
ਕਿਹਾ, ਘੁਸਪੈਠੀਆਂ ਦੀ ਰਾਖੀ ਲਈ ਹੀ ਕਾਂਗਰਸ ਨੇ ਕੀਤੀ ‘ਵੋਟਰ ਅਧਿਕਾਰ ਯਾਤਰਾ’
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁਧਵਾਰ ਨੂੰ ਕਾਂਗਰਸ ਦੀ ‘ਵੋਟਰ ਅਧਿਕਾਰ ਯਾਤਰਾ’ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਵਿਰੋਧੀ ਪਾਰਟੀ ਨੇ ਘੁਸਪੈਠੀਆਂ ਦੀ ਸੁਰੱਖਿਆ ਲਈ ਰੈਲੀ ਕੀਤੀ ਸੀ ਕਿਉਂਕਿ ਉਹ ਉਨ੍ਹਾਂ ਦੀ ਮਦਦ ਨਾਲ ਚੋਣਾਂ ਜਿੱਤਣਾ ਚਾਹੁੰਦੀ ਹੈ।
ਸ਼ਾਹ ਇੱਥੇ ਤਿਆਗਰਾਜ ਸਟੇਡੀਅਮ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਦੇ ਮੌਕੇ ਉਤੇ ਦਿੱਲੀ ਸਰਕਾਰ ਦੀਆਂ 17 ਲੋਕ ਭਲਾਈ ਯੋਜਨਾਵਾਂ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ, ‘‘ਰਾਹੁਲ ਬਾਬਾ ਅਤੇ ਕਾਂਗਰਸ ਪਾਰਟੀ ਨੇ ਹੁਣੇ ਹੀ ‘ਘੁਸਪੈਠੀਆਂ ਬਚਾਓ ਯਾਤਰਾ’ ਸ਼ੁਰੂ ਕੀਤੀ ਹੈ। ਉਹ ਚਾਹੁੰਦੇ ਹਨ ਕਿ ਘੁਸਪੈਠੀਏ ਸਾਡੀਆਂ ਵੋਟਰ ਸੂਚੀਆਂ ਵਿਚ ਰਹਿਣ ਕਿਉਂਕਿ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਉਤੇ ਭਰੋਸਾ ਨਹੀਂ ਹੈ। ਉਹ ਘੁਸਪੈਠੀਆਂ ਦੀ ਮਦਦ ਨਾਲ ਚੋਣਾਂ ਜਿੱਤਣਾ ਚਾਹੁੰਦੇ ਹਨ। ਭਾਜਪਾ ਵੋਟਰ ਸੂਚੀਆਂ ਨੂੰ ਸਾਫ਼ ਕਰਨ ਲਈ ਐਸ.ਆਈ.ਆਰ. ਅਭਿਆਸ ਦਾ ਸਮਰਥਨ ਕਰਦੀ ਹੈ।’’
ਕਾਂਗਰਸ ਨੇ ਬਿਹਾਰ ’ਚ ਚੋਣ ਕਮਿਸ਼ਨ (ਈ.ਸੀ.) ਵਲੋਂ ਵੋਟਰ ਸੂਚੀਆਂ ’ਚ ਵਿਸ਼ੇਸ਼ ਸੋਧ ਦੇ ਵਿਰੋਧ ’ਚ 14 ਦਿਨਾਂ ਅਤੇ 1,300 ਕਿਲੋਮੀਟਰ ਲੰਬੀ ‘ਵੋਟਰ ਅਧਿਕਾਰ ਯਾਤਰਾ’ ਕੀਤੀ। ਬਿਹਾਰ ’ਚ ਇਸ ਸਾਲ ਦੇ ਅਖੀਰ ’ਚ ਵੋਟਾਂ ਪੈਣੀਆਂ ਹਨ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਇਸ ਅਭਿਆਸ ਦਾ ਉਦੇਸ਼ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਸਰਜੀਕਲ ਅਤੇ ਹਵਾਈ ਹਮਲਿਆਂ ਰਾਹੀਂ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਦੀ ਦੀ ਸ਼ਲਾਘਾ ਕੀਤੀ। ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪ੍ਰੇਸ਼ਨ ਸੰਧੂਰ ਰਾਹੀਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿਤਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਭਾਰਤ 2027 ਤਕ ਦੁਨੀਆਂ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਲੋਕਾਂ ਨੂੰ ਸਵਦੇਸ਼ੀ ਚੀਜ਼ਾਂ ਖਰੀਦਣ ਦੀ ਸਲਾਹ ਦਿੰਦੇ ਹੋਏ ਸ਼ਾਹ ਨੇ ਕਿਹਾ, ‘‘22 ਸਤੰਬਰ ਤੋਂ ਰੋਜ਼ਾਨਾ ਵਰਤੋਂ ਵਾਲੀ ਹਰ ਵਸਤੂ ਉਤੇ ਜੀ.ਐਸ.ਟੀ. (ਵਸਤੂ ਅਤੇ ਸੇਵਾ ਟੈਕਸ) ਜਾਂ ਸਿਫ਼ਰ ਹੋਵੇਗਾ ਜਾਂ ਬਹੁਤ ਘੱਟ। ਮੈਂ ਸਾਰੀਆਂ ਔਰਤਾਂ ਨੂੰ ਵਧੇਰੇ ਖਰੀਦਦਾਰੀ ਕਰਨ ਦੀ ਸਲਾਹ ਦੇਵਾਂਗਾ। 395 ਆਮ ਚੀਜ਼ਾਂ ਹਨ ਜਿਨ੍ਹਾਂ ਉਤੇ ਜ਼ੀਰੋ ਜਾਂ 5 ਫ਼ੀ ਸਦੀ ਜੀ.ਐਸ.ਟੀ. ਹੋਵੇਗਾ।’’