
ਯੂਥ ਅਕਾਲੀ ਦਲ ਪਾਰਟੀ ਦੇ ਨੌਜਵਾਨ ਵਰਕਰ ਅਪਣੀ ਹੀ ਪਾਰਟੀ ਤੋਂ ਨਾਰਾਜ਼ ਚਲ ਰਹੇ ਹਨ
ਯੂਥ ਅਕਾਲੀ ਦਲ ਪਾਰਟੀ ਦੇ ਨੌਜਵਾਨ ਵਰਕਰ ਅਪਣੀ ਹੀ ਪਾਰਟੀ ਤੋਂ ਨਾਰਾਜ਼ ਚਲ ਰਹੇ ਹਨ। ਉਨ੍ਹਾਂ ਨੇ ਅਪਣੀ ਇਸ ਨਾਰਾਜ਼ਗੀ ਦਾ ਕਾਰਨ ਦਸਦਿਆਂ ਕਿਹਾ ਕਿ ਅਕਾਲੀ ਦਲ ਦੇ ਜੋ ਆਗੂ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਬਹੁਤ ਖਾਸ ਹਨ ਉਨ੍ਹਾਂ ਨੇ ਤਾਂ ਪਿਛਲੇ 10 ਸਾਲਾਂ ਦੌਰਾਨ ਮਾਈਨਿੰਗ ਅਤੇ ਹੋਰ ਕਈ ਤਰੀਕਿਆਂ ਨਾਲ ਮੋਟੇ ਪੈਸੇ ਕਮਾ ਲਏ ਨੇ ਪਰ ਜਿਹੜੇ ਹੇਠਲੇ ਪੱਧਰ ਦੇ ਵਰਕਰ ਸੀ ਉਨ੍ਹਾਂ ਦੇ ਕੁਝ ਹੱਥ ਨਹੀਂ ਆਇਆ। ਉਨ੍ਹਾਂ ਨੇ ਅਪਣਾ ਦਰਦ ਕਹਾਵਤ 'ਘਰੋਂ ਘਰ ਗਵਾਇਆ ਨਾਲੇ ਭੜੂਆ ਕਹਾਇਆ' ਦੀ ਉਦਾਹਰਣ ਦੇ ਕਿ ਬਿਆਨ ਕੀਤਾ। ਪਾਰਟੀ ਦੇ ਵਰਕਰਾਂ ਦੀ ਬੇਰੁਜ਼ਗਾਰੀ ਕਾਰਨ ਅਕਾਲੀ ਦਲ ਪਾਰਟੀ ਦਾ ਬੂਟਾ ਸੁਕਦਾ ਜਾ ਰਿਹਾ ਹੈ।
Sukhbir Badalਮਿਲੀ ਜਾਣਕਾਰੀ ਅਨੁਸਾਰ ਅਕਾਲੀ ਸਰਕਾਰ ਵੱਲੋਂ ਨੌਜਵਾਨ ਅਕਾਲੀ ਆਗੂਆਂ ਲਈ ਅੰਤ 'ਚ ਪੋਸਟਾਂ ਦਿੱਤੀਆਂ ਗਈਆਂ ਸਨ ਅਤੇ ਇਸ ਸਮੇਂ ਦੌਰਾਨ ਨੌਜਵਾਨਾਂ ਨੇ 9 ਸਾਲ ਆਪਣੇ ਪੱਲਿਓਂ ਖਰਚਾ ਕਰ ਕਿ ਪਾਰਟੀ ਪ੍ਰਤੀ ਆਪਣੇ ਫਰਜ਼ ਨਿਭਾਏ। ਪਾਰਟੀ ਦੀ ਸੇਵਾ ਕਰਦੇ ਕਰਦੇ ਕਿੰਨੇ ਹੀ ਨੌਜਵਾਨਾਂ ਵੱਲੋਂ ਕਰਜ਼ਾ ਚੁੱਕਿਆ ਗਿਆ ਤੇ ਉਹ ਕਰਜ਼ੇ ਦੇ ਬੋਝ ਹੇਠ ਆ ਗਏ। ਐਨਾ ਕੁਝ ਨੌਜਵਾਨਾਂ ਵੱਲੋਂ ਕੀਤੇ ਜਾਣ 'ਤੇ ਵੀ ਪਾਰਟੀ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ।
