
ਕਾਂਗਰਸ ਪ੍ਰਧਾਨ ਖੜਗੇ ਨੇ ਸਰਕਾਰ ਨੂੰ ਸੱਤ ਸਵਾਲ ਪੁੱਛੇ ਅਤੇ ਜਵਾਬ ਮੰਗੇ
ਨਵੀਂ ਦਿੱਲੀ: ਕਾਂਗਰਸ ਨੇ ਕੰਚਨਜੰਗਾ ਐਕਸਪ੍ਰੈਸ ਹਾਦਸੇ ਦੇ ਮੱਦੇਨਜ਼ਰ ਸਰਕਾਰ ’ਤੇ ਭਾਰਤੀ ਰੇਲਵੇ ਨੂੰ ਬਰਬਾਦ ਕਰਨ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਵਿਰੋਧੀ ਪਾਰਟੀ ਨੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਹਾਦਸੇ ਵਾਲੀ ਥਾਂ ’ਤੇ ਪਹੁੰਚਣ ਲਈ ਵੈਸ਼ਣਵ ’ਤੇ ਨਿਸ਼ਾਨਾ ਸਾਧਿਆ ਅਤੇ ਪੁਛਿਆ ਕਿ ਕੀ ਉਹ ਰੇਲ ਮੰਤਰੀ ਹਨ ਜਾਂ ‘ਰੀਲ ਮੰਤਰੀ’।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਦੋਂ ਵੀ ਕੋਈ ਰੇਲ ਹਾਦਸਾ ਵਾਪਰਦਾ ਹੈ ਤਾਂ ਮੋਦੀ ਸਰਕਾਰ ਦੇ ਰੇਲ ਮੰਤਰੀ ਕੈਮਰਿਆਂ ਦੀ ਚਮਕ ’ਚ ਮੌਕੇ ’ਤੇ ਪਹੁੰਚ ਜਾਂਦੇ ਹਨ ਅਤੇ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਸੱਭ ਕੁੱਝ ਠੀਕ ਹੋਵੇ। ਉਨ੍ਹਾਂ ਕਿਹਾ, ‘‘ਨਰਿੰਦਰ ਮੋਦੀ ਜੀ, ਸਾਨੂੰ ਦੱਸੋ ਕਿ ਕਿਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ, ਰੇਲ ਮੰਤਰੀ ਜਾਂ ਤੁਸੀਂ?’’
ਖੜਗੇ ਨੇ ਸਰਕਾਰ ਨੂੰ ਸੱਤ ਸਵਾਲ ਪੁੱਛੇ ਅਤੇ ਜਵਾਬ ਮੰਗੇ। ਉਨ੍ਹਾਂ ਪੁਛਿਆ ਕਿ ਬਾਲਾਸੋਰ ਵਰਗੇ ਵੱਡੇ ਹਾਦਸੇ ਤੋਂ ਬਾਅਦ ਬਹੁਚਰਚਿਤ ‘ਕਵਚ’ ਰੇਲ ਟੱਕਰ ਪ੍ਰਣਾਲੀ ਦੀ ਕਵਰੇਜ ਨੂੰ ਇਕ ਕਿਲੋਮੀਟਰ ਵੀ ਕਿਉਂ ਨਹੀਂ ਵਧਾਇਆ ਗਿਆ। ਉਨ੍ਹਾਂ ਕਿਹਾ, ‘‘ਰੇਲਵੇ ’ਚ ਲਗਭਗ ਤਿੰਨ ਲੱਖ ਅਸਾਮੀਆਂ ਖਾਲੀ ਕਿਉਂ ਹਨ, ਪਿਛਲੇ 10 ਸਾਲਾਂ ’ਚ ਉਨ੍ਹਾਂ ਨੂੰ ਕਿਉਂ ਨਹੀਂ ਭਰਿਆ ਗਿਆ? ਐਨ.ਸੀ.ਆਰ.ਬੀ. (2022) ਦੀ ਰੀਪੋਰਟ ਦੇ ਅਨੁਸਾਰ, ਇਕੱਲੇ 2017 ਅਤੇ 2021 ਦੇ ਵਿਚਕਾਰ ਰੇਲ ਹਾਦਸਿਆਂ ’ਚ 1,00,000 ਲੋਕਾਂ ਦੀ ਮੌਤ ਹੋ ਗਈ! ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ?’’
ਉਨ੍ਹਾਂ ਕਿਹਾ, ‘‘ਰੇਲਵੇ ਬੋਰਡ ਨੇ ਖੁਦ ਮੰਨਿਆ ਹੈ ਕਿ ਹਾਦਸਿਆਂ ਦੀ ਵਧਦੀ ਗਿਣਤੀ ਦਾ ਮੁੱਖ ਕਾਰਨ ਮਨੁੱਖੀ ਸ਼ਕਤੀ ਦੀ ਭਾਰੀ ਕਮੀ ਕਾਰਨ ਲੋਕੋ ਡਰਾਈਵਰਾਂ ਦੇ ਲੰਮੇ ਸਮੇਂ ਤਕ ਕੰਮ ਕਰਨਾ ਹੈ। ਉਨ੍ਹਾਂ ਪੁਛਿਆ ਕਿ ਇਹ ਅਸਾਮੀਆਂ ਕਿਉਂ ਨਹੀਂ ਭਰੀਆਂ ਗਈਆਂ।’’