
Sukhjinder Randhawa Interview: ਗੁਰਦਾਸਪੁਰ ਤੋਂ ਐਮ.ਪੀ. ਬਣਨ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਪਹਿਲੀ ਇੰਟਰਵਿਊ
Gurdaspur MP Sukhjinder Singh Randhawa interview with rozana Spokesmantv : ਮੁਹਾਲੀ, 9 ਜੂਨ (ਗਗਨਦੀਪ ਕੌਰ): ਪੰਜਾਬ ਵਿਚ ਲੋਕ ਸੱਭ ਚੋਣਾਂ ਦੇ ਨਤੀਜਿਆਂ ਤੋਂ ਲਗਦਾ ਹੈ ਕਿ ਸਿਆਸਤ ਅਜੇ ਠੰਢੀ ਨਹੀਂ ਪਈ ਹੈ। ਨਤੀਜਿਆਂ ਨੇ ਸੱਭ ਨੂੰ ਹੈਰਾਨ ਕਰ ਦਿਤਾ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣਨ ਮਗਰੋਂ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ‘ਦਰਬਾਰ-ਏ-ਸਿਆਸਤ’ ਪ੍ਰੋਗਰਾਮ ਵਿਚ ਸੁਖਜਿੰਦਰ ਸਿੰਘ ਰੰਧਾਵਾ ਨਾਲ ਖ਼ਾਸ ਗੱਲਬਾਤ ਕੀਤੀ।
ਪੇਸ਼ ਹਨ ਉਨ੍ਹਾਂ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼:
ਸਵਾਲ - ਮੈਨੂੰ ਕਿਸੇ ਨੇ ਕਿਹਾ ਕਿ ਅੱਜਕੱਲ੍ਹ ਕਾਂਗਰਸ ਵਿਚ ਪੰਥਕ ਸੋਚ ਜ਼ਿਆਦਾ ਦਿਸਦੀ ਹੈ।
ਜਵਾਬ - ਕਾਂਗਰਸ ਦਾ ਚਿਹਰਾ ਹਮੇਸ਼ਾ ਹੀ ਪੰਥਕ ਰਿਹਾ ਹੈ। ਜੇ ਸੱਭ ਤੋਂ ਪਹਿਲਾਂ ਪੰਜਾਬ ਨੂੰ ਅੰਮ੍ਰਿਤਧਾਰੀ ਮੁੱਖ ਮੰਤਰੀ ਮਿਲਿਆ ਤਾਂ ਉਹ ਕਾਂਗਰਸ ਦੇ ਸਰਦਾਰ ਦਰਬਾਰਾ ਸਿੰਘ ਸਨ। ਅਕਾਲੀ ਦਲ ਦਾ ਅੱਜ ਤਕ ਕੋਈ ਅੰਮ੍ਰਿਤਧਾਰੀ ਮੁੱਖ ਮੰਤਰੀ ਨਹੀਂ ਬਣਿਆ, ਬਾਅਦ ਵਿਚ ਉਨ੍ਹਾਂ ਨੇ ਅੰਮ੍ਰਿਤ ਛਕ ਲਏ, ਉਹ ਬਾਅਦ ਦੀਆਂ ਗੱਲਾਂ ਹਨ। ਇਹ ਬਿਲਕੁਲ ਸਹੀ ਹੈ ਕਿ ਕਾਂਗਰਸ ਵਿਚ ਪੰਥਕ ਸੋਚ ਹੈ।
ਸਵਾਲ - ਕਾਂਗਰਸ ਤੋਂ ਪੁਰਾਣਾ ਦਾਗ ਉਤਰ ਨਹੀਂ ਰਿਹਾ?
ਜਵਾਬ - ਇਹੋ ਜਿਹੀ ਗੱਲ ਨਹੀਂ ਹੈ। ਅਸੀਂ ਵੀ ਸਾਰੇ ਕਾਂਗਰਸੀ ਹਾਂ। ਸਿੱਖ ਪੰਥ ਵਿਚ ਹਮੇਸ਼ਾ ਗਲਤੀ ਲਈ ਮੁਆਫ਼ੀ ਮੰਗਣਾ ਸ਼ਾਮਲ ਹੈ। ਗੁਰੂਆਂ ਤੇ ਪੰਥ ਨੇ ਗਲਤੀ ਲਈ ਮੁਆਫ ਕੀਤਾ ਹੈ। ਬਾਕੀ ਜੋ ਦਰਬਾਰ ਸਾਹਿਬ ’ਤੇ ਹਮਲਾ ਉਹ ਭੁੱਲਣਯੋਗ ਨਹੀਂ ਹੈ। ਸਿੱਖ ਕੌਮ ਲਈ ਇਹ ਬਹੁਤ ਦੁਖਦ ਘਟਨਾ ਸੀ ਤੇ ਹੈ। ਉਸ ਨੂੰ ਕੋਈ ਵੀ ਸਿੱਖ ਭੁੱਲ ਨਹੀਂ ਸਕਦਾ ਪਰ ਅਕਾਲੀ ਦਲ ਸਿਰਫ਼ ਚੋਣਾਂ ਵਿਚ ਇਸ ਮੁੱਦੇ ਨੂੰ ਚੁੱਕਦਾ ਰਿਹਾ ਤੇ ਆਪ ਜਦੋਂ ਇੰਨਾ ਸਮਾਂ ਸਰਕਾਰ ਵਿਚ ਰਹੇ ਉਦੋਂ ਕੀ ਕੀਤਾ। ਉਦੋਂ ਇਨਸਾਫ ਕਿਉਂ ਨਹੀਂ ਦਿਤਾ। ਧਰਮੀ ਫੌਜੀਆਂ ਦਾ ਕੀ ਕੀਤਾ। ਬਹਿਬਲ ਕਲਾਂ ਕਾਂਡ ਦਾ ਕੀ ਕੀਤਾ, ਬਰਗਾੜੀ ਮੋਰਚੇ ਦਾ ਕੀ ਕੀਤਾ? ਭਾਵਨਾਵਾਂ ਨਾਲ ਖੇਡਣ ਦੀ ਬਜਾਏ ਇਨਸਾਫ ਦਿਵਾਉਣਾ ਸੀ।
ਸਵਾਲ - 40 ਸਾਲਾਂ ਵਿਚ ਪੰਜਾਬ ਦੇ ਕੁੱਝ ਮੁੱਦੇ ਹਨ ਉਹ ਹੁਣ ਤਕ ਹੱਲ ਨਹੀਂ ਹੋਏ, ਜਿਵੇਂ ਪੰਜਾਬ ਦੇ ਪਾਣੀਆਂ ਦਾ ਮੁੱਦਾ, ਪੰਜਾਬ ਦੀ ਰਾਜਧਾਨੀ ਦਾ ਮੁੱਦਾ।
ਜਵਾਬ - ਇਸ ਬਾਰੇ ਮੇਰੇ ਨਾਲੋਂ ਵੱਧ ਤੁਹਾਡੇ ਪਿਤਾ ਜਾਣਦੇ ਹਨ।
ਸਵਾਲ - ਤੁਹਾਡੀ ਜਿੱਤ ਬਹੁਤ ਸ਼ਾਨਦਾਰ ਰਹੀ, ਪੰਜਾਬ ਦੇ ਲੋਕਾਂ ਨੇ ਬਹੁਤ ਵਿਸ਼ਵਾਸ਼ ਜਤਾਇਆ। ਹੁਣ ਗੁਰਦਾਸਪੁਰ ਦੇ ਲੋਕਾਂ ਲਈ ਕੀ ਕੰਮ ਕਰੋਗੇ?
ਜਵਾਬ - ਗੁਰਦਾਸਪੁਰ ਆਰਥਕ ਤੌਰ ’ਤੇ ਪਛੜਿਆ ਹੋਇਆ ਹੈ। ਜ਼ਮੀਨਾਂ ਬਹੁਤ ਘੱਟ ਹਨ। ਇੰਡਸਟਰੀ ਕੋਈ ਨਹੀਂ ਹੈ। ਮੈਡੀਕਲ ਕਾਲਜ ਨਹੀਂ ਹੈ। ਸੜਕਾਂ ਬਣਨ ਵਾਲੀਆਂ ਹਨ। ਕਈ ਇਲਾਕਿਆਂ ਵਿਚ ਪਾਣੀ ਦੀ ਸਹੂਲਤ ਨਹੀਂ ਹੈ। ਇਹ ਸਾਰੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਹੋਣਗੇ।
ਸਵਾਲ - ਪੰਜਾਬ ਦੇ ਚੋਣ ਨਤੀਜਿਆਂ ਤੋਂ ਲਗਦਾ ਹੈ ਕਿ ਪੰਜਾਬ ਵੰਡਿਆ ਗਿਆ ਹੈ?
ਜਵਾਬ - ਜੋ ਅਤਿਵਾਦ ਦੇ ਸਮੇਂ ਨਹੀਂ ਹੋ ਸਕਿਆ ਉਹ ਅਸੀਂ ਇਸ ਚੋਣਾਂ ਵਿਚ ਕਰ ਦਿਤਾ। ਇਸ ਦਾ ਬਹੁਤ ਵੱਡਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈਣਾ ਹੈ। ਪੰਜਾਬੀ ਬਹੁਤ ਸਿਆਣੇ ਹਨ। ਬਹੁਤ ਜਲਦੀ ਸਮਝ ਜਾਣਗੇ ਕਿ ਅਸੀਂ ਗਲਤ ਕੀਤਾ। ਪੰਜਾਬ ਵਿਚ ਹਿੰਦੂ, ਸਿੱਖ ਦੀ ਵੰਡ ਨੇ ਜੋ ਸਥਿਤੀ ਪੈਂਦਾ ਕੀਤੀ ਇਹ ਬਹੁਤ ਹੀ ਖਤਰਨਾਕ ਹੈ। ਕੋਈ ਕਹਿੰਦਾ ਮੈਨੂੰ ਹਿੰਦੂ ਹੋਣ ਕਰ ਕੇ ਇਹ ਨਹੀਂ ਬਣਾਇਆ, ਕੋਈ ਕਹਿੰਦਾ ਮੈਨੂੰ ਉਵੇਂ ਕਿਉਂ ਨਹੀਂ ਕੀਤਾ ਪਰ ਪਹਿਲਾਂ ਇਹ ਸੋਚੋ ਪੰਜਾਬ ਨੂੰ ਬਚਾਉਣਾ ਕਿਵੇਂ ਹੈ। ਅਸੀਂ ਬਾਰਡਰ ’ਤੇ ਬੈਠੇ ਹਾਂ। ਪਾਕਿਸਤਾਨ ਸਾਡੇ ’ਤੇ ਬਹੁਤ ਗੰਦੀ ਨਜ਼ਰ ਰੱਖਦਾ ਹੈ। ਉਸ ਬਾਰੇ ਤਾਂ ਅਸੀਂ ਅੱਜ ਤਕ ਨਹੀਂ ਕੁੱਝ ਬੋਲੇ। ਕਿਸਾਨਾਂ ਦਾ ਕੀ ਕਸੂਰ ਹੈ। ਉਨ੍ਹਾਂ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਕਿਸਾਨਾਂ ਦੀਆਂ ਮੰਗਾਂ ਸੁਣ ਤਾਂ ਲੈਣੀਆਂ ਚਾਹੀਦੀਆਂ ਹਨ। ਇਹ ਤਾਂ ਉਨ੍ਹਾਂ ਨੂੰ ਮਿਲਣ ਲਈ ਤਿਆਰ ਨਹੀਂ।
ਸਵਾਲ - ਬੈਠਕਾਂ ਹੋਈਆਂ ਪਰ ਹੱਲ ਨਹੀਂ ਹੋਇਆ?
ਜਵਾਬ - ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਬੈਠਕਾਂ ਹੋਈਆਂ। ਪੀਯੂਸ਼ ਗੋਇਲ ਜਿਵੇਂ ਬੋਲਦੇ ਹਨ, ਕੋਈ ਵੀ ਉਨ੍ਹਾਂ ਦੀ ਗੱਲ ਨਹੀਂ ਸੁਣ ਸਕਦਾ। ਅਸੀਂ ਅਪਣੀ ਸਰਕਾਰ ਵੇਲੇ ਕਿਸਾਨਾਂ ਨਾਲ ਗੱਲਬਾਤ ਕਰਦੇ ਰਹੇ ਹਾਂ।
ਸਵਾਲ - ਚੋਣਾਂ ਵਿਚ 'ਆਪ' ਤੇ ਕਾਂਗਰਸ ਦੇ ਨਾਲ ਭਾਜਪਾ ਵੀ ਅੱਗੇ ਆਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘਾ ਖੁਲਵਾਇਆ ਹੈ। ਇਸ ਤੋਂ ਲਗਦਾ ਹੈ ਕਿ ਪ੍ਰਧਾਨ ਮੰਤਰੀ ਸਿੱਖਾਂ ਦੇ ਵਿਰੁਧ ਨਹੀਂ ਹਨ ਤਾਂ ਸਿੱਖਾਂ ਦੀ ਵੋਟ ਉਧਰ ਗਈ ਹੈ?
ਜਵਾਬ - ਸਰਕਾਰਾਂ ਵਿਚ ਵਿਕਾਸ ਕਾਰਜਾਂ ਨੂੰ ਲੈ ਕੇ ਗੱਲਬਾਤ ਚੱਲਦੀ ਰਹਿੰਦੀ ਹੈ ਪਰ ਕਰਤਾਰਪੁਰ ਲਾਂਘੇ ਲਈ ਤਾਂ 2004 ਵਿਚ ਹੀ ਗੱਲਬਾਤ ਚੱਲ ਪਈ ਸੀ। ਕੋਈ ਇਕ ਇਸ ਦਾ ਸਿਹਰਾ ਨਹੀਂ ਲੈ ਸਕਦਾ।
ਸਵਾਲ - ਅੰਤ ਵਿਚ ਤਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਲਾਂਘਾ ਖੁਲਿਆ।
ਜਵਾਬ - 1947 ਤੋਂ ਲੈ ਕੇ 2004 ਤਕ ਗੁਰਦੁਆਰਾ ਸਾਹਿਬ ਬੰਦ ਸੀ। 1947 ਤੋਂ ਬਾਅਦ 2004 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕੰਮ ਸ਼ੁਰੂ ਕਰਵਾਇਆ ਤੇ ਉਹ ਸੰਗਤਾਂ ਦੇ ਦਰਸ਼ਨਾਂ ਲ਼ਈ ਖੁੱਲਿਆ।
ਸਵਾਲ- ਅੱਜ ਪੰਜਾਬ ਦੀ ਪੰਥਕ ਪਾਰਟੀ ਅਕਾਲੀ ਦਲ 13 ਫੀ ਸਦੀ ’ਤੇ ਰਹਿ ਗਈ ਜਦੋਂਕਿ ਭਾਜਪਾ 18 ਫੀ ਸਦੀ ਤਕ ਪਹੁੰਚ ਗਈ। ਇਸ ਦਾ ਮਤਲਬ ਅੱਜ ਹਿੰਦੂ ਨਹੀਂ ਸਿੱਖ ਵੀ ਸੋਚਦੇ ਹਨ ਕਿ ਭਾਜਪਾ ਸਾਡੇ ਲਈ ਵਧੀਆ ਚੋਣ ਹੈ।
ਜਵਾਬ - ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਤਾਂ ਪੰਜਾਬੀ ਸਿਰਫ ਪੰਜਾਬ ਬਾਰੇ ਹੀ ਸੋਚਣਗੇ।
ਸਵਾਲ - ਤੁਸੀਂ ਕਹਿੰਦੇ ਇਹ ਵੋਟ ਸਿਰਫ ਪ੍ਰਧਾਨ ਮੰਤਰੀ ਮੋਦੀ ਕਰ ਕੇ ਪਈ ਸਥਾਨਕ ਮੁੱਦਿਆਂ ਕਰ ਕੇ ਨਹੀ?
ਜਵਾਬ - ਹਿੰਦੂ-ਸਿੱਖ ਪਾੜੇ ਕਰ ਕੇ ਵੋਟ ਪਈ। ਕਿਸਾਨਾਂ ਵਲੋਂ ਜੋ ਭਾਜਪਾ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿਤਾ ਗਿਆ ਉਸ ਨਾਲ ਹਿੰਦੂ ਇਕ ਸਾਈਡ ਖੜਾ ਹੋ ਗਿਆ।
ਸਵਾਲ - ਭਾਜਪਾ ਦੇ ਵਾਧੇ ਵਿਚ ਕਾਂਗਰਸ ਦਾ ਵੱਡਾ ਹੱਥ ਹੈ ਕਿਉਂਕਿ ਜ਼ਿਆਦਾਤਰ ਕਾਂਗਰਸੀ ਭਾਜਪਾ ਵਿਚ ਸ਼ਾਮਲ ਹਨ।
ਜਵਾਬ - ਪੰਜਾਬ ਭਾਜਪਾ ਮੁਕਤ ਹੈ। ਵੇਖੋ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਗਏ ਕਿੰਨੀ ਬੁਰੀ ਤਰ੍ਹਾਂ ਹਾਰੇ। ਰਵਨੀਤ ਬਿੱਟੂ ਬੁਰੀ ਤਰ੍ਹਾਂ ਹਾਰੇ। ਲੋਕਾਂ ਨੇ ਇਨ੍ਹਾਂ ਨੂੰ ਮੂੰਹ ਨਹੀਂ ਲਗਾਇਆ।
ਸਵਾਲ - ਹੁਣ ਤੁਸੀਂ ਵੀ ਲੁਧਿਆਣੇ ਵਿਚ ਜਿਨ੍ਹਾਂ ’ਤੇ ਜਬਰ ਜਨਾਹ ਦਾ ਕੇਸ ਹੈ, ਉਨ੍ਹਾਂ ਨੂੰ ਅਪਣੀ ਪਾਰਟੀ ਵਿਚ ਸ਼ਾਮਲ ਕੀਤਾ ਹੀ ਹੈ।
ਜਵਾਬ - ਪਰ ਉਹ ਅਦਾਲਤ ਵਿਚ ਪੱਖ ਸਾਫ ਹੋ ਗਏ ਹਨ। ਪਰ ਮੈਨੂੰ ਇਕ ਜ਼ਰੂਰ ਅਫਸੋਸ ਰਹੇਗਾ ਕਿ ਜਿਹੜਾ ਕਹਿੰਦਾ ਮੈਨੂੰ ਹਿੰਦੂ ਕਰ ਕੇ ਮੁੱਖ ਮੰਤਰੀ ਨਹੀਂ ਬਣਾਇਆ ਤੇ ਮੈਨੂੰ ਸਾਰੇ ਕਹਿੰਦੇ ਮੈਂ ਹਿੰਦੂ ਸੀਟ ਤੋਂ ਹਾਰਾਂਗਾ ਪਰ ਮੈਨੂੰ ਮਜ਼ਾ ਉਦੋਂ ਆਉਣਾ ਸੀ ਜਦੋਂ ਸੁਨੀਲ ਜਾਖੜ ਮੇਰੇ ਸਾਹਮਣੇ ਲੜਦਾ ਤੇ ਮੈਂ ਇਸ ਨੂੰ ਬੁਰੀ ਤਰ੍ਹਾਂ ਹਰਾਉਂਦਾ।
ਸਵਾਲ - ਕਾਂਗਰਸੀ ਆਪਸ ਵਿਚ ਲੜ ਕੇ ਜ਼ਿਆਦਾ ਖੁਸ਼ ਰਹਿੰਦੇ ਹਨ?
ਜਵਾਬ - ਕਿਹੜੇ ਕਾਂਗਰਸੀ, ਉਹ ਕਾਂਗਰਸੀ ਨਹੀਂ ਹਨ। ਗੁਰਦਾਸਪੁਰ ਵਿਚ ਪਹਿਲੀ ਵਾਰ ਕਾਂਗਰਸ ਇਕਜੁਠ ਹੋ ਕੇ ਲੜੀ ਹੈ। ਸਾਡੇ ਪ੍ਰਧਾਨ ਰਾਹੁਲ ਗਾਂਧੀ ਮੁੱਦਿਆਂ ’ਤੇ ਹੀ ਗੱਲ ਕਰਦੇ ਹਨ। ਉਹ ਇੱਧਰ ਉਧਰ ਦੀ ਗੱਲ ਨਹੀਂ ਕਰਦੇ।
ਸਵਾਲ- ਅੱਜ ਅੰਸਾਰੀ ਜਾਂ ਲਾਰੈਂਸ ਦੀ ਇੰਟਰਵਿਊ ਰਾਜਸਥਾਨ ਵਿਚ ਕਰਵਾਉਣ ਦਾ ਮੁੱਦਾ ਹੋਵੇ, ਇਹ ਮਾਮਲਾ ਤੁਹਾਡੇ ਨਾਲ ਜੁੜਿਆ ਹੋਇਆ ਹੈ।
ਜਵਾਬ - ਜਿਹੜੀ ਅੰਸਾਰੀ ਵਾਲੀ ਗੱਲ ਹੈ ਇਕ ਸਾਲ ਹੋ ਗਿਆ ਫਿਰ ਕਿਉਂ ਨਹੀਂ ਮੁੱਖ ਮੰਤਰੀ ਨੇ ਮੇਰੇ ਤੋਂ ਰਿਕਵਰੀ ਕੀਤੀ?
ਸਵਾਲ - ਚੁਨੌਤੀ ਦੇ ਰਹੇ ਹੋ?
ਜਵਾਬ - ਮੈਨੂੰ ਨੋਟਿਸ ਦੇਣ ਮੈਂ ਜਵਾਬ ਦੇਵਾਂਗਾ। ਜਿਹੜੇ ਮੁੱਖ ਮੰਤਰੀ ਨੇ ਬਾਹਰੋਂ ਵਕੀਲ ਕੀਤੇ ਉਸ ਦਾ ਵੀ ਜਵਾਬ ਦੇਵਾਂਗੇ।
ਸਵਾਲ - ਗੈਂਗਸਟਰ ਕਿਉਂ ਜੇਲਾਂ ਵਿਚ ਬੈਠੇ ਤਾਕਤਵਾਰ ਹੋ ਗਏ। ਭਾਵੇਂ ਉਹ ਪੰਜਾਬ ਦੀ ਜੇਲ ਹੋਵੇ ਜਾਂ ਤਿਹਾੜ ਜੇਲ ਹੋਵੇ?
ਜਵਾਬ - ਮੇਰੀ ਵੋਟਾਂ ਵੇਲੇ ਤਿਹਾੜ ਜੇਲ ਵਿਚੋਂ 24 ਘੰਟੇ ਵੀਡੀਉ ਕਾਲ ਆਉਂਦੀ ਰਹੀ। ਮੈਂ ਸ਼ਿਕਾਇਤ ਵੀ ਕੀਤੀ ਸੀ। ਤੁਸੀਂ ਇਹ ਛੱਡੋ ਜੱਗੂ ਭਗਵਾਨਪੁਰੀਆਂ ਪਤਾ ਨਹੀਂ ਕਿਹੜੀ ਜੇਲ ਵਿਚ ਬੰਦ ਹੈ। ਉਸ ਦੇ ਹੁਣ ਵੀ ਮੇਰੀਆਂ ਵੋਟਾਂ ਵਿਚ ਫੋਨ ਆਏ। ਉਹ ਸਾਨੂੰ ਬੂਥ ਨਹੀਂ ਲਾਉਣ ਦਿੰਦੇ ਸਨ। ਜਿਹੜੀ ਲਾਰੈਂਸ ਬਿਸ਼ਨੋਈ ਦੀ ਜੈਪੁਰ ਦੀ ਜੇਲ ਵਿਚ ਇੰਟਰਵਿਊ ਹੋਈ ਉਸ ਬਾਰੇ ਮੁੱਖ ਮੰਤਰੀ ਕਿਉਂ ਨਹੀਂ ਬੋਲ ਰਹੇ।
ਸਵਾਲ - ਸਿਆਸਤ, ਗੈਂਗਸਟਰ, ਡਰਾ-ਧਮਕਾ ਇਹ ਸਿਸਟਮ ਬਦਲੇਗਾ?
ਜਵਾਬ - ਜਿੰਨਾ ਨਸ਼ਾ ਹੁਣ ਦੀ ਸਰਕਾਰ ਵੇਲੇ ਵਧਿਆ ਓਨਾ ਕਦੇ ਨਹੀਂ ਵਧਿਆ।
ਸਵਾਲ - ਤੁਹਾਡੇ ਰਾਜ ਵਿਚ ਸ਼ੁਰੂ ਹੋ ਚੁਕਿਆ ਸੀ?
ਜਵਾਬ - ਤੇ ਜਿਹੜੇ ਇਹ ਕਹਿੰਦੇ ਸੀ ਅਸੀਂ ਚੁਟਕੀ ਵਿਚ ਫੜ ਲਵਾਂਗੇ ਕਿਉਂ ਨਹੀਂ ਫੜਦੇ।
ਸਵਾਲ - ਤੁਹਾਡੀ ਸਰਕਾਰ ਨੇ ਵੀ ਨਸ਼ਾ ਖਤਮ ਕਰਨ ਬਾਰੇ ਕਿਹਾ ਸੀ ਪਰ ਸਿਸਟਮ ਹੋਰ ਤਾਕਤਵਾਰ ਹੋ ਰਿਹਾ।
ਜਵਾਬ - ਜਿੰਨਾ ਚਿਰ ਮੁੱਖ ਮੰਤਰੀ ਨਹੀਂ ਚਾਹੁੰਦਾ ਤਾਂ ਨਸ਼ਾ ਖਤਮ ਨਹੀਂ ਹੋ ਸਕਦਾ ਤੇ ਜੇ ਮੁੱਖ ਮੰਤਰੀ ਚਾਹੇ ਤਾਂ ਇਕ ਦਿਨ ਵਿਚ ਨਸ਼ਾ ਖਤਮ ਹੋ ਜਾਵੇਗਾ।
ਸਵਾਲ - ਆਉਣ ਵਾਲਾ ਸਮਾਂ ਕੀ ਹੋਵੇਗਾ?
ਜਵਾਬ - ਆਉਣ ਵਾਲਾ ਸਮਾਂ ਪੰਜਾਬ ਲਈ ਹੋਰ ਖਤਰਨਾਕ ਹੋਵੇਗਾ। ਪਾਕਿ ਕਦੇ ਵੀ ਨਹੀਂ ਚਾਹੇਗਾ ਕਿ ਪੰਜਾਬ ਸਥਿਰ ਰਹੇ। ਪੰਜਾਬ ਵਿਚ ਰੋਜ਼ ਡਰੋਨ ਬਰਾਮਦ ਹੋ ਰਹੇ ਹਨ।
ਸਵਾਲ - ਕੰਗਨਾ ਰਣੌਤ ਪੰਜਾਬ ਬਾਰੇ ਗਲਤ ਬੋਲ ਰਹੀ ਹੈ। ਪੰਜਾਬ ਦੀ ਛਵੀ ’ਤੇ ਦਾਗ ਲਗਾਇਆ ਜਾ ਰਿਹਾ ਹੈ।
ਜਵਾਬ - ਕੁਲਵਿੰਦਰ ਕੌਰ ਦੀਆਂ ਭਾਵਨਾਵਾਂ ਸੀ ਕਿਉਂਕਿ ਕੋਈ ਵੀ ਮਾਂ ਦੀ ਬੇਇਜ਼ਤੀ ਨਹੀਂ ਸਹਿਣ ਨਹੀਂ ਕਰ ਸਕਦਾ ਪਰ ਜਿਥੇ ਪੰਜਾਬ, ਪੰਜਾਬੀਅਤ, ਸਿੱਖੀ ਦੀ ਗੱਲ ਆ ਜਾਵੇ ਉਥੇ ਗੁੱਸਾ ਆ ਜਾਂਦਾ। ਪਰ ਮੈਂ ਕੰਗਨਾ ਰਣੌਤ ਨੂੰ ਕਹਿਣਾ ਚਾਹੁੰਦਾ ਕਿ ਜੇ ਦੇਸ਼ ਨੂੰ ਅਜ਼ਾਦੀ ਮਿਲੀ ਤਾਂ ਪੰਜਾਬੀਆਂ ਕਰ ਕੇ ਹੀ ਮਿਲੀ ਹੈ। ਜੇ ਹਿੰਦੁਸਤਾਨ ਵਿਚ ਅੱਜ ਅਸੀਂ ਸਾਹ ਲੈ ਰਹੇ ਹਾਂ ਤਾਂ ਉਹ ਪੰਜਾਬ ਕਰ ਕੇ ਹੀ ਲੈ ਰਹੇ ਹਾਂ। ਉਹ ਤਾਂ ਮਹਾਮਤਾ ਗਾਂਧੀ ਨੂੰ ਵੀ ਮਾੜਾ ਬੋਲ ਗਈ।
ਸਵਾਲ - ਪਰ ਜਿੱਤ ਤਾਂ ਗਈ।
ਜਵਾਬ - ਬਦਕਿਸਮਤੀ ਹੈ ਸਾਡੀ।
ਸਵਾਲ - ਹੁਣ ਉਹ ਸਾਡੇ ਵਿਰੁਧ ਹੋਰ ਗਲਤ ਬੋਲੇਗੀ?
ਜਵਾਬ - ਕਿਉਂ ਬੋਲੇਗੀ ਅਸੀਂ ਮਰੇ ਹਾਂ? ਅੰਦਰ ਬੈਠ ਕੇ ਜ਼ੁਬਾਨ ਬੰਦ ਕਰਾਂਗੇ। ਸਾਡੇ ਵਿਚ ਵੀ ਪੰਜਾਬੀਅਤ ਦਾ ਖੂਨ ਹੈ। ਇਹ ਪੰਜਾਬ ਵਿਰੁਧ ਨਹੀਂ ਬੋਲ ਸਕਦੇ।
ਸਵਾਲ - ਅਕਾਲੀ ਦਲ ਦਾ ਜੋ ਹਾਲ ਹੁਣ ਹੋ ਗਿਆ ਉਸ ਬਾਰੇ ਕੀ ਕਹੋਗੇ?
ਜਵਾਬ - ਅਕਾਲੀ ਦਲ ਤੇ ‘ਆਪ‘ ਰਲੇ ਹੋਏ ਹਨ ਇਨ੍ਹਾਂ ਨੇ ਰਲ ਕੇ ਚੋਣਾਂ ਲੜੀਆਂ। ਮੈਂ ਦਾਅਵਾ ਕਰਦਾ ਹਾਂ ਕਿ ਮੁੱਖ ਮੰਤਰੀ ਬਿਕਰਮ ਮਜੀਠੀਆ ਨੂੰ ਕਲੀਨ ਚਿੱਟ ਦੇਵੇਗਾ। ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਲਈ ਕੰਮ ਕਰੋ, ਸਟੇਜ ਵਾਲਾ ਕੰਮ ਛੱਡੋ। ਹੁਣ ਅਸੀਂ ਸੰਸਦ ਵਿਚ ਅਸੀਂ ਪੰਜਾਬ ਦੇ ਮੁੱਦੇ ਚੁੱਕਾਂਗੇ। ਪੰਜਾਬ ਦੇ ਹੱਕਾਂ ਲਈ ਗੱਲ ਕਰਾਂਗੇ।