ਰਾਖਵਾਂਕਰਨ ’ਤੇ ਖਤਰਨਾਕ ਟਿਪਣੀ ਲਈ ਰਾਹੁਲ ਗਾਂਧੀ ਦੀ ਜ਼ੁਬਾਨ ਦਾਗ ਦਿਤੀ ਜਾਵੇ : ਅਨਿਲ ਬੋਂਡੇ
ਅਮਰਾਵਤੀ : ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁਧ ਵਿਵਾਦਪੂਰਨ ਬਿਆਨ ਦੇਣ ਦੇ ਦੋਸ਼ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਅਨਿਲ ਬੋਂਡੇ ਵਿਰੁਧ ਬੁਧਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਹਾਲਾਂਕਿ ਬੌਂਡੇ ਅਪਣੇ ਸਟੈਂਡ ’ਤੇ ਕਾਇਮ ਹਨ।
ਬੋਂਡੇ ਨੇ ਰਾਖਵਾਂਕਰਨ ਬਾਰੇ ਗਾਂਧੀ ਦੀ ਟਿਪਣੀ ਨੂੰ ‘ਖਤਰਨਾਕ’ ਕਹਿ ਕੇ ਅਤੇ ਉਨ੍ਹਾਂ ਦੀ ਜੀਭ ਦਾਗ ਦੇਣ ਦੀ ਗੱਲ ਕਹਿ ਕੇ ਵਿਵਾਦ ਪੈਦਾ ਕਰ ਦਿਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਰਾਖਵਾਂਕਰਨ ’ਤੇ ਰਾਹੁਲ ਗਾਂਧੀ ਦੇ ਬਿਆਨ ਨੇ ਬਹੁਜਨ ਅਤੇ ਬਹੁਗਿਣਤੀ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਐਫ.ਆਈ.ਆਰ. ’ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਸੰਸਦ ਮੈਂਬਰ ਨੇ ਬਾਅਦ ’ਚ ਨਾਗਪੁਰ ’ਚ ਕਿਹਾ ਕਿ ਇਸ ਦੀ ਬਜਾਏ ਰਾਹੁਲ ਗਾਂਧੀ ਵਿਰੁਧ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਭਾਰਤ ਦੇ 70 ਫੀ ਸਦੀ ਲੋਕਾਂ ਦੇ ਮਨ ’ਚ ਖਦਸ਼ਾ ਪੈਦਾ ਕਰ ਦਿਤਾ ਸੀ ਕਿ ਉਨ੍ਹਾਂ ਦਾ ਕੋਟਾ ਖੋਹਿਆ ਜਾ ਸਕਦਾ ਹੈ। ਬੋਂਡੇ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਭਾਜਪਾ ਵਰਕਰ ਥਾਣੇ ਜਾਣਗੇ ਅਤੇ ਇਹ ਮੰਗ ਕਰਨਗੇ।
ਇਸ ਤੋਂ ਪਹਿਲਾਂ ਅਮਰਾਵਤੀ ਦੇ ਸੰਸਦ ਮੈਂਬਰ ਬਲਵੰਤ ਵਾਨਖੇੜੇ, ਵਿਧਾਇਕ ਯਸ਼ੋਮਤੀ ਠਾਕੁਰ, ਸਾਬਕਾ ਮੰਤਰੀ ਸੁਨੀਲ ਦੇਸ਼ਮੁਖ ਸਮੇਤ ਕਾਂਗਰਸੀ ਨੇਤਾਵਾਂ ਅਤੇ ਕਾਰਕੁੰਨਾਂ ਨੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦਿਤਾ ਸੀ, ਜਿਸ ਤੋਂ ਬਾਅਦ ਬੋਂਡੇ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਸੀ।
ਅਮਰਾਵਤੀ ਦੇ ਰਾਜਾਪੀਠ ਥਾਣੇ ਵਿਚ ਉਸ ਦੇ ਵਿਰੁਧ ਧਾਰਾ 192 (ਦੰਗੇ ਭੜਕਾਉਣ ਦੇ ਇਰਾਦੇ ਨਾਲ ਜਾਣਬੁਝ ਕੇ ਭੜਕਾਉਣਾ), 351 (2) (ਅਪਰਾਧਕ ਤਾਕਤ ਪੈਦਾ ਕਰਨ ਦੇ ਇਰਾਦੇ ਨਾਲ ਕਿਸੇ ਹੋਰ ਵਿਅਕਤੀ ਨੂੰ ਸੱਟ ਪਹੁੰਚਾਉਣਾ) ਅਤੇ 356 (ਮਾਨਹਾਨੀ ਲਈ ਸਜ਼ਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਬੋਂਡੇ ਨੇ ਮੰਗਲਵਾਰ ਨੂੰ ਸ਼ਿਵ ਸੈਨਾ ਵਿਧਾਇਕ ਸੰਜੇ ਗਾਇਕਵਾੜ ਦੀ ਰਾਹੁਲ ਗਾਂਧੀ ਵਿਰੁਧ ਟਿਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ, ‘‘ਜ਼ੁਬਾਨ ਕੱਟਣ ਵਰਗੀ ਭਾਸ਼ਾ ਉਚਿਤ ਨਹੀਂ ਹੈ, ਪਰ ਰਾਹੁਲ ਜੀ ਨੇ ਰਾਖਵਾਂਕਰਨ ਦੇ ਵਿਰੁਧ ਜੋ ਕਿਹਾ ਉਹ ਖਤਰਨਾਕ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਇਸ ਲਈ ਜੇਕਰ ਕੋਈ ਵਿਦੇਸ਼ ’ਚ ਕੁੱਝ ਬੇਤੁਕਾ ਬੋਲਦਾ ਹੈ ਤਾਂ ਉਸ ਦੀ ਜ਼ੁਬਾਨ ਕੱਟਣ ਦੀ ਬਜਾਏ ਦਾਗ ਦਿਤਾ ਜਾਣਾ ਚਾਹੀਦਾ ਹੈ।’’ (ਪੀਟੀਆਈ)
ਕਾਂਗਰਸ ਨੇ ਰਵਨੀਤ ਬਿੱਟੂ ਅਤੇ ਤਿੰਨ ਹੋਰ ਭਾਜਪਾ-ਸ਼ਿਵ ਸੈਨਾ ਨੇਤਾਵਾਂ ਵਿਰੁਧ ਪੁਲਿਸ ਸ਼ਿਕਾਇਤ ਦਰਜ ਕਰਵਾਈ
ਨਵੀਂ ਦਿੱਲੀ : ਕਾਂਗਰਸ ਨੇ ਬੁਧਵਾਰ ਨੂੰ ਕੇਂਦਰੀ ਮੰਤਰੀ ਰਵਨੀਤ ਬਿੱਟੂ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼ਿਵ ਸੈਨਾ ਦੇ ਚਾਰ ਨੇਤਾਵਾਂ ਵਿਰੁਧ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁਧ ਵਿਵਾਦਪੂਰਨ ਟਿਪਣੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲਈ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਅਤੇ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ।
ਪਾਰਟੀ ਦੇ ਖਜ਼ਾਨਚੀ ਅਜੇ ਮਾਕਨ ਇੱਥੇ ਤੁਗਲਕ ਰੋਡ ਥਾਣੇ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ। ਕਾਂਗਰਸ ਨੇ ਬਿੱਟੂ, ਭਾਜਪਾ ਨੇਤਾ ਤਰਵਿੰਦਰ ਮਾਰਵਾਹ, ਉੱਤਰ ਪ੍ਰਦੇਸ਼ ਦੇ ਮੰਤਰੀ ਰਘੂਰਾਜ ਸਿੰਘ ਅਤੇ ਸ਼ਿਵ ਸੈਨਾ ਵਿਧਾਇਕ ਸੰਜੇ ਗਾਇਕਵਾੜ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 351, 352, 353, 61 ਤਹਿਤ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ।
ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮਾਕਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਕਿਉਂਕਿ ਉਹ ਸੰਵਿਧਾਨ ਨੂੰ ਬਚਾਉਣ ਅਤੇ ਦਲਿਤਾਂ, ਕਬੀਲਿਆਂ, ਪਿਛੜਿਆਂ, ਘੱਟ ਗਿਣਤੀਆਂ ਅਤੇ ਗਰੀਬਾਂ ਦੇ ਹਿੱਤ ’ਚ ਗੱਲ ਕਰ ਰਹੇ ਹਨ।
ਉਨ੍ਹਾਂ ਕਿਹਾ, ‘‘ਭਾਜਪਾ ਨੇਤਾ (ਮਾਰਵਾਹ) ਨੇ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਅਤੇ ਕਿਹਾ, ‘ਰਾਹੁਲ ਜੀ ਸਾਵਧਾਨ ਰਹੋ... ਨਹੀਂ ਤਾਂ, ਤੁਹਾਡਾ ਵੀ ਉਹੀ ਹਾਲ ਹੋਵੇਗਾ ਜੋ ਤੁਹਾਡੀ ਦਾਦੀ ਦਾ ਹੋਇਆ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਇੰਦਰਾ ਗਾਂਧੀ (ਸਾਬਕਾ ਪ੍ਰਧਾਨ ਮੰਤਰੀ) ਅਤੇ ਰਾਜੀਵ ਗਾਂਧੀ (ਸਾਬਕਾ ਪ੍ਰਧਾਨ ਮੰਤਰੀ) ਨੇ ਦੇਸ਼ ਲਈ ਅਪਣੀਆਂ ਜਾਨਾਂ ਕੁਰਬਾਨ ਕਰ ਦਿਤੀਆਂ। ਇਸ ਤੋਂ ਬਾਅਦ ਵੀ ਰਾਹੁਲ ਜੀ ਨੂੰ ਇਸ ਤਰ੍ਹਾਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਭਾਰਤ ਦੀ ਰਾਜਨੀਤੀ ਇਸ ਤੋਂ ਹੇਠਲੇ ਪੱਧਰ ਤਕ ਨਹੀਂ ਜਾ ਸਕਦੀ।
ਸਟਾਲਿਨ ਨੇ ਕੇਂਦਰ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਬੁਧਵਾਰ ਨੂੰ ਕਾਂਗਰਸ ਦੇ ਚੋਟੀ ਦੇ ਨੇਤਾ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਹੋਣ ਦੀਆਂ ਰੀਪੋਰਟਾਂ ’ਤੇ ਹੈਰਾਨੀ ਜ਼ਾਹਰ ਕੀਤੀ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਤੋਂ ਤੁਰਤ ਕਾਰਵਾਈ ਦੀ ਮੰਗ ਕੀਤੀ।
ਤਾਮਿਲਨਾਡੂ ਦੀ ਸੱਤਾਧਾਰੀ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐਮ.ਕੇ.) ਦੇ ਮੁਖੀ ਸਟਾਲਿਨ ਨੇ ਕਿਹਾ, ‘‘ਮੇਰੇ ਭਰਾ ਰਾਹੁਲ ਗਾਂਧੀ ਦੀ ਪ੍ਰਤਿਭਾ ਅਤੇ ਵੱਧ ਰਹੇ ਜਨਤਕ ਸਮਰਥਨ ਨੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ, ਜਿਸ ਕਾਰਨ ਅਜਿਹੀ ਘਿਨਾਉਣੀ ਧਮਕੀ ਦਿਤੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਦੁਹਰਾਉਣਾ ਚਾਹੀਦਾ ਹੈ ਕਿ ਸਾਡੇ ਲੋਕਤੰਤਰ ’ਚ ਧਮਕਾਉਣ ਅਤੇ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ।’’
ਸੰਜੇ ਰਾਊਤ ਨੇ ਵਿਰੋਧੀ ਧਿਰ ਦੇ ਨੇਤਾ ਵਿਰੁਧ ਟਿਪਣੀ ਕਰਨ ’ਤੇ ਸ਼ਿਵ ਸੈਨਾ ਤੇ ਭਾਜਪਾ ਨੇਤਾਵਾਂ ’ਤੇ ਨਿਸ਼ਾਨਾ ਵਿੰਨ੍ਹਿਆ
ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੀਨੀਅਰ ਆਗੂ ਸੰਜੇ ਰਾਉਤ ਨੇ ਵੀ ਰਾਹੁਲ ਗਾਂਧੀ ਵਿਰੁਧ ਸਾਜ਼ਸ਼ ਰਚਣ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਣ ਦਾ ਦੋਸ਼ ਲਾਇਆ ਅਤੇ ਰਾਜ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼ਿਵ ਸੈਨਾ ਵਿਧਾਇਕਾਂ ਵਲੋਂ ਸਾਬਕਾ ਕਾਂਗਰਸ ਪ੍ਰਧਾਨ ਵਿਰੁਧ ਕੀਤੀਆਂ ਟਿਪਣੀਆਂ ਦੀ ਨਿੰਦਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸੱਤਾਧਾਰੀ ਪਾਰਟੀਆਂ ਦੇ ਨੇਤਾਵਾਂ ਵਲੋਂ ਰਾਹੁਲ ਗਾਂਧੀ ਵਿਰੁਧ ਕੀਤੀਆਂ ਟਿਪਣੀ ਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ। (ਪੀਟੀਆਈ)