
ਚੇਅਰਮੈਨ ਨੇ ਦੋਹਾਂ ਆਗੂਆਂ ਨੂੰ ਅਪਣੇ ਦਾਅਵਿਆਂ ਦੇ ਸਬੂਤ ਪੇਸ਼ ਕਰਨ ਦੇ ਹੁਕਮ ਦਿਤੇ
ਵਿਰੋਧੀ ਧਿਰ ਦੇ ਆਗੂ ਨੇ ਸਰਕਾਰ ’ਤੇ ਜੀ.ਐੱਸ.ਟੀ. ਸਮੇਤ ਵੱਖੋ-ਵੱਖ ਗ੍ਰਾਂਟਾਂ ਦਾ ਭੁਗਤਾਨ ਸਮੇਂ ਸਿਰ ਨਾ ਕਰਨ ਦਾ ਦੋਸ਼ ਲਾਇਆ
ਕਿਸੇ ਵੀ ਸੂਬੇ ਦਾ ਜੀ.ਐੱਸ.ਟੀ. ਪੈਸਾ ਕੇਂਦਰ ’ਤੇ ਬਕਾਇਆ ਨਹੀਂ : ਵਿੱਤ ਮੰਤਰੀ
ਨਵੀਂ ਦਿੱਲੀ: ਨਵੇਂ ਸੰਸਦ ਭਵਨ ’ਚ ਰਾਜ ਸਭਾ ਦੀ ਪਹਿਲੀ ਬੈਠਕ ਦੌਰਾਨ ਹੀ ਮੰਗਲਵਾਰ ਨੂੰ ਉਸ ਸਮੇਂ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਿਚਕਾਰ ਤਿੱਖੀ ਬਹਿਸ ਹੋ ਗਈ ਜਦੋਂ ਖੜਗੇ ਨੇ ਦਾਅਵਾ ਕੀਤਾ ਕਿ ਸੂਬਿਆਂ ਨੂੰ ਜੀ.ਐੱਸ.ਟੀ. ਦੀ ਰਕਮ ਸਮੇਂ ਸਿਰ ਨਹੀਂ ਮਿਲ ਰਹੀ ਹੈ। ਇਸ ਦਾ ਵਿਰੋਧ ਕਰਦਿਆਂ ਵਿੱਤ ਮੰਤਰੀ ਸੀਤਾਰਮਣ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਕੋਈ ਜੀ.ਐੱਸ.ਟੀ. ਰਕਮ ਬਕਾਇਆ ਨਹੀਂ ਹੈ।
ਖੜਗੇ ਨੇ ਕਿਹਾ ਕਿ ਕੁਝ ਸੂਬਿਆਂ ਨੂੰ ਜੀ.ਐੱਸ.ਟੀ., ਮਨਰੇਗਾ, ਖੇਤੀ, ਸਿੰਜਾਈ ਸਮੇਤ ਵੱਖੋ-ਵੱਖ ਪ੍ਰੋਗਰਾਮਾਂ ਦੀ ਗ੍ਰਾਂਟ ਰਕਮ ਸਮੇਂ ਸਿਰ ਨਹੀਂ ਮਿਲਦੀ ਹੈ। ਉਨ੍ਹਾਂ ਸਰਕਾਰ ਦੀ ਨੀਤ ’ਤੇ ਸਵਾਲ ਕਰਦਿਆਂ ਕਿਹਾ ਕਿ ਕੀ ਇਸ ਨਾਲ ਅਜਿਹੇ ਸੂਬੇ ਕਮਜ਼ੋਰ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਲੋਕਤੰਤਰ ਦੀ ਸਿਰਫ਼ ਗੱਲ ਕਰਦੀ ਹੈ ਪਰ ਕਈ ਸੂਬਿਆਂ ’ਚ ਲੋਕਤੰਤਰ ਤਰੀਕੇ ਨਾਲ ਚੁਣੀਆਂ ਗਈਆਂ ਸਰਕਾਰਾਂ ਨੂੰ ਉਸ ਨੇ ਡੇਗ ਦਿਤਾ।
ਵਿੱਤ ਮੰਤਰੀ ਸੀਤਾਰਮਣ ਨੇ ਖੜਗੇ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਬਿਆਨ ਤੱਥ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਉਧਾਰ ਲੈ ਕੇ ਸੂਬਿਆਂ ਨੂੰ ਜੀ.ਐੱਸ.ਟੀ਼ ਦਾ ਭੁਗਤਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਹਰ ਵਾਰੀ ਇਕ-ਦੋ ਮਹੀਨੇ ਐਡਵਾਂਸ ’ਚ ਵੀ ਜੀ.ਐੱਸ.ਟੀ਼ ਦਾ ਭੁਗਤਾਨ ਕੀਤਾ ਗਿਆ। ਉਨ੍ਹਾਂ ਜ਼ੋਰ ਦਿਤਾ ਕਿ ਕਿਸੇ ਵੀ ਸੂਬੇ ਦਾ ਕੋਈ ਵੀ ਜੀ.ਐੱਸ.ਟੀ. ਪੈਸਾ ਕੇਂਦਰ ’ਤੇ ਬਕਾਇਆ ਨਹੀਂ ਹੈ।
ਇਸ ਮੁੱਦ ’ਤੇ ਦੋਹਾਂ ਧਿਰਾਂ ਵਿਚਕਾਰ ਬਹਿਸ ਤੋਂ ਬਾਅਦ ਚੇਅਰਮੈਨ ਜਗਦੀਪ ਧਨਖੜ ਨੇ ਦੋਹਾਂ ਆਗੂਆਂ ਨੂੰ ਅਪਣੇ ਬਿਆਨਾਂ ਨੂੰ ਸਾਬਤ ਕਰਨ ਦਾ ਹੁਕਮ ਦਿਤਾ ਅਤੇ ਕਿਹਾ ਕਿ ਉਹ ਅੱਜ ਹੀ ਅਪਣੇ ਦਾਅਵਿਆਂ ਦੇ ਹੱਕ ’ਚ ਸਬੰਧਤ ਦਸਤਾਵੇਜ਼ ਸਦਨ ’ਚ ਪੇਸ਼ ਕਰਨਗੇ।