
‘ਕਮਜ਼ੋਰ ਅਕਾਲੀ ਦਲ ਦਾ ਮਤਲਬ ਹੋਵੇਗਾ ਕਮਜ਼ੋਰ ਪੰਜਾਬ’
Sukhjinder Singh Randhawa News: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਹਲਕੇ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਆਮ ਆਦਮੀ ਪਾਰਟੀ ਦੀ ਜਗੀਰ ਨਹੀਂ ਹੈ। ਉਨ੍ਹਾਂ ਸੂਬੇ ’ਚ ਖ਼ਾਲਿਸਤਾਨ ਦੇ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ‘ਕਾਤਲ’ ਬੇਅੰਤ ਸਿੰਘ ਦੇ ਪੁਤਰ ਸਰਬਜੀਤ ਸਿੰਘ ਖ਼ਾਲਸਾ ਦੇ ਚੋਣ ਜਿਤਣ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਕਮਜ਼ੋਰੀ, ਸੁਸਤੀ ਤੇ ਨਾਕਾਮੀ ਕਾਰਨ ਪੈਦਾ ਹੋਏ ਖ਼ਲਾਅ ਕਰ ਕੇ ਹੀ ਅਜਿਹੇ ਤਤਾਂ ਦੀ ਜਿੱਤ ਹੋ ਸਕੀ ਹੈ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਆਲ ਕੀਤਾ ਕਿ ਉਨ੍ਹਾਂ ਨੇ ਟਕਸਾਲੀ ਅਕਾਲੀਆਂ ਨੂੰ ਨਜ਼ਰਅੰਦਾਜ ਕਿਉਂ ਕੀਤਾ। ਰੰਧਾਵਾ ਨੇ ਕਿਹਾ ਕਿ ਕਮਜ਼ੋਰ ਅਕਾਲੀ ਦਲ ਦਾ ਮਤਲਬ ਕਮਜ਼ੋਰ ਪੰਜਾਬ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਅਪਣੇ ਮੂਲ ਏਜੰਡੇ ’ਤੇ ਪਰਤਣਾ ਹੋਵੇਗਾ।
‘ਇੰਡੀਅਨ ਐਕਸਪ੍ਰੈਸ’ ਨੂੰ ਦਿਤੇ ਇੰਟਰਵਿਊ ’ਚ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਗਾਂਧੀ ਪ੍ਰਵਾਰ ਤੋਂ ਬਗ਼ੈਰ ਕਾਂਗਰਸ ਇਕਜੁਟ ਨਹੀਂ ਰਹਿ ਸਕਦੀ, ਉਸੇ ਤਰ੍ਹਾਂ ਬਾਦਲ ਪ੍ਰਵਾਰ ਤੋਂ ਬਿਨਾ ਅਕਾਲੀ ਦਲ ਦੀ ਇਕਜੁਟਤਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਕਾਂਗਰਸ ਹੋਰ ਵੀ ਬਿਹਤਰ ਪ੍ਰਦਰਸ਼ਨ ਕਰ ਸਕਦੀ ਸੀ ਤੇ ਕੁੱਲ 13 ਵਿਚੋਂ 11 ਸੀਟਾਂ ਜਿੱਤ ਸਕਦੀ ਸੀ ਪਰ ਪਾਰਟੀ ਕਾਰਕੁੰਨਾਂ ’ਚ ਆਤਮਵਿਸ਼ਵਾਸ ਦੀ ਘਾਟ ਕਾਰਨ ਪਾਰਟੀ ਸਿਰਫ਼ ਸੱਤ ਸੀਟਾਂ ਹੀ ਜਿਤ ਸਕੀ। ਰੰਧਾਵਾ ਨੇ ਕਾਂਗਰਸ ਦੀ ਵੋਟ ਫ਼ੀ ਸਦੀ ’ਚ ਆਈ ਗਿਰਾਵਟ ’ਤੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ 2019 ’ਚ ਪਾਰਟੀ ਨੂੰ 40.12 ਫ਼ੀ ਸਦੀ ਵੋਟਾਂ ਮਿਲੀਆਂ ਸਨ, ਜੋ ਇਸ ਵਾਰ ਘਟ ਕੇ 26.3 ਫ਼ੀ ਸਦੀ ਰਹਿ ਗਈਆਂ।