ਕਈ ਆਗੂਆਂ ਨੇ ਦੂਜੀ ਪਾਰਟੀ 'ਚੋਂ ਆਪਣੇ ਉਚੇ ਅਹੁਦੇ ਤਕ ਤਿਆਗ ਦਿੱਤੇ ਜਦੋਂ ਸਰਕਾਰ ਸੱਤਾ 'ਚ ਸੀ ਤਾਂ ਕੋਈ ਉਨ੍ਹਾਂ ਦੀ ਕੋਈ ਸੁਣ ਵੀ ਲੈਂਦਾ ਸੀ ਪਰ ਹੁਣ ਤਾਂ ਉਨ੍ਹਾਂ ਦੇ ਹਾਲ ਪੁੱਛਣ ਵੀ ਕੋਈ ਨਹੀਂ ਆਉਂਦਾ। ਸੂਤਰਾਂ ਤੋਂ ਪਤਾ ਲੱਗਾ ਇਕ ਜ਼ਿਲੇ ਦਾ ਨੌਜਵਾਨ ਪ੍ਰਧਾਨ ਅਪਣੀ ਬੇਹਾਲੀ ਤੋਂ ਐਨਾ ਤੰਗ ਹੈ ਕਿ ਉਸਨੂੰ ਅੱਜ ਦੇ ਦਿਨਾਂ ਵਿਚ ਸਿਰਫ਼ ਥੋੜੇ ਜਿਹੇ ਪੈਸਿਆਂ ਦੀ ਨੌਕਰੀ ਲਈ ਦਰ ਦਰ ਭਟਕਣਾ ਪੈ ਰਿਹਾ ਹੈ। ਉਸਨੇ ਕਾਂਗਰਸੀ ਕੌਂਸਲਰ ਅੱਗੇ ਆਪਣੀ ਤਕਲੀਫ਼ ਬਿਆਨ ਕਰਦਿਆਂ ਨੌਕਰੀ ਦੀ ਮੰਗ ਵੀ ਕੀਤੀ ਹੈ।
Bikramjit Majithiaਅਕਾਲੀ ਸਰਕਾਰ ਦੇ ਬੇਰੁਜ਼ਗਾਰ ਨੌਜਵਾਨਾਂ ਦਾ ਕਹਿਣਾ ਹੈ ਕਿ ਜੋ ਪਾਰਟੀ ਦੇ ਉੱਚ ਅਹੁਦੇਦਾਰਾਂ ਦੇ ਕਰੀਬ ਸਨ ਉਨ੍ਹਾਂ ਨੇ ਆਪਣੇ ਲਈ ਪਲਾਟ, ਪ੍ਰਾਪਰਟੀ, ਵੱਡੇ ਸ਼ੋਅਰੂਮ, ਫਾਰਮ ਹਾਊਸ ਤੇ ਆਪਣੇ ਕਾਰੋਬਾਰ ਸੈੱਟ ਕਰ ਲਏ ਹਨ। ਉਨ੍ਹਾਂ ਨੇ ਅਪਣੀ ਹਾਲਤ ਬਿਆਨ ਕਰਦਿਆਂ ਕਿਹਾ ਕਿ ਜੇ ਇਹੀ ਸਮਾਂ ਰਿਹਾ ਤਾਂ ਨੌਜਵਾਨਾਂ ਨੂੰ ਕਾਂਗਰਸੀ ਸਰਕਾਰ ਦੇ ਪਿਛੇ ਪਿਛੇ ਨੌਕਰੀਆਂ ਲਈ ਫਿਰਨਾ ਪਵੇਗਾ।