
ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਹੈ ਮੁਕਾਬਲਾ
ਨਵੀਂ ਦਿੱਲੀ : ਅਜਿਹੇ ’ਚ ਜਦੋਂ ਕਾਂਗਰਸ ’ਚ ਪ੍ਰਧਾਨ ਅਹੁਦੇ ਲਈ ਚੋਣ ਦੀ ਤਿਆਰੀ ਹੈ, ਪਾਰਟੀ ਦੇ ਕਰੀਬ 137 ਸਾਲਾ ਇਤਿਹਾਸ ਵਿਚ 6ਵੀਂ ਵਾਰ ਇਹ ਤੈਅ ਕਰਨ ਲਈ ਚੋਣ ਮੁਕਾਬਲਾ ਹੋਵੇਗਾ ਕਿ ਕੌਣ ਪਾਰਟੀ ਦੇ ਇਸ ਅਹਿਮ ਅਹੁਦੇ ਦੀ ਕਮਾਨ ਸੰਭਾਲੇਗਾ। ਇਸ ਦੇ ਨਾਲ ਹੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਾਰਟੀ ਪ੍ਰਧਾਨ ਅਹੁਦੇ ਦੀ ਚੋਣ ਨਾ ਲੜਨ ’ਤੇ 24 ਸਾਲ ਬਾਅਦ ਗਾਂਧੀ ਪ੍ਰਵਾਰ ਦੇ ਬਾਹਰ ਦਾ ਕੋਈ ਵਿਅਕਤੀ ਕਾਂਗਰਸ ਪ੍ਰਧਾਨ ਬਣੇਗਾ।
ਪਾਰਟੀ ਪ੍ਰਧਾਨ ਅਹੁਦੇ ਲਈ ਵੋਟਿੰਗ ਸੋਮਵਾਰ ਨੂੰ ਹੋਵੇਗੀ ਅਤੇ ਗਿਣਤੀ ਬੁਧਵਾਰ ਨੂੰ ਹੋਵੇਗੀ। ਕਾਂਗਰਸ ਦੇ ਸੀਨੀਅਰ ਆਗੂ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਇਸ ਮੁਕਾਬਲੇ ਵਿਚ ਇਕ-ਦੂਜੇ ਦੇ ਸਾਹਮਣੇ ਹਨ ਅਤੇ ਉਹ ਪ੍ਰਦੇਸ਼ ਕਾਂਗਰਸ ਕਮੇਟੀ ਦੇ 9000 ਤੋਂ ਵਧ ‘ਡੇਲੀਗੇਟਸ’ ਨੂੰ ਲੁਭਾਉਣ ਲਈ ਵੱਖ ਵੱਖ ਰਾਜਾਂ ਦਾ ਦੌਰਾ ਕਰ ਰਹੇ ਹਨ। ਖੜਗੇ ਨੂੰ ਇਸ ਅਹੁਦੇ ਲਈ ਪਸੰਦੀਦਾ ਅਤੇ ‘‘ਅਨਅਧਿਕਾਰਤ ਤੌਰ ’ਤੇ ਅਧਿਕਾਰਤ ਉਮੀਦਵਾਰ’’ ਮੰਨਿਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ’ਚ ਸੀਨੀਅਰ ਆਗੂ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ ਜਦਕਿ ਥਰੂਰ ਨੇ ਖੁਦ ਬਦਲਾਅ ਲਿਆਉਣ ਵਾਲੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈ।
ਚੋਣ ਦੇ ਮਹੱਤਵ ਬਾਰੇ ਦਸਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਮੀਡੀਆ ਨੂੰ ਦਸਿਆ ਕਿ ਕਾਂਗਰਸ ਦੇ 137 ਸਾਲਾਂ ਦੇ ਇਤਿਹਾਸ ਵਿਚ ਇਹ ਛੇਵੀਂ ਵਾਰ ਹੈ ਜਦੋਂ ਪ੍ਰਧਾਨ ਦੇ ਅਹੁਦੇ ਲਈ ਅੰਦਰੂਨੀ ਚੋਣਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ, ‘‘ਮੀਡੀਆ ਨੇ ਸਾਲ 1939, 1950, 1997 ਅਤੇ 2000 ਦੀ ਗੱਲ ਕੀਤੀ ਹੈ ਪਰ ਸਾਲ 1977 ਵਿਚ ਵੀ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਹੋਈਆਂ ਸਨ। ਜਦੋਂ ਕਾਸੂ ਬ੍ਰਹਮਾਨੰਦ ਰੈਡੀ ਨੂੰ ਚੁਣਿਆ ਗਿਆ। ਰਮੇਸ਼ ਨੇ ਅੱਗੇ ਦਸਿਆ ਕਿ ਅਜੇ ਵੀ ਚੋਣਾਂ ਦਾ ਅਪਣਾ ਮਹੱਤਵ ਹੈ।
ਉਨ੍ਹਾਂ ਕਿਹਾ, ‘ਪਰ ਮੈਂ ਉਨ੍ਹਾਂ ਨੂੰ ਇਤਿਹਾਸਕ ਭਾਰਤ ਜੋੜੋ ਯਾਤਰਾ ਨਾਲੋਂ ਘੱਟ ਸੰਸਥਾਗਤ ਮਹੱਤਵ ਵਾਲਾ ਸਮਝਦਾ ਹਾਂ, ਜੋ ਕਿ ਭਾਰਤੀ ਰਾਜਨੀਤੀ ਲਈ ਵੀ ਕਾਂਗਰਸ ਦੀ ਇਕ ਤਬਦੀਲੀ ਵਾਲੀ ਪਹਿਲਕਦਮੀ ਹੈ।’’ ਦੇਸ਼ ਭਰ ਦੇ 40 ਕੇਂਦਰਾਂ ’ਤੇ 68 ਬੂਥ ਬਣਾਏ ਗਏ ਹਨ ਜਿਥੇ ਸਵੇਰੇ 10 ਵਜੇ ਤੋਂ ਸਾਮ 4 ਵਜੇ ਤਕ ਵੋਟਿੰਗ ਦੀ ਪ੍ਰਕਿਰਿਆ ਚੱਲੇਗੀ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਲਗਭਗ 9800 ਵੋਟਰ (ਰਾਜ ਪ੍ਰਤੀਨਿਧ) ਹਨ ਜੋ ਦੋ ਉਮੀਦਵਾਰਾਂ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚੋਂ ਇਕ ਨੂੰ ਵੋਟ ਦੇਣਗੇ।
ਸੋਨੀਆ ਗਾਂਧੀ, ਮਨਮੋਹਨ ਸਿੰਘ, ਪ੍ਰਿਯੰਕਾ ਗਾਂਧੀ ਸਮੇਤ ਸੀਡਬਲਿਊਸੀ ਦੇ ਮੈਂਬਰ ਕਾਂਗਰਸ ਹੈੱਡਕੁਆਰਟਰ ਦੇ ਬੂਥ ’ਤੇ ਵੋਟ ਪਾਉਣਗੇ। ਇਸ ਦੇ ਨਾਲ ਹੀ ਭਾਰਤ ਜੋੜੋ ਯਾਤਰਾ ਦੇ ਕੈਂਪ ਵਿਚ ਇਕ ਬੂਥ ਬਣਾਇਆ ਗਿਆ ਹੈ ਜਿਥੇ ਰਾਹੁਲ ਗਾਂਧੀ ਅਤੇ 40 ਦੇ ਕਰੀਬ ਵੋਟਰ ਵੋਟ ਪਾਉਣਗੇ। ਖੜਗੇ ਬੈਂਗਲੁਰੂ ਵਿਚ ਸੂਬਾ ਕਾਂਗਰਸ ਦਫ਼ਤਰ ਅਤੇ ਸ਼ਸ਼ੀ ਥਰੂਰ ਤਿਰੂਵਨੰਤਪੁਰਮ ਵਿਚ ਵੋਟ ਪਾਉਣਗੇ। ਵੋਟਿੰਗ ਤੋਂ ਬਾਅਦ ਬੈਲਟ ਬਕਸਿਆਂ ਨੂੰ ਦਿੱਲੀ ਲਿਆਂਦਾ ਜਾਵੇਗਾ ਜਿਥੇ 19 ਅਕਤੂਬਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ।