
ਪਾਰਟੀ ਦੇ ਸੂਬਾ ਪ੍ਰਧਾਨ ਅਜੇ ਰਾਏ ਅਤੇ ਪ੍ਰਦੇਸ਼ ਇੰਚਾਰਜ ਅਵਿਨਾਸ਼ ਪਾਂਡੇ ਸਮੇਤ ਕਈ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ’ਚ ਲਿਆ ਗਿਆ
ਲਖਨਊ : ਕਾਂਗਰਸ ਨੇ ਬੁਧਵਾਰ ਨੂੰ ਉੱਤਰ ਪ੍ਰਦੇਸ਼ ਵਿਧਾਨ ਭਵਨ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਰਸਤੇ ’ਚ ਹੀ ਉਸ ਨੂੰ ਰੋਕ ਲਿਆ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਜੇ ਰਾਏ ਅਤੇ ਪ੍ਰਦੇਸ਼ ਇੰਚਾਰਜ ਅਵਿਨਾਸ਼ ਪਾਂਡੇ ਸਮੇਤ ਕਈ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ।
ਪ੍ਰਦਰਸ਼ਨ ਦੌਰਾਨ ਇਕ ਕਾਂਗਰਸੀ ਵਰਕਰ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਪਾਰਟੀ ਦੇ ਸੂਬਾ ਪ੍ਰਧਾਨ ਅਜੇ ਰਾਏ ਨੇ ਦਾਅਵਾ ਕੀਤਾ ਕਿ ਮੌਤ ਪੁਲਿਸ ਦੀ ਬੇਰਹਿਮੀ ਕਾਰਨ ਹੋਈ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਪ੍ਰਭਾਤ ਪਾਂਡੇ (28) ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੇ ਕੋਈ ਸੱਟ ਦੇ ਨਿਸ਼ਾਨ ਨਹੀਂ ਸਨ।
ਕਾਂਗਰਸ ਦੇ ਵਿਧਾਨ ਭਵਨ ਦੀ ਘੇਰਾਬੰਦੀ ਨੂੰ ਰੋਕਣ ਲਈ ਰਾਜਧਾਨੀ ’ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਪਾਰਟੀ ਨੇਤਾਵਾਂ ਅਤੇ ਵਰਕਰਾਂ ਨੇ ਵਿਧਾਨ ਭਵਨ ਵਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਰਸਤੇ ’ਚ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿਤਾ ਅਤੇ ਪਾਰਟੀ ਦੇ ਕਈ ਨੇਤਾਵਾਂ ਨੂੰ ਹਿਰਾਸਤ ’ਚ ਲੈ ਲਿਆ।
ਰਾਏ ਨੇ ਪੁਲਿਸ ਵਲੋਂ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ 2027 ’ਚ ਯੋਗੀ ਸਰਕਾਰ ਨੂੰ ਸੱਤਾ ਤੋਂ ਉਖਾੜ ਸੁੱਟਾਂਗੇ। ਉਹ ਮੈਨੂੰ ਅਤੇ ਹੋਰ ਕਾਂਗਰਸੀ ਨੇਤਾਵਾਂ ਨੂੰ ਮਾਰਨਾ ਚਾਹੁੰਦੇ ਹਨ। ਉਹ ਸਾਡੇ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਤੋਂ ਡਰਦੇ ਹਨ।’’
ਵਿਰੋਧੀ ਪਾਰਟੀ ਦੇ ਵਰਕਰ ਕਿਸਾਨਾਂ ਦੇ ਸੰਕਟ, ਬੇਰੁਜ਼ਗਾਰੀ, ਮਹਿੰਗਾਈ, ਨਿੱਜੀਕਰਨ ਅਤੇ ਕਾਨੂੰਨ ਵਿਵਸਥਾ ਵਰਗੇ ਮੁੱਦਿਆਂ ’ਤੇ ਉੱਤਰ ਪ੍ਰਦੇਸ਼ ਸਰਕਾਰ ਵਿਰੁਧ ਅਪਣੇ ਵਿਰੋਧ ਪ੍ਰਦਰਸ਼ਨ ਦੇ ਹਿੱਸੇ ਵਜੋਂ ਵਿਧਾਨ ਭਵਨ ਦਾ ਘਿਰਾਓ ਕਰਨ ਜਾ ਰਹੇ ਸਨ।
ਕਾਂਗਰਸੀ ਵਰਕਰਾਂ ਨੂੰ ਵਿਧਾਨ ਭਵਨ ਪਹੁੰਚਣ ਤੋਂ ਰੋਕਣ ਲਈ ਕੰਪਲੈਕਸ ਦੇ ਆਲੇ-ਦੁਆਲੇ ਬੈਰੀਕੇਡ ਲਗਾਏ ਗਏ ਸਨ, ਜਦਕਿ ਵੱਖ-ਵੱਖ ਥਾਵਾਂ ’ਤੇ ਡਾਇਵਰਜ਼ਨ ਕਾਰਨ ਸ਼ਹਿਰ ਵਿਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਸੀ।
ਰਾਏ, ਜੋ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀ ਹਨ, ਨੇ ਬੈਰੀਕੇਡ ਨੂੰ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕੁੱਝ ਸਮੇਂ ਲਈ ਸੜਕ ’ਤੇ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਹੋਸ਼ ’ਚ ਲਿਆਉਣ ’ਚ ਮਦਦ ਕੀਤੀ। ਇਸ ਦੌਰਾਨ ਗੋਰਖਪੁਰ ਦੇ ਰਹਿਣ ਵਾਲੇ ਪਾਰਟੀ ਵਰਕਰ ਪ੍ਰਭਾਤ ਪਾਂਡੇ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ।