
2500 ਕਰੋੜ ਦੇ ਨਵੇਂ ਟੈਕਸ, ਬਿਜਲੀ ਦੇ ਰੇਟ ਵਧੇ : ਗਰੇਵਾਲ
ਪੰਜਾਬ ਵਿਚ ਕਾਂਗਰਸ ਸਰਕਾਰ ਦੇ 13 ਮਹੀਨੇ ਪੂਰੇ ਹੋਣ 'ਤੇ ਇਸ ਦੀ ਕਾਰਗੁਜ਼ਾਰੀ 'ਤੇ ਟਿਪਣੀ ਕਰਦਿਆਂ ਵਿਧਾਨ ਸਭਾ ਵਿਚ ਸਿਰਫ਼ ਤਿੰਨ ਵਿਧਾਇਕਾਂ ਵਾਲੀ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ 13 ਮਹੀਨਿਆਂ ਵਿਚ ਹੀ ਕਾਂਗਰਸ ਹਾਲੋਂ ਬੇਹਾਲ ਹੋ ਗਈ ਹੈ, ਸਾਰੇ ਪਾਸੇ ਅਸ਼ਾਂਤੀ ਹੈ ਅਤੇ ਸਿਆਸੀ ਨੇਤਾਵਾਂ ਤੇ ਅਫ਼ਸਰਸ਼ਾਹੀ ਵਿਚ ਤਣਾਅ ਪੈਦਾ ਹੋ ਗਿਆ ਹੈ। ਇਥੋਂ ਤਕ ਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਕਾਬੂ ਹੇਠ ਨਹੀਂ ਹਨ। ਗਰੇਵਾਲ ਅਤੇ ਸਕੱਤਰ ਵਿਨੀਤ ਜੋਸ਼ੀ ਨੇ ਪ੍ਰੈੱਸ ਕਾਨਫ਼ਰੰਸ ਵਿਚ ਕਾਂਗਰਸ ਦਾ ਰੀਪੋਰਟ ਕਾਰਡ ਪੜ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 2500 ਕਰੋੜ ਦੇ ਨਵੇਂ ਟੈਕਸ ਲਾ ਦਿਤੇ ਹਨ। ਪਿਛਲੇ ਸਾਲ ਬਿਜਲੀ ਬਿਲਾਂ ਦਾ 2200 ਕਰੋੜ ਦਾ ਵਾਧੂ ਭਾਰ ਪਾਇਆ ਸੀ,
BJP
ਉਹ ਅਜੇ ਉਗਰਾਹਿਆ ਨਹੀਂ, ਉਤੋਂ ਆਉਂਦੇ ਕੁੱਝ ਦਿਨਾਂ ਵਿਚ ਹੋਰ ਵਧਾਏ ਜਾਣ ਵਾਲੇ ਰੇਟ ਹੋਰ ਲਾਗੂ ਹੋ ਜਾਣਗੇ। ਭਾਜਪਾ ਨੇਤਾਵਾਂ ਨੇ ਕਿਹਾ ਕਿ ਬਜਟ ਸੈਸ਼ਨ ਵਿਚ ਬਿਲ ਪਾਸ ਕਰ ਕੇ ਸੱਤਾਧਾਰੀ ਪਾਰਟੀ ਨੇ ਪੰਜਾਬ ਦੇ ਇਨਕਮ ਟੈਕਸ ਦੇਣ ਵਾਲਿਆਂ 'ਤੇ ਪ੍ਰਤੀ ਵਿਅਕਤੀ 2400 ਰੁਪਏ ਸਾਲਾਨਾ ਟੈਕਸ ਲਗਾ ਦਿਤਾ। ਲੋਕ ਭਲਾਈ, ਸ਼ਗਨ ਸਕੀਮਾਂ ਲਈ 2500 ਕਰੋੜ ਇਕੱਠਾ ਕਰਨ ਲਈ ਪਟਰੌਲ-ਡੀਜ਼ਲ 'ਤੇ ਪ੍ਰਤੀ ਲਿਟਰ ਦੋ ਰੁਪਏ ਸਰਚਾਰਜ, ਗੱਡੀਆਂ ਦੀ ਰਜਿਸਟ੍ਰੇਸ਼ਨ 'ਤੇ ਇਕ ਫ਼ੀ ਸਦੀ ਹੋਰ, ਟਰਾਂਸਪੋਰਟ ਵਹੀਕਲ 'ਤੇ 10 ਫ਼ੀ ਸਦੀ, ਬਿਜਲੀ ਬਿਲਾਂ 'ਤੇ ਪੰਜ ਫ਼ੀ ਸਦੀ ਅਤੇ ਐਕਸਾਈਜ਼ ਡਿਊਟੀ ਉਤਰ ਹੋਰ 10 ਫ਼ੀ ਸਦੀ ਦਾ ਸਰਚਾਰਜ ਲਗਾ ਦਿਤਾ ਹੈ।