
ਚਰਚਾ ਕਿ ਮੋਦੀ ਦੀ ਰਜ਼ਾਮੰਦੀ ਨਾਲ 'ਬਨਵਾਸ' ਮੰਜ਼ੂਰ ਕੀਤਾ!
ਚੰਡੀਗੜ੍ਹ : ਕਰੀਬ ਪਿਛਲੇ 25 ਸਾਲਾਂ ਤੋਂ ਅਕਾਲੀ-ਭਾਜਪਾ ਗਠਜੋੜ ਚਲਦਾ ਆ ਰਿਹਾ ਹੈ ਤੇ ਕਈ ਵਾਰ ਦੋਹਾਂ ਪਾਰਟੀਆਂ ਵਿਚਕਾਰ ਖਟਾਸ ਵੀ ਆਈ ਪਰ ਵੱਡੇ ਬਾਦਲ ਵਿਚਕਾਰ ਪੈ ਕੇ ਮਾਮਲਾ ਸੁਲਝਾ ਲੈਂਦੇ ਸਨ ਪਰ ਜਦੋਂ ਦੇ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ, ਉਦੋਂ ਤੋਂ ਭਾਜਪਾ ਲੀਡਰਸ਼ਿਪ ਲਗਾਤਾਰ ਅਕਾਲੀ ਦਲ ਤੋਂ ਦੂਰੀ ਬਣਾ ਕੇ ਚਲਦੀ ਆ ਰਹੀ ਹੈ।
Sukhbir Badal, Harsimrat Kaur Badal
ਪਹਿਲਾਂ-ਪਹਿਲਾਂ ਤਾਂ ਇਹ ਨਾਰਾਜ਼ਗੀ ਸਥਾਨਕ ਲੀਡਰਸ਼ਿਪ ਦੀ ਹੁੰਦੀ ਸੀ ਤੇ ਭਾਜਪਾ ਦੇ ਕੇਂਦਰੀ ਆਗੂ ਪੰਜਾਬ ਦੇ ਆਗੂਆਂ ਨੂੰ ਚੁੱਪ ਕਰਵਾ ਦਿੰਦੇ ਸਨ। ਹੌਲੀ-ਹੌਲੀ ਪੰਜਾਬ ਭਾਜਪਾ ਦੇ ਆਗੂਆਂ ਨੇ ਅਕਾਲੀ ਦਲ ਨੂੰ ਸਿੱਧੇ ਤੌਰ 'ਤੇ ਚੈਂਲੇਜ ਕਰਨਾ ਸ਼ੁਰੂ ਕਰ ਦਿਤਾ ਕਿ ਉਹ ਹੁਣ ਵੱਡੇ ਭਾਈ ਵਾਲੀ ਭੁਮਿਕਾ ਨਿਭਾਉਣਗੇ ਤੇ 59 ਸੀਟਾਂ 'ਤੇ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ। ਭਾਜਪਾ ਦੀ ਇਸ ਮੰਗ 'ਤੇ ਅਕਾਲੀ ਦਲ ਦੇ ਦੋ ਨੰਬਰ ਦੇ ਆਗੂ ਤੜਫ਼ਦੇ ਵੀ ਦੇਖੇ ਗਏ ਪਰ ਹਰਸਿਮਰਤ ਕੌਰ ਦੇ ਕੇਂਦਰੀ ਵਜ਼ਾਰਤ 'ਚ ਹੋਣ ਕਰ ਕੇ ਉਨ੍ਹਾਂ ਨੂੰ ਚੁੱਪ ਕਰਵਾ ਦਿਤਾ ਜਾਂਦਾ।
Harsimrat Kaur Badal
ਖੇਤੀਬਾੜੀ ਆਰਡੀਨੈਂਸਾਂ ਸਬੰਧੀ ਬਿਲਾਂ ਨੂੰ ਲੈ ਕੇ ਜਿਸ ਵੇਲੇ ਮਸਲਾ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਤੇ ਕਿਸਾਨ ਜਥੇਬੰਦੀਆਂ ਬਾਦਲ ਪਰਵਾਰ ਨੂੰ ਭਾਜਪਾ ਦੇ ਬਰਾਬਰ ਦਾ ਜ਼ਿੰਮੇਵਾਰ ਮੰਨ ਰਹੀਆਂ ਸਨ ਤਾਂ ਬੀਤੇ ਕੁੱਝ ਦਿਨਾਂ ਤੋਂ ਅਕਾਲੀ ਦਲ ਦੁਚਿੱਤੀ ਸੀ ਕਿਉਂਕਿ ਉਸ ਨੂੰ ਸਮਝ ਆ ਗਈ ਸੀ ਕਿ ਉਸ ਦੀ ਪੇਂਡੂ ਖੇਤਰਾਂ ਦੀ ਵੋਟ ਬਿਲਕੁੱਲ ਖ਼ਤਮ ਹੋ ਗਈ ਹੈ।
Harsimrat Kaur Badal
ਅਚਾਨਕ ਅਕਾਲੀ ਆਗੂਆਂ ਨੇ 'ਸਿੱਖਾਂ ਦੀ ਪਾਰਟੀ' ਕਹਿੰਦਿਆਂ-ਕਹਿੰਦਿਆਂ 'ਕਿਸਾਨਾਂ ਦੀ ਪਾਰਟੀ' ਕਹਿਣਾ ਸ਼ੁਰੁ ਕਰ ਦਿਤਾ ਤੇ ਅਗਲੇ ਦਿਨ ਕੇਂਦਰੀ ਵਜ਼ਾਰਤ ਤੋਂ ਹਰਸਿਮਰਤ ਕੌਰ ਬਾਦਲ ਅਸਤੀਫ਼ਾ ਦਿਵਾ ਦਿਤਾ। ਇਥੇ ਇਕ ਗੱਲ ਹੋਰ ਸਾਹਮਣੇ ਆਈ ਕਿ ਹਰਸਿਮਰਤ ਦਾ ਅਸਤੀਫ਼ਾ ਤੁਰਤ ਮਨਜ਼ੂਰ ਕਰ ਲਿਆ ਗਿਆ ਤੇ ਭਾਜਪਾ ਦੇ ਕਿਸੇ ਆਗੂ ਨੇ ਅਕਾਲੀ ਦਲ ਨਾਲ ਗੱਲ ਕਰਨੀ ਵੀ ਮੁਨਾਸਬ ਨਹੀਂ ਸਮਝੀ।
ਜਿਵੇਂ ਹੀ ਇਹ ਗੱਲ ਅਕਾਲੀ ਆਗੂਆਂ ਨੂੰ ਪਤਾ ਲੱਗੀ ਕਿ ਭਾਜਪਾ ਆਗੂਆਂ ਨੇ ਸਾਡੀ ਬਾਤ ਹੀ ਨਹੀਂ ਪੁੱਛੀ ਤਾਂ ਉਨ੍ਹਾਂ ਵੀ ਬਿਆਨ ਦੇਣੇ ਸ਼ੁਰੂ ਕਰ ਦਿਤੇ। ਅਕਾਲੀ ਦਲ ਦੇ ਸਾਂਸਦ ਬਲਵਿੰਦਰ ਸਿੰਘ ਭੂੰਦੜ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਉਤੇ ਕਿਹਾ ਕਿ ਪਾਰਟੀ ਲੋਕਾਂ ਦੇ ਲਈ ਹੈ ਅਤੇ ਅਕਾਲੀ ਦਲ ਨੇ ਪਹਿਲਾਂ ਅੰਗਰੇਜ਼ੀ ਹਕੂਮਤ ਦਾ ਵਿਰੋਧ ਕੀਤਾ ਸੀ।
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦਾ ਹੱਕ ਲਈ ਲੜਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਅਤੇ ਕਿਸਾਨਾਂ ਦੇ ਸਮਰਥਨ ਵਿਚ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦਿਤਾ ਹੈ। ਭੂੰਦੜ ਨੇ ਕਿਹਾ ਹੈ ਕਿ ਐਨ ਡੀ ਏ ਨਾਲ ਗਠਜੋੜ ਉਤੇ ਪਾਰਟੀ ਵਿਚਾਰ ਕਰ ਰਹੀ ਹੈ ਅਤੇ ਨਾਲ ਹੀ ਕਿਹਾ ਕਿ ਅਕਾਲੀ ਦਲ ਨੂੰ ਭਾਜਪਾ ਦੀ ਬੈਸਾਖੀ ਦੀ ਜ਼ਰੂਰਤ ਨਹੀਂ ਹੈ।