
ਲੋਕ ਬਦਲਾਅ ਚਾਹੁੰਦੇ ਹਨ, ਅਸੀਂ ਅੱਗੇ ਦੀ ਲੜਾਈ ਲਈ ਤਿਆਰ ਹਾਂ: ਕਾਂਗਰਸ ਵਰਕਿੰਗ ਕਮੇਟੀ
ਹੈਦਰਾਬਾਦ: ਕਾਂਗਰਸ ਨੇ ਅਪਣੀ ਵਰਕਿੰਗ ਕਮੇਟੀ (ਸੀ.ਡਬਲਿਊ.ਸੀ.) ਦੀ ਦੋ ਦਿਨਾਂ ਬੈਠਕ ਤੋਂ ਬਾਅਦ ਐਤਵਾਰ ਨੂੰ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਫੈਸਲਾਕੁਨ ਫਤਵਾ ਮਿਲਣ ਦੀ ਉਮੀਦ ਪ੍ਰਗਟਾਈ ਅਤੇ ਕਿਹਾ ਕਿ ਉਹ ਅੱਗੇ ਦੀ ਲੜਾਈ ਲਈ ਕਮਰ ਕੱਸ ਚੁਕੀ ਹੈ।
ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਿਸਤ੍ਰਿਤ ਵਰਕਿੰਗ ਕਮੇਟੀ ਦੀ ਬੈਠਕ ’ਚ ਪਾਰਟੀ ਆਗੂਆਂ ਨੂੰ ਅਨੁਸ਼ਾਸਿਤ ਅਤੇ ਇਕਜੁਟ ਰਹਿਣ, ਅਪਣੇ ਨਿੱਜੀ ਮਤਭੇਦਾਂ ਨੂੰ ਪਾਸੇ ਰੱਖ ਕੇ ਕਾਂਗਰਸ ਦੀ ਸਫਲਤਾ ਨੂੰ ਪਹਿਲ ਦੇਣ ਅਤੇ ਅਜਿਹਾ ਕੁਝ ਨਾ ਕਰਨ ਦੀ ਨਸੀਹਤ ਦਿਤੀ, ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇ।
ਕਾਂਗਰਸ ਦੀ ਵਿਸਤ੍ਰਿਤ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਤੇਲੰਗਾਨਾ ਸਮੇਤ ਪੰਜ ਸੂਬਿਆਂ ਦੀਆਂ ਅਗਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੀ ਰਣਨੀਤੀ, ਸੰਗਠਨ ਨੂੰ ਮਜ਼ਬੂਤ ਕਰਨ ਅਤੇ ਕੁਝ ਹੋਰ ਵਿਸ਼ਿਆਂ ’ਤੇ ਚਰਚਾ ਕੀਤੀ ਗਈ।
ਪਾਰਟੀ ਦੀ ਪੁਨਰਗਠਿਤ ਵਰਕਿੰਗ ਕਮੇਟੀ ਦੀ ਪਹਿਲੀ ਮੀਟਿੰਗ ਸ਼ਨਿਚਰਵਾਰ ਨੂੰ ਅਤੇ ਵਿਸਥਾਰਤ ਵਰਕਿੰਗ ਕਮੇਟੀ ਦੀ ਮੀਟਿੰਗ ਐਤਵਾਰ ਨੂੰ ਹੋਈ। ਵਿਸਤਾਰਿਤ ਵਰਕਿੰਗ ਕਮੇਟੀ ’ਚ ਪਾਰਟੀ ਦੀਆਂ ਸੂਬਾਈ ਇਕਾਈਆਂ ਦੇ ਪ੍ਰਧਾਨਾਂ ਤੋਂ ਇਲਾਵਾ ਵਰਕਿੰਗ ਕਮੇਟੀ ਦੇ ਮੈਂਬਰ, ਵਿਸ਼ੇਸ਼ ਸੱਦੇ ਮੈਂਬਰ, ਸਥਾਈ ਸੱਦੇ ਗਏ ਮੈਂਬਰ, ਵਿਧਾਇਕ ਦਲ ਦੇ ਆਗੂ, ਸੰਸਦੀ ਦਲ ਦੇ ਅਧਿਕਾਰੀ ਅਤੇ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਸ਼ਾਮਲ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਾਂਗਰਸ ਆਗੂਆਂ ਨੂੰ ਆਉਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ’ਚ ਬਦਲਾਅ ਦੇ ਸੰਕੇਤ ਹਨ ਅਤੇ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਗੱਲ ਦਾ ਸਬੂਤ ਹਨ।
ਖੜਗੇ ਨੇ ‘ਇਕ ਰਾਸ਼ਟਰ, ਇਕ ਚੋਣ’ ਦੇ ਮੁੱਦੇ ’ਤੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਪਣੇ ਏਜੰਡੇ ਨੂੰ ਪੂਰਾ ਕਰਨ ਲਈ ਇਸ ਨੇ ਇਸ ਵਿਸ਼ੇ ’ਤੇ ਇਕ ਕਮੇਟੀ ਬਣਾਈ, ਜਿਸ ਦੀ ਪ੍ਰਧਾਨਗੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਗਈ।
ਉਨ੍ਹਾਂ ਕਿਹਾ, ‘‘ਇਹ ਅਰਾਮ ਨਾਲ ਬੈਠਣ ਦਾ ਸਮਾਂ ਨਹੀਂ ਹੈ। ਦਿਨ ਰਾਤ ਮਿਹਨਤ ਕਰਨੀ ਪਵੇਗੀ। ਸਾਡੇ ਸਾਰਿਆਂ ਦੇ ਜੀਵਨ ’ਚ ਉਤਰਾਅ-ਚੜ੍ਹਾਅ ਆਉਂਦੇ ਹਨ, ਪਰ ਸਾਨੂੰ ਹਮੇਸ਼ਾ ਅਨੁਸ਼ਾਸਨ ’ਚ ਰਹਿਣਾ ਚਾਹੀਦਾ ਹੈ।’’
ਉਨ੍ਹਾਂ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ 1953 ਵਿੱਚ ਹੈਦਰਾਬਾਦ ਵਿੱਚ ਦਿੱਤੇ ਗਏ ਉਸ ਬਿਆਨ ਦਾ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਅਨੁਸ਼ਾਸਨ ਦੀ ਭਾਵਨਾ ਉੱਤੇ ਜ਼ੋਰ ਦਿੱਤਾ ਸੀ।
ਵਿਸਤਾਰਿਤ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਪਾਸ ਕੀਤੇ ਮਤੇ ’ਚ ਕਿਹਾ ਗਿਆ ਕਿ ਦੇਸ਼ ਦੇ ਲੋਕ ਬਦਲਾਅ ਚਾਹੁੰਦੇ ਹਨ। ਵਰਕਿੰਗ ਕਮੇਟੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ’ਤੇ ਵੀ ਜ਼ੋਰ ਦਿਤਾ ਹੈ। ਮਤੇ ’ਚ ਕਿਹਾ ਗਿਆ ਹੈ, ‘‘ਇਹ ਭਰੋਸਾ ਹੈ ਕਿ ਕਾਂਗਰਸ ਨੂੰ ਇਸ ਸਾਲ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ, ਰਾਜਸਥਾਨ ਅਤੇ ਤੇਲੰਗਾਨਾ ਦੇ ਲੋਕਾਂ ਤੋਂ ਫੈਸਲਾਕੁੰਨ ਫਤਵਾ ਮਿਲੇਗਾ।’’
ਕਾਂਗਰਸ ਵਰਕਿੰਗ ਕਮੇਟੀ ਨੇ ਇਹ ਵੀ ਕਿਹਾ, ‘‘ਕਾਂਗਰਸ ਅੱਗੇ ਦੀ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ਲੋਕ ਬਦਲਾਅ ਚਾਹੁੰਦੇ ਹਨ। ਅਸੀਂ ਕਾਨੂੰਨ ਅਤੇ ਵਿਵਸਥਾ, ਆਜ਼ਾਦੀ, ਸਮਾਜਕ ਅਤੇ ਆਰਥਕ ਨਿਆਂ ਅਤੇ ਸਮਾਨਤਾ ਦੀਆਂ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਾਂਗੇ।’’