
'ਆਪ' ਸੰਸਦ ਮੈਂਬਰ ਸੰਦੀਪ ਪਾਠਕ ਮੁਤਾਬਕ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।
ਨਵੀਂ ਦਿੱਲੀ: ਰਾਜ ਸਭਾ ਮੈਂਬਰ ਅਤੇ ‘ਆਪ’ ਦੇ ਗੁਜਰਾਤ ਇੰਚਾਰਜ ਡਾ. ਸੰਦੀਪ ਪਾਠਕ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ‘ਆਪ’ ਨਾਲ ਮੁਕਾਬਲਾ ਹੈ। 'ਆਪ' ਸੰਸਦ ਮੈਂਬਰ ਸੰਦੀਪ ਪਾਠਕ ਮੁਤਾਬਕ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਦਰਅਸਲ ਗੁਜਰਾਤ ਚੋਣਾਂ ਤੋਂ ਪਹਿਲਾਂ ਹਾਰਦਿਕ ਪਟੇਲ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ।
ਹਾਰਦਿਕ ਪਟੇਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਸੰਦੀਪ ਪਾਠਕ ਨੇ ਟਵੀਟ 'ਚ ਲਿਖਿਆ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਖਤਮ ਹੋ ਗਈ ਹੈ.. ਹੁਣ ਗੁਜਰਾਤ 'ਚ ਭਾਜਪਾ ਦਾ ਸਿੱਧਾ ਮੁਕਾਬਲਾ 'ਆਪ' ਨਾਲ ਹੋਵੇਗਾ। ਸਿਰਫ਼ 'ਆਪ' ਹੀ ਗੁਜਰਾਤ 'ਚ ਬਦਲਾਅ ਲਿਆ ਸਕਦੀ ਹੈ... ਸਿਰਫ਼ 'ਆਪ' ਹੀ ਗੁਜਰਾਤ 'ਚ ਭਾਜਪਾ ਨੂੰ ਹਰਾ ਸਕਦੀ ਹੈ। ਦੱਸ ਦੇਈਏ ਕਿ ਗੁਜਰਾਤ ਵਿਚ ਇਸ ਸਾਲ ਦੇ ਅਖ਼ੀਰ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
ਹਾਰਦਿਕ ਪਟੇਲ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਮੈਂ ਦਲੇਰੀ ਨਾਲ ਕਾਂਗਰਸ ਪਾਰਟੀ ਦੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਮੇਰੇ ਫੈਸਲੇ ਦਾ ਮੇਰੇ ਸਾਰੇ ਸਾਥੀਆਂ ਅਤੇ ਗੁਜਰਾਤ ਦੇ ਲੋਕ ਸਵਾਗਤ ਕਰਨਗੇ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ ਮੈਂ ਭਵਿੱਖ ਵਿਚ ਗੁਜਰਾਤ ਲਈ ਸੱਚਮੁੱਚ ਸਕਾਰਾਤਮਕ ਕੰਮ ਕਰ ਸਕਾਂਗਾ।