ਆਗੂ ਮੀਟਿੰਗ ਕਰ ਕੇ ਕੋਈ ਵੱਡਾ ਐਲਾਨ ਕਰ ਸਕਦੇ ਹਨ। ਭਾਵੇਂ ਕੋਰ ਕਮੇਟੀ ਦੀ ਮੀਟਿੰਗ ਵਿਚ ਤਾਂ ਖੁਲ੍ਹ ਕੇ ਸੁਖਬੀਰ ਸਾਹਮਣੇ ਕੋਈ ਆਗੂ ਜ਼ਿਆਦਾ ਨਹੀਂ ਬੋਲਿਆ ਅਤੇ ਸਮਝਿਆ ਜਾ ਰਿਹਾ ਸੀ ਕਿ ਮੀਟਿੰਗ ਸ਼ਾਂਤ ਮਾਹੌਲ ਵਿਚ ਖ਼ਤਮ ਹੋ ਗਈ ਹੈ

ਪਰ ਮੀਟਿੰਗ ਬਾਅਦ ਜਾਰੀ ਹੋਏ ਪ੍ਰੈਸ ਨੋਟ ਨਾਲ ਕਲੇਸ਼ ਹੋਰ ਵੱਧ ਗਿਆ। ਪ੍ਰੈਸ ਨੋਟ ਵਿਚ ਇਹੀ ਗੱਲ ਲਿਖੀ ਗਈ ਸੀ ਕਿ ਸਾਰੇ ਮੈਂਬਰਾਂ ਨੇ ਕੋਰ ਕਮੇਟੀ ਵਿਚ ਸੁਖਬੀਰ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟ ਕਰਦਿਆਂ ਮਤਾ ਪਾਸ ਕੀਤਾ ਹੈ ਪਰ ਚੰਦੂਮਾਜਰਾ ਨੇ ਮੀਟਿੰਗ ਤੋਂ ਬਾਅਦ ਹੀ ਮੀਡੀਆ ਨਾਲ ਗੱਲਬਾਤ ਵਿਚ ਸਾਰਾ ਭਾਂਡਾ ਭੰਨ ਦਿਤਾ।

ਉਨ੍ਹਾਂ ਖੁਲ੍ਹੇ ਤੌਰ ’ਤੇ ਕਿਹਾ ਕਿ ਮੀਟਿੰਗ ਵਿਚ ਭਰੋਸਾ ਪ੍ਰਗਟ ਕਰਨ ਦਾ ਕੋਈ ਵੀ ਮਤਾ ਪਾਸ ਨਹੀਂ ਹੋਇਆ ਅਤੇ ਇਸ ਤਰ੍ਹਾਂ ਦੀਆਂ ਮਨਮਾਨੀਆਂ ਪਾਰਟੀ ਲਈ ਠੀਕ ਸਾਬਤ ਨਹੀਂ ਹੋਣਗੀਆਂ। ਚੰਦੂਮਾਜਰਾ ਨੇ ਤਾਂ ਇਹ ਵੀ ਕਿਹਾ ਕਿ ਇਸ ਪ੍ਰੈਸ ਨੋਟ ਬਾਰੇ ਮੈਂ ਹੀ ਇਤਰਾਜ਼ ਨਹੀਂ ਪ੍ਰਗਟ ਕਰ ਰਿਹਾ ਬਲਕਿ ਮੀਟਿੰਗ ਵਿਚ ਸ਼ਾਮਲ ਹੋਰ ਬਹੁਤ ਸਾਰੇ ਸੀਨੀਅਰ ਆਗੂਆਂ ਨੇ ਵੀ ਇਤਰਾਜ਼ ਪ੍ਰਗਟ ਕੀਤਾ ਹੈ।

ਇਸ ਤੋਂ ਇਲਾਵਾ ਮੀਟਿੰਗ ਦੇ ਇਕ ਦਿਨ ਬਾਅਦ ਜੋ ਨਵੀਂ ਅਨੁਸ਼ਾਸਨੀ ਕਮੇਟੀ ਸੁਖਬੀਰ ਬਾਦਲ ਨੇ ਬਣਾਈ ਉਸ ਨਾਲ ਕਈ ਪ੍ਰਮੁੱਖ ਆਗੂਆਂ ਵਿਚ ਗੁੱਸਾ ਹੋਰ ਵਧਾ ਦਿਤਾ ਹੈ। ਇਸ ਕਮੇਟੀ ਵਿਚ ਸਿਰਫ਼ ਬਾਦਲ ਪ੍ਰਵਾਰ ਦੇ ਵਫ਼ਾਦਾਰ ਆਗੂ ਹੀ ਸ਼ਾਮਲ ਕਰਨ ਨਾਲ ਹੋਰ ਸੀਨੀਅਰ ਆਗੂਆਂ ਨੂੰ ਅਹਿਸਾਸ ਹੋਇਆ ਕਿ ਲਗਦਾ ਨਹੀਂ ਕਿ ਅਕਾਲੀ ਦਲ ਦਾ ਕੋਈ ਸੁਧਾਰ ਹੋਵੇਗਾ ਬਲਕਿ ਉਸੇ ਤਰ੍ਹਾਂ ਮਨਮਰਜ਼ੀਆਂ ਚਲਣਗੀਆਂ। ਇਸ ਤਰ੍ਹਾਂ ਬਾਦਲ ਦਲ ਵਿਚ ਇਸ ਸਮੇਂ ਅੰਦਰੂਨੀ ਤੌਰ ’ਤੇ ਨਾਰਾਜ਼ਗੀਆਂ ਬਹੁਤ ਵੱਧ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਕੋਈ ਵੱਡਾ ਧਮਾਕਾ ਹੋ ਸਕਦਾ ਹੈ।

 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